ਕੁੱਟ-ਮਾਰ ਕਰ ਕੇ ਨਕਦੀ ਤੇ ਸੋਨੇ ਦੀ ਚੇਨ ਖੋਹਣ ਦਾ ਦੋਸ਼
Thursday, Dec 27, 2018 - 10:38 AM (IST)
ਖੰਨਾ (ਸੁਨੀਲ)-ਸਥਾਨਕ ਅਮਲੋਹ ਰੋਡ ਦੇ ਵਾਸੀ ਬਲਜਿੰਦਰ ਸਿੰਘ (26) ਪੁੱਤਰ ਸੁਰਿੰਦਰ ਸਿੰਘ ਨਿਵਾਸੀ ਗੁਰੂ ਨਾਨਕ ਮੁਹੱਲਾ ਨੂੰ ਬੀਤੀ ਰਾਤ ਦੋ ਅਣਪਛਾਤੇ ਹਮਲਾਵਰ ਬੁਰੀ ਤਰ੍ਹਾਂ ਕੁੱਟਣ ਉਪਰੰਤ ਉਸ ਕੋਲੋਂ 15 ਹਜ਼ਾਰ ਰੁਪਏ ਅਤੇ ਇਕ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ, ਉਥੇ ਹੀ ਪੁਲਸ ਨੇ ਬਿਆਨ ਕਲਮਬੱਧ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਬਲਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖੰਨਾ ਨੇ ਦੱਸਿਆ ਕਿ ਉਹ ਡੀ. ਜੇ. ਦਾ ਕੰਮ ਕਰਦਾ ਹੈ। ਬੀਤੀ ਰਾਤ ਕਿਸੇ ਸਮਾਰੋਹ ਤੋਂ ਵਾਪਸ ਆਉਣ ਦੇ ਉਪਰੰਤ ਸਾਮਾਨ ਉਤਾਰ ਕੇ ਉਹ ਆਪਣੀ ਦੁਕਾਨ ਜੋ ਕਿ ਸਥਾਨਕ ਅਮਲੋਹ ਰੋਡ ਸੁਮਿਤਰਾ ਗੈਸ ਕੋਲ ਸਥਿਤ ਹੈ, ’ਚ ਹੀ ਆਪਣੇ ਸਾਥੀਆਂ ਅਤੇ ਛੋਟੇ ਭਰਾ ਦੇ ਨਾਲ ਸੌਂ ਗਿਆ। ਕੁਝ ਦੇਰ ਬਾਅਦ 2 ਵਿਅਕਤੀਆਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਖਡ਼ਕਾਇਆ। ਜਦੋਂ ਉਸ ਦੇ ਛੋਟੇ ਭਰਾ ਅਮਨ ਨੇ ਸ਼ਟਰ ਖੋਲ੍ਹਿਆ ਤਾਂ ਬਾਹਰ ਮੌਜੂਦ ਦੋ ਵਿਅਕਤੀਆਂ ਨੇ ਉਸ ਤੋਂ ਸ਼ਰਾਬ ਦੀ ਮੰਗ ਕੀਤੀ, ਜਦੋਂ ਉਸ ਨੇ ਸ਼ਰਾਬ ਨਾ ਹੋਣ ਦੀ ਗੱਲ ਕਹੀ ਤਾਂ ਉਹ ਉਸਦੇ ਨਾਲ ਗਾਲੀ-ਗਲੋਚ ਤੇ ਕੁੱਟ-ਮਾਰ ’ਤੇ ਉਤਰ ਆਏ। ਬਲਜਿੰਦਰ ਸਿੰਘ ਨੇ ਜਦੋਂ ਆਪਣੇ ਛੋਟੇ ਭਰਾ ਅਮਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਲੋਕਾਂ ਨੇ ਬਲਜਿੰਦਰ ਸਿੰਘ ਦੇ ਸਿਰ ’ਤੇ ਲੋਹੇ ਦੇ 2-3 ਵਾਰ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਦੇ ਭਰਾ ਅਮਨ ਨੇ ਐਂਬੂਲੈਂਸ-108 ਦੀ ਸਹਾਇਤਾ ਨਾਲ ਬਲਜਿੰਦਰ ਸਿੰਘ ਨੂੰ ਖੰਨਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ। ਇਕ ਹੋਰ ਸੂਚਨਾ ਦੇ ਅਨੁਸਾਰ ਬਲਜਿੰਦਰ ਸਿੰਘ ਦੇ ਸਿਰ ’ਤੇ 15 ਟਾਂਕੇ ਲੱਗੇ ਹਨ। ਉਥੇ ਹੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਛੀਨਾ ਝਪਟੀ ’ਚ ਹਮਲਾਵਰ ਉਸ ਦੇ ਕੋਲੋਂ 15 ਹਜ਼ਾਰ ਰੁਪਏ ਦੇ ਨਾਲ-ਨਾਲ ਸੋਨੇ ਦੀ ਚੇਨ ਖੋਹਣ ਦਾ ਇਲਜ਼ਾਮ ਵੀ ਲਾਇਆ ਹੈ। ਇਸ ਸਬੰਧ ਵਿਚ ਸਬੰਧਤ ਆਈ. ਓ. ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੂੰ ਇਸ ਸਬੰਧ ’ਚ ਸ਼ਿਕਾਇਤ ਮਿਲੀ ਹੈ, ਉਥੇ ਹੀ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਛੇਤੀ ਹੀ ਕਥਿਤ ਦੋਸ਼ੀ ਪੁਲਸ ਦੀ ਗ੍ਰਿਫਤ ’ਚ ਹੋਣਗੇ।
