ਖੰਨਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਖੇਡਾਂ ’ਚ ਕੀਤੇ ਤਮਗੇ ਹਾਸਲ
Tuesday, Oct 30, 2018 - 12:25 PM (IST)

ਖੰਨਾ (ਸੁਖਵਿੰਦਰ ਕੌਰ) : ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਸਕੂਲੀ ਵਿਦਿਆਰਥੀਆਂ ਦੇ ਜ਼ਿਲਾ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਖੰਨਾ ਪਬਲਿਕ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰ ਕੇ ਅਨੇਕਾਂ ਮੱਲਾਂ ਮਾਰੀਆਂ ਹਨ। ਪ੍ਰਿੰਸੀਪਲ ਅੰਜੁਮ ਅਬਰੋਲ ਨੇ ਦੱਸਿਆ ਕਿ ਜ਼ੋਨ ’ਚ ਸਾਰੀਆਂ ਚੈਂਪੀਅਨਸ਼ਿਪ ਹਾਸਲ ਕੀਤੀਆਂ। ਜ਼ਿਲਾ ਖੰਨਾ ’ਚ ਵੀ ਲਗਭਗ 13 ਖਿਡਾਰੀਆਂ ਨੇ ਪੰਜਾਬ ਸਟੇਟ ਲਈ ਕੁਆਲੀਫਾਈ ਕਰ ਲਿਆ। ਹੁਣ 13 ਖਿਡਾਰੀਆਂ ਦੇ ਲਗਭਗ 15 ਈਵੇਂਟ ਹਨ। ਕੋਚ ਐਥਲੈਟਿਕਸ ਸੌਰਭ ਅਬਰੋਲ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਅਾਂ ਵਲੋਂ ਪਿਛਲੇ ਮਹੀਨਿਆਂ ਤੋਂ ਪ੍ਰੈਕਟਿਕਸ ਜਾਰੀ ਹੈ, ਇਨ੍ਹਾਂ ਦੇ ਈਵੈਂਟ ਪਹਿਲਾ ਹੀ ਵੰਡੇ ਜਾ ਚੁੱਕੇ ਹਨ।
ਇਨ੍ਹਾਂ ਖਿਡਾਰੀਆਂ ਨੇ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ 5 ਤਮਗੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੱਧਰੀ ਹੋਏ ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਖਿਡਾਰੀਆਂ ਨੇ 4-14 ਲਡ਼ਕਿਆਂ ਵਿਚ ਸਾਜ਼ਿਮ ਖਾਨ ਨੇ 600 ਮੀਟਰ ਤੇ 400 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। 4-17 ਵਿਚ ਦਿਲਪ੍ਰੀਤ ਕੌਰ ਨੇ 100 ਮੀਟਰ ਹਰਡਲ, 400 ਮੀਟਰ ਹਰਡਲ ਵਿਚ ਪਹਿਲਾ ਸਥਾਨ, ਰੀਤ ਬਾਲਾ ਨੇ 1500 ਮੀਟਰ ਤੇ 300 ਮੀਟਰ ਵਿਚ ਦੂਜਾ ਸਥਾਨ, ਸਿਮਰਨਜੀਤ ਕੌਰ, ਤੀਹਰੀ ਛਾਲ ਵਿਚ ਦੂਜਾ, ਹਰਸ਼ਿਤ ਤਿਵਾਡ਼ੀ ਤੀਹਰੀ ਛਾਲ ਵਿਚ ਦੂਜਾ, ਸੋਨੂੰ ਕੁਮਾਰ 10 ਮੀਟਰ ਵਿਚ ਪਹਿਲਾ ਤੇ 200 ਮੀਟਰ ਵਿਚ ਦੂਜਾ ਅਤੇ ਹਰਸ਼ਪ੍ਰੀਤ ਸਿੰਘ ਨੇ ਤੀਹਰੀ ਛਾਲ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।
4-19 ਵਿਚ ਜੈਸਮੀਨ ਪੁਰੀ ਨੇ 3 ਕਿਲੋਮੀਟਰ ਵਿਚ ਦੂਜਾ ਅਤੇ 1500 ਮੀਟਰ ਵਿਚ ਤੀਜਾ ਸਥਾਨ, ਰੋਹਿਤ ਰਾਜ ਨੇ 5 ਕਿਲੋਮੀਟਰ ਵਾਕ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਖਿਡਾਰੀਆ ਦੀ ਪ੍ਰੈਕਟਿਸ ਵਧਾ ਦਿੱਤੀ ਗਈ ਹੈ ਹੁਣ ਪੂਰਾ ਫੋਕਸ ਖਿਡਾਰੀਆਂ ਦੇ ਤਮਗਿਆਂ ’ਤੇ ਲੱਗਿਆ ਹੋਇਆ ਹੈ। ਸਵੇਰ ਤੋਂ ਸ਼ਾਮ ਦੀ ਪ੍ਰੈਕਟਿਸ ਨਾਲ ਵਿਦਿਆਰਥੀਆਂ ਤੋਂ ਵੱਡੀਆਂ ਉਮੀਦਾਂ ਹਨ ਅਤੇ ਨੈਸ਼ਨਲ ’ਚ ਵੀ ਮੈਡਲ ਜਿੱਤਣ ਦੀ ਪੂਰੀ ਆਸ ਹੈ। ਇਸ ਮੌਕੇ ਪ੍ਰਧਾਨ ਰਜਿੰਦਰ ਪਾਲ ਤੇ ਸੰਜੇ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਤੇ ਪੰਜਾਬ ਸਟੇਟ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਅੰਜੁਮ ਅਬਰੋਲ ਵਲੋਂ ਵਿਦਿਆਰਥੀਆਂ ਨੂੰ ਖੇਡ ਦੇ ਗੁਣਾਂ ਬਾਰੇ ਜਾਣੂ ਕਰਵਾਇਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਇਹ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ। ਦੇਸ਼ ਦੇ ਭਵਿੱਖ ਦੀ ਨੀਂਹ ਮਜ਼ਬੂਤ ਕਰਨਾ ਹੈ। ਇਸ ਮੌਕੇ ਕੋਚ ਗੌਰਵ ਅਬਰੋਲ, ਕਬੱਡੀ ਕੋਚ ਅਮਨਜੀਤ, ਬਾਕਸਿੰਗ ਕੌਚ ਅਵਤਾਰ ਸਿੰਘ, ਰਜਨੀ ਬਾਲਾ, ਸੰਤੋਸ਼ ਕੁਮਾਰੀ ਆਦਿ ਹਾਜ਼ਰ ਸਨ।