ਭਾਜਪਾ ਨੇਤਾ ਤੇ ਸਾਬਕਾ ਕੌਂਸਲਰ ਨੂੰ ਦਿੱਤੀ ਏ. ਕੇ.-47 ਨਾਲ ਗੋਲ਼ੀ ਮਾਰਨ ਦੀ ਧਮਕੀ

05/03/2023 12:49:10 PM

ਲੁਧਿਆਣਾ (ਅਨਿਲ) : ਵਿਧਾਨ ਸਭਾ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਵਰਿੰਦਰ ਸਹਿਗਲ ਨੂੰ ਇਕ ਅਕਾਲੀ ਦਲ ਦੇ ਵਰਕਰ ਵੱਲੋਂ ਏ. ਕੇ.-47 ਨਾਲ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਗਈ। ਵਾਰਡ ਨੰ. 5 ਦੇ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਨੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੇ ਦੋਸਤ ਕਮਲ ਵਰਮਾ ਹੈਪੀ ਦੀ ਗੱਡੀ ਕੁਝ ਦਿਨ ਪਹਿਲਾਂ ਹੈਪੀ ਦਾ ਇਕ ਜਾਣਕਾਰ ਘਰੋਂ ਚਾਬੀ ਚੁੱਕ ਕੇ ਚੋਰੀ ਕਰ ਕੇ ਲੈ ਗਿਆ ਸੀ। ਜਦੋਂ ਹੈਪੀ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਨੇ ਕਾਰ ਚੋਰੀ ਕਰਨ ਵਾਲੇ ਅਕਾਲੀ ਨੇਤਾ ਨੂੰ ਮੋਬਾਇਲ ਫੋਨ ’ਤੇ ਕਾਲ ਕੀਤੀ, ਜਿਸ ਤੋਂ ਬਾਅਦ ਦੂਜੇ ਪਾਸਿਓਂ ਗੱਡੀ ਚੋਰੀ ਕਰਨ ਵਾਲੇ ਨੇ ਫੋਨ ’ਤੇ ਵਰਿੰਦਰ ਸਹਿਗਲ ਅਤੇ ਇਕ ਹੋਰ ਸਾਬਕਾ ਕੌਂਸਲਰ ਨੂੰ ਏ. ਕੇ.-47 ਨਾਲ ਗੋਲ਼ੀ ਮਾਰਨ ਦੀ ਧਮਕੀ ਦਿੱਤੀ। ਫੋਨ ਕਰਨ ਵਾਲੇ ਅਕਾਲੀ ਨੇਤਾ ਨੇ ਇਹ ਵੀ ਧਮਕੀ ਦਿੱਤੀ ਕਿ ਉਹ ਕਿਸੇ ਵੀ ਹਾਲਤ ’ਚ ਵਰਿੰਦਰ ਸਹਿਗਲ ਨੂੰ ਕੌਂਸਲਰ ਦੀ ਚੋਣ ਜਿੱਤਣ ਨਹੀਂ ਦੇਵੇਗਾ।

ਇਹ ਵੀ ਪੜ੍ਹੋ : ਸੂਬੇ ਵਿੱਚ ਅਨਾਜ ਵੰਡ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

ਸਹਿਗਲ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਕਤ ਅਕਾਲੀ ਨੇਤਾ ਨੇ ਸ਼ਰਾਬ ਪੀ ਕੇ ਇਕ ਮੰਦਰ ’ਤੇ ਇੱਟਾਂ ਵਰ੍ਹਾਈਆਂ ਤੇ ਗਾਲੀ-ਗਲੋਚ ਵੀ ਕੀਤਾ ਸੀ, ਜਿਸ ਦੀ ਸਾਰੀ ਪੈਰਵਾਈ ਖ਼ੁਦ ਸਹਿਗਲ ਕਰ ਰਹੇ ਸਨ। ਬਾਅਦ ’ਚ ਉਕਤ ਵਿਅਕਤੀ ਨੇ ਮੰਦਰ ਕਮੇਟੀ ਤੋਂ ਮੁਆਫ਼ੀ ਮੰਗ ਕੇ ਰਾਜ਼ੀਨਾਵਾਂ ਕਰ ਲਿਆ ਸੀ ਅਤੇ ਉਸੇ ਰੰਜਿਸ਼ ਕਾਰਨ ਉਕਤ ਅਕਾਲੀ ਨੇਤਾ ਉਸ ਨੂੰ ਗੋਲ਼ੀ ਮਾਰਨ ਦੀ ਧਮਕੀ ਦੇ ਰਿਹਾ ਹੈ। ਅਕਾਲੀ ਨੇਤਾ ਵਲੋਂ ਸਹਿਗਲ ਨੂੰ ਗੋਲ਼ੀ ਮਾਰਨ ਦੀ ਦਿੱਤੀ ਧਮਕੀ ਦੀ ਆਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਪੁਲਸ ਨੂੰ ਸ਼ਿਕਾਇਤ ਦੇ ਨਾਲ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਥਾਣਾ ਮੁਖੀ ਗੁਰਮੁਖ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਫੋਨ ਕਮਲ ਵਰਮਾ ਦੀ ਪਤਨੀ ਨੂੰ ਕੀਤਾ ਸੀ, ਜਿਸ ਬਾਰੇ ਕਮਲ ਵਰਮਾ ਦਾ ਉਸ ਵਿਅਕਤੀ ਨਾਲ ਪੈਸਿਅਾਂ ਦਾ ਲੈਣ-ਦੇਣ ਹੈ। ਹਾਲ ਦੀ ਘੜੀ ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ।
 


Harnek Seechewal

Content Editor

Related News