ਜੇਕਰ ਤੁਸੀਂ ਵੀ ਪੀਂਦੇ ਹੋ ਟੀ-ਬੈਗ ਵਾਲੀ ਚਾਹ ਤਾਂ ਹੋ ਜਾਓ ਸਾਵਧਾਨ ! ਹੈਰਾਨ ਕਰੇਗੀ ਪੂਰੀ ਖ਼ਬਰ
Thursday, Jan 02, 2025 - 11:53 AM (IST)
ਜਲੰਧਰ (ਇੰਟ.)–ਟੀ-ਬੈਗ ਨਾਲ ਬਣੀ ਚਾਹ ਵੀ ਸਿਹਤ ਲਈ ਘਾਤਕ ਹੋ ਸਕਦੀ ਹੈ। ਆਟੋਨਾਮਸ ਯੂਨੀਵਰਸਿਟੀ ਆਫ਼ ਬਾਰਸੀਲੋਨਾ (ਯੂ. ਏ. ਬੀ.) ਨਾਲ ਸਬੰਧਤ ਵਿਗਿਆਨੀਆਂ ਨੇ ਇਸ ਨੂੰ ਲੈ ਕੇ ਇਕ ਨਵੇਂ ਅਧਿਐਨ ਵਿਚ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ। ਖੋਜ ਤੋਂ ਪਤਾ ਲੱਗਾ ਹੈ ਕਿ ਪਾਲੀਮਰ ਆਧਾਰਿਤ ਟੀ-ਬੈਗ ਗਰਮ ਪਾਣੀ ਵਿਚ ਪਾਉਣ ਤੋਂ ਬਾਅਦ ਮਾਈਕ੍ਰੋਪਲਾਸਟਿਕ ਅਤੇ ਨੈਨੋਪਲਾਸਟਿਕ (ਐੱਮ. ਐੱਨ. ਪੀ. ਐੱਲ.) ਦੇ ਲੱਖਾਂ ਕਣ ਛੱਡਦੇ ਹਨ। ਅਧਿਐਨ ਦੇ ਨਤੀਜੇ ਜਰਨਲ 'ਕੈਮੋਸਫੀਅਰ' ’ਚ ਪ੍ਰਕਾਸ਼ਿਤ ਕੀਤੇ ਗਏ ਹਨ।
ਨਾਇਲਨ ਵਰਗੀਆਂ ਚੀਜ਼ਾਂ ਨਾਲ ਬਣੇ ਹੁੰਦੇ ਹਨ ਟੀ-ਬੈਗ
ਅਧਿਐਨ ’ਚ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਟੀ-ਬੈਗ ਵੱਲੋਂ ਛੱਡੇ ਗਏ ਪਲਾਸਟਿਕ ਦੇ ਇਹ ਬਾਰੀਕ ਕਣ ਸਾਡੀਆਂ ਅੰਤੜੀਆਂ ਦੀਆਂ ਕੋਸ਼ਿਕਾਵਾਂ ਵੱਲੋਂ ਸੋਖੇ ਜਾ ਸਕਦੇ ਹਨ ਜਿੱਥੋਂ ਇਹ ਖੂਨ ਵਿਚ ਦਾਖ਼ਲ ਹੋਣ ਪਿੱਛੋਂ ਪੂਰੇ ਸਰੀਰ ਵਿਚ ਫੈਲ ਸਕਦੇ ਹਨ। ਰਿਪੋਰਟ ਮੁਤਾਬਕ ਪਲਾਸਟਿਕ ਦੇ ਇਹ ਟੀ-ਬੈਗ ਆਮ ਤੌਰ ’ਤੇ ਨਾਇਲਨ-6, ਪਾਲੀਪ੍ਰੋਪਾਈਲੀਨ ਅਤੇ ਸੈਲੂਲੋਜ਼ ਵਰਗੀਆਂ ਚੀਜ਼ਾਂ ਨਾਲ ਬਣੇ ਹੁੰਦੇ ਹਨ। ਵਿਗਿਆਨੀਆਂ ਨੇ ਵੱਖ-ਵੱਖ ਕਿਸਮਾਂ ਦੇ ਟੀ-ਬੈਗਜ਼ ’ਚ ਮੌਜੂਦ ਪਲਾਸਟਿਕ ਦੇ ਇਨ੍ਹਾਂ ਬਾਰੀਕ ਕਣਾਂ ਦਾ ਅਧਿਐਨ ਕਰ ਕੇ ਇਨ੍ਹਾਂ ਦੀ ਪਛਾਣ ਕੀਤੀ ਹੈ।
