ਸ਼ਹਿਨਾਜ਼ ਹੁਸੈਨ : ਚਮਕਦਾਰ ਚਮੜੀ ਲਈ ਨੀਂਦ ਕਿੰਨੀ ਕੁ ਹੈ ਜ਼ਰੂਰੀ, ਜਾਣੋ ਖ਼ਾਸ ਟਿਪਸ

10/07/2021 4:20:54 PM

ਜਲੰਧਰ (ਬਿਊਰੋ) - ਚਿਹਰੇ ਦੀ ਕੁਦਰਤੀ ਚਮਕ ਅਤੇ ਨਿਖ਼ਾਰ ਨੂੰ ਬਰਕਰਾਰ ਰੱਖਣ ਲਈ ਮਹਿੰਗੇ ਸੁੰਦਰਤਾ ਉਤਪਾਦਾਂ ਦੀ ਥਾਂ ਚੰਗੀ ਅਤੇ ਸਕੂਨ ਭਰੀ ਨੀਂਦ ਜ਼ਿਆਦਾ ਮਹੱਤਵਪੂਰਨ ਹੈ। ਲੋੜੀਂਦੀ ਨੀਂਦ ਲੈਣ ਨਾਲ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਇਸ ਨਾਲ ਤੁਸੀਂ ਅੰਦਰੂਨੀ ਤੌਰ ’ਤੇ ਸਿਹਤਮੰਦ ਰਹਿੰਦੇ ਹੋ ਅਤੇ ਤੁਹਾਡੀ ਬਾਹਰੀ ਸੁੰਦਰਤਾ ਚਮਕਣ ਲੱਗਦੀ ਹੈ। ਤੁਸੀਂ ਸੋਹਣੇ ਅਤੇ ਆਕਰਸ਼ਕ ਵਿਖਾਈ ਦੇਣ ਲੱਗਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਡੂੰਘੀ ਨੀਂਦ ਤੁਹਾਡੀ ਸੁੰਦਰਤਾ ਨੂੰ ਚਾਰ-ਚੰਨ ਲੱਗਾ ਸਕਦੀ ਹੈ। ਇਸੇ ਲਈ ਅਸੀਂ ਤੁਹਾਨੂੰ ਸੌਂਦਰਯ ਮਾਹਿਰ ਅਤੇ ਹਰਬਲ ਕੁਈਨ ਸ਼ਹਿਨਾਜ਼ ਹੁਸੈਨ ਦੇ ਕੁਝ ਖ਼ਾਸ ਬਿਊਟੀ ਟਿਪਸ ਦੇ ਬਾਰੇ ਦੱਸਦੇ ਹਾਂ...

ਜੇਕਰ ਤੁਸੀਂ ਰੋਜ਼ਾਨਾ 8-9 ਘੰਟੇ ਗਹਿਰੀ ਨੀਂਦ ਲੈਂਦੇ ਹੋ, ਤਾਂ ਤੁਹਾਡਾ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ। ਜਦੋਂ ਤੁਸੀਂ ਗਹਿਰੀ ਨੀਂਦ ਵਿੱਚ ਹੁੰਦੇ ਹੋ, ਉਦੋਂ ਤੁਹਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਵਧਦਾ ਹੈ, ਜੋ ਤੁਹਾਡੇ ਚਿਹਰੇ ਦਾ ਨਿਖ਼ਾਰ ਵੱਧਦਾ ਹੈ। ਗਹਿਰੀ ਨੀਂਦ ਨਾਲ ਤੁਹਾਡੇ ਸਰੀਰ ਵਿੱਚ ਕੋਲੇਜਨ ਦਾ ਪੁਨਰਨਿਰਮਾਣ ਹੁੰਦਾ ਹੈ ਅਤੇ ਤੁਹਾਡੇ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਨੀਂਦ ’ਚ ਹੋਣ ਨਾਲ ਸਾਡੇ ਤਣਾਅ ਦੇ ਹਾਰਮੋਨ ਘੱਟ ਹੋ ਜਾਂਦੇ ਹਨ ਅਤੇ ਨੀਂਦ ਦੇ ਹਾਰਮੋਨ ਵਧ ਜਾਂਦੇ ਹਨ, ਜਿਸ ਨਾਲ ਸਾਡੀ ਚਮੜੀ ਅਤੇ ਸਰੀਰ ਮੁੜ ਤੋਂ ਮਜ਼ਬੂਤ ਹੋ ਜਾਂਦੀ ਹੈ। ਇੰਝ ਕਹਿ ਲਓ ਕਿ ਦਿਨ ਦੇ ਸਮੇਂ ਸਾਡੀ ਚਮੜੀ ਨੂੰ ਪ੍ਰਦੂਸ਼ਣ ਜਾਂ ਸੂਰਜ ਦੀਆਂ ਕਿਰਨਾਂ ਤੋਂ ਹੋਏ ਨੁਕਸਾਨ ਦੀ ਭਰਪਾਈ ਰਾਤ ਦੀ ਨੀਂਦ ਨਾਲ ਪੂਰੀ ਹੋ ਜਾਂਦੀ ਹੈ।

ਨੀਂਦ ਪੂਰੀ ਨਾ ਹੋਣ ਦੇ ਨੁਕਸਾਨ
ਰਾਤ ਨੂੰ ਨੀਂਦ ਪੂਰੀ ਨਾ ਹੋਣ ’ਤੇ ਅੱਖਾਂ ’ਚ ਸੋਜ ਆ ਜਾਂਦੀ ਹੈ, ਕਿਉਂਕਿ ਤਣਾਅ ਕਾਰਨ "ਕੋਰਟੇਲਿਸ" ਦਾ ਪੱਧਰ ਵੱਧ ਜਾਂਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਮੌਜੂਦ ਐਸਿਡ ਦਾ ਪੱਧਰ ਬਦਲ ਜਾਂਦਾ ਹੈ, ਜਿਸ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਚਿਹਰੇ ਜਾਂ ਅੱਖਾਂ ਦੇ ਹੇਠਾਂ ਸੋਜ ਆ ਜਾਂਦੀ ਹੈ। ਜਦੋਂ ਤੁਸੀਂ ਸੌਂਦੇ ਹੋ ਤਾਂ ਚਮੜੀ ਦੇ ਨਵੇਂ ਸੈੱਲ ਤੇਜ਼ੀ ਨਾਲ ਵਧਦੇ ਹਨ, ਜਿਸ ਨਾਲ ਸਵੇਰੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਅਤੇ ਤੁਸੀਂ ਸੁੰਦਰ ਦਿਖਾਈ ਦਿੰਦੇ ਹੋ।

ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਜਵਾਨ ਅਤੇ ਆਕਰਸ਼ਕ ਦਿਖਣਾ ਚਾਹੁੰਦੇ ਹੋ, ਤਾਂ ਰਾਤ ਨੂੰ 9 ਤੋਂ 11 ਵਜੇ ਤੱਕ ਸੋ ਜਾਵੋਂ। ਚਮੜੀ ਨੂੰ ਝੁਰੜੀਆਂ ਤੋਂ ਮੁਕਤ ਰੱਖਣ ਲਈ ਪਿੱਠ ਦੇ ਬਲ ਸੌਣਾ ਸਭ ਤੋਂ ਲਾਭਦਾਇਕ ਹੁੰਦਾ ਹੈ, ਕਿਉਂਕਿ ਇਸ ਨਾਲ ਚਮੜੀ ’ਤੇ ਪੈਣ ਵਾਲੇ ਦਬਾਅ ਕਾਰਨ ਝੁਰੜੀਆਂ ਨੂੰ ਰੋਕਿਆ ਜਾ ਸਕਦਾ ਹੈ। ਰਾਤ ਦੀ ਡੂੰਘੀ ਨੀਂਦ ਤੁਹਾਡੇ ਵਾਲਾਂ ਨੂੰ ਕਾਲਾ, ਲੰਮਾ ਅਤੇ ਆਕਰਸ਼ਕ ਰੱਖਣ ਵਿੱਚ ਸਹਾਇਤਾ ਕਰਦੀ ਹੈ। ਗਹਿਰੀ ਨੀਂਦ ਸਰੀਰ ’ਚ ਪ੍ਰੋਟੀਨ ਦੇ ਸੰਸਲੇਸ਼ਣ ਲਈ ਜ਼ਰੂਰੀ ਹੁੰਦਾ ਹੈ, ਜੋ ਉਨ੍ਹਾਂ ਹਾਰਮੋਨਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਤੁਹਾਡੇ ਵਾਲ ਲੰਮੇ ਹੋ ਜਾਂਦੇ ਹਨ। ਅਕਸਰ ਲੋਕਾਂ ਨੂੰ ਇਹ ਕਹਿੰਦੇ ਹੋਏ ਵੇਖਿਆ ਗਿਆ ਹੈ ਕਿ ਤੁਸੀਂ ਥੱਕੇ ਹੋਏ ਲੱਗ ਰਹੇ ਹੋ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਅਸੀਂ ਲੋੜੀਂਦੀ ਨੀਂਦ ਨਹੀਂ ਲੈਂਦੇ। ਇਸ ਨਾਲ ਚਿਹਰੇ 'ਤੇ ਕਾਲੇ ਧੱਬੇ ਦਿਖਾਈ ਦਿੰਦੇ ਹਨ ਅਤੇ ਚਮੜੀ ਆਪਣੀ ਕੁਦਰਤੀ ਚਮਕ ਗੁਆ ਦਿੰਦੀ ਹੈ। ਰਾਤ ਦੀ ਨੀਂਦ ਨਾਲ ਸਰੀਰ ਵਿੱਚ ਪੈਦਾ ਹੋਣ ਵਾਲੇ ਜ਼ਹਿਰੀਲੇ ਪਦਾਰਥ ਨਸ਼ਟ ਹੋ ਜਾਂਦੇ ਹਨ ਅਤੇ ਪੁਰਾਣੇ ਸੈੱਲ ਖ਼ਤਮ ਹੋ ਜਾਂਦੇ ਹਨ। ਨਵੇਂ ਸੈੱਲ ਪੈਦਾ ਹੋਣ ਨਾਲ ਅਸੀਂ ਜਵਾਨ ਦਿਖਣ ਲੱਗਦੇ ਹਾਂ। ਲੋੜੀਂਦੀ ਨੀਂਦ ਨਾ ਲੈਣ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਘੱਟ ਜਾਂਦਾ ਹੈ, ਜਿਸ ਕਾਰਨ ਚਮੜੀ ਮੁਰਝਾਈ ਹੋਈ ਅਤੇ ਬੇਜਾਨ ਜਿਹੀ ਵਿਖਾਈ ਦੇਣ ਲੱਗਦੀ ਹੈ।

ਰਾਤ ਨੂੰ ਅਪਣਾਓ ਇਹ ਤਰੀਕੇ
. ਬਿਹਤਰ ਨੀਂਦ ਲਈ ਪ੍ਰਤੀਦਿਨ ਰਾਤ ਦਾ ਸੌਣ ਅਤੇ ਸਵੇਰੇ ਉੱਠਣ ਦਾ ਸਮਾਂ ਨਿਸ਼ਚਿਤ ਕਰੋ।
. ਰਾਤ ਨੂੰ ਸੌਣ ਤੋਂ ਪਹਿਲਾਂ ਚਾਹ, ਸ਼ਰਾਬ, ਕਾਫ਼ੀ ਆਦਿ ਚੀਜ਼ਾਂ ਤੋਂ ਪਰਹੇਜ਼ ਕਰੋ, ਕਿਉਂਕਿ ਇਸ ਨਾਲ ਦਿਮਾਗ ਦੀਆਂ ਨਾੜੀਆਂ ਉਤੇਜਿਤ ਹੋ ਜਾਂਦੀਆਂ ਹਨ ਜੋ ਕਿ ਸਹੀ ਨੀਂਦ ’ਚ ਰੁਕਾਵਟ ਪਾਉਂਦੀਆਂ ਹਨ।
. ਹਮੇਸ਼ਾ 11 ਵਜੇ ਤੋਂ ਪਹਿਲਾਂ ਸੋ ਜਾਵੋਂ, ਕਿਉਂਕਿ ਲੋੜੀਂਦੀ ਨੀਂਦ ਨਾ ਲੈਣ ’ਤੇ ਤੁਸੀਂ ਥੱਕੇ-ਥੱਕੇ ਮਹਿਸੂਸ ਕਰਦੇ ਹੋ, ਜਿਸ ਨਾਲ ਸਰੀਰ ਟੁੱਟਣ ਲੱਗ ਜਾਂਦਾ ਹੈ।
. ਇਕ ਅਧਿਐਨ ਮੁਤਾਬਕ ਅਨਿੰਦਰੇ ਕਾਰਨ ਲੋਕ 10 ਗੁਣਾਂ ਵੱਧ ਤਣਾਅ ’ਚ ਰਹਿੰਦੇ ਹਨ, ਜਿਸ ਤੋਂ ਬਚਣ ਲਈ ਸਮੇਂ ਸਿਰ ਸੋਵੋਂ। ਸੋਣ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ, ਗਰਦਨ, ਪੈਰਾਂ ਨੂੰ ਹਲਕੇ ਕਲੀਨਜ਼ਰ ਨਾਲ ਧੋਵੋ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ’ਤੇ ਦਿਨ ਭਰ ਟਿਕਿਆ ਮੇਕਅੱਪ ਗੰਦਗੀ, ਧੂੜ ਮਿੱਟੀ, ਹਟਣ ’ਚ ਮਦਦ ਮਿਲੇਗੀ। 
. ਸੌਣ ਤੋਂ ਪਹਿਲਾਂ ਨਾਈਟ ਕ੍ਰੀਮ ਅਤੇ ਆਈ ਜੈੱਲ ਚਿਹਰੇ ’ਤੇ 20 ਮਿੰਟ ਪਹਿਲਾਂ ਲਗਾਓ, ਤਾਂਕਿ ਚਮੜੀ ਕੋਮਲ ਰਹੇ। 
. ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਕੇ ਗਰਮ ਪਾਣੀ ਨਾਲ ਨਹਾਓ, ਜਿਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਅਤੇ ਤੁਹਾਨੂੰ ਚੰਗੀ ਨੀਂਦ ਆਵੇਗੀ।
. ਰਾਤ ਨੂੰ ਸਾਉਂਦੇ ਸਮੇਂ ਰੂੰ ਦੇ ਸਿਰਾਹਣੇ ਦੀ ਥਾਂ ਰੇਸ਼ਮੀ ਸਿਰਾਣਾ ਲਓ, ਜੋ ਵਾਲਾਂ ਨੂੰ ਉਲਝਣ ਅਤੇ ਟੁੱਟਣ ਤੋਂ ਰੋਕਦਾ ਹੈ।  

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
. ਜੇਕਰ ਤੁਸੀਂ ਲੋੜੀਂਦੀ ਨੀਂਦ ਨਹੀਂ ਲੈਂਦੇ ਤਾਂ ਨੀਂਦ ਦੀ ਘਾਟ ਕਾਰਨ ਸਰੀਰ ਵਿੱਚ "ਘਰੇਲਿਨ" ਤੱਤ ਵੱਧ ਜਾਂਦੇ ਹਨ, ਜਿਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ, ਸਰੀਰ ’ਚ ਫੈੱਟ ਪੈ ਜਾਂਦੀ ਹੈ ਅਤੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਰੋਜ਼ਾਨਾ ਜਿੰਮ ਜਾਣ ਅਤੇ ਕਸਰਤ-ਯੋਗਾ ਕਰਨ ਦੇ ਬਾਵਜੂਦ ਜੇਕਰ ਤੁਹਾਡਾ ਭਾਰ ਵਧ ਰਿਹਾ ਹੈ ਤਾਂ ਤੁਹਾਨੂੰ ਆਪਣੀ ਨੀਂਦ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਂਦੇ ਸਮੇਂ ਪਾਣੀ ਦੇ ਮਿਸ਼ਰਣ ਵਾਲੇ ਭੋਜਨ ਦੀ ਵਰਤੋਂ ਕਰੋ।
. ਰਾਤ ਨੂੰ ਪਾਣੀ ਪੀਣ ਦੀ ਥਾਂ ਪਾਣੀ ਵਾਲੀਆਂ ਸਬਜ਼ੀਆਂ ਅਤੇ ਫ਼ਲਾਂ ਦਾ ਸੇਵਨ ਕਰੋ, ਜਿਸ ਨਾਲ ਤੁਹਾਨੂੰ ਬਾਰ-ਬਾਰ ਪੇਸ਼ਾਬ ਆਉਣ ਦੀ ਸਮੱਸਿਆ ਨਹੀਂ ਹੋਵੇਗੀ।
. ਜੇਕਰ ਰਾਤ ਦੇ ਸਮੇਂ ਤੁਸੀਂ ਲੋੜੀਂਦੀ ਨੀਂਦ ਨਹੀਂ ਲੈ ਰਹੇ ਤਾਂ ਦਿਨ ’ਚ ਅੱਧਾ ਘੰਟਾ ਜ਼ਰੂਰ ਸੌਂਵੋ। ਇਸ ਨਾਲ ਤੁਹਾਡਾ ਮੁੜ ਤਰੋਤਾਜ਼ਾ ਹੋ ਜਾਵੇਗਾ।


rajwinder kaur

Content Editor

Related News