ਇਹ ਵੀ ਪੜ੍ਹੋ- ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬ 'ਚ ਅੱਧੀ ਰਾਤ ਨੂੰ ਸੜਕਾਂ 'ਤੇ ਇਸ ਚੀਜ਼ ਨੂੰ ਘੁੰਮਦੇ ਵੇਖ ਸਹਿਮੇ ਲੋਕ
ਅਧਿਐਨ ਵਿਚ ਵਿਗਿਆਨੀਆਂ ਨੇ ਟੀ-ਬੈਗਜ਼ ’ਚੋਂ ਨਿਕਲਣ ਵਾਲੇ ਕਣਾਂ ਦਾ ਅਧਿਐਨ ਕਰਨ ਲਈ ਇਲੈਕਟ੍ਰੋਨ ਮਾਈਕ੍ਰੋਸਕੋਪ (ਐੱਸ. ਈ. ਐੱਮ. ਅਤੇ ਟੀ. ਈ. ਐੱਮ.), ਇਨਫ੍ਰਾਰੈੱਡ ਸਪੈਕਟ੍ਰੋਸਕੋਪੀ (ਏ. ਟੀ. ਆਰ.-ਐੱਫ਼. ਟੀ. ਆਈ. ਆਰ.) ਵਰਗੇ ਵਿਕਸਿਤ ਉਪਕਰਨਾਂ ਦੀ ਮਦਦ ਲਈ ਹੈ। ਅਧਿਐਨ ’ਚ ਖੋਜੀਆਂ ਨੇ ਵੇਖਿਆ ਕਿ ਜਦੋਂ ਇਨ੍ਹਾਂ ਟੀ-ਬੈਗਜ਼ ਨੂੰ ਗਰਮ ਪਾਣੀ ਵਿਚ ਪਾਇਆ ਜਾਂਦਾ ਹੈ ਤਾਂ ਇਨ੍ਹਾਂ ਵਿਚੋਂ ਵੱਡੀ ਮਾਤਰਾ ’ਚ ਪਲਾਸਟਕ ਦੇ ਬਾਰੀਕ ਕਣ ਨਿਕਲਦੇ ਹਨ, ਜੋ ਸਾਡੇ ਸਰੀਰ ’ਚ ਦਾਖ਼ਲ ਹੋ ਸਕਦੇ ਹਨ।
ਇੰਝ ਕੀਤਾ ਗਿਆ ਅਧਿਐਨ
ਇਸ ਖੋਜ ਵਿਚ ਜਿਨ੍ਹਾਂ ਟੀ-ਬੈਗਜ਼ ਦਾ ਅਧਿਐਨ ਕੀਤਾ ਗਿਆ, ਉਹ ਨਾਇਲਨ-6, ਪਾਲੀਪ੍ਰੋਪਾਈਲੀਨ ਤੇ ਸੈਲਿਊਲੋਜ਼ ਨਾਲ ਬਣੇ ਸਨ। ਖੋਜ ਦੇ ਜਿਹੜੇ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਾਲੀਪ੍ਰੋਪਾਈਲੀਨ ਨਾਲ ਬਣੇ ਟੀ-ਬੈਗ ਪ੍ਰਤੀ ਮਿਲੀਲੀਟਰ 120 ਕਰੋੜ ਕਣ ਕੱਢਦੇ ਹਨ। ਇਨ੍ਹਾਂ ਕਣਾਂ ਦਾ ਔਸਤ ਆਕਾਰ ਲੱਗਭਗ 137 ਨੈਨੋਮੀਟਰ ਹੁੰਦਾ ਹੈ। ਦੂਜੇ ਪਾਸੇ ਸੈਲਿਊਲੋਜ਼ ਨਾਲ ਬਣੇ ਟੀ-ਬੈਗ ’ਚੋਂ ਪ੍ਰਤੀ ਮਿਲੀਲੀਟਰ 13.5 ਕਰੋੜ ਕਣ ਨਿਕਲਦੇ ਹਨ, ਜਿਨ੍ਹਾਂ ਦਾ ਔਸਤ ਆਕਾਰ 244 ਨੈਨੋਮੀਟਰ ਹੁੰਦਾ ਹੈ। ਇਸੇ ਤਰ੍ਹਾਂ ਨਾਇਲਨ-6 ਨਾਲ ਬਣੇ ਟੀ-ਬੈਗਜ਼ ਨੇ ਪ੍ਰਤੀ ਮਿਲੀਲੀਟਰ 81.8 ਲੱਖ ਕਣ ਛੱਡੇ, ਜੋ ਆਕਾਰ ’ਚ ਔਸਤਨ 138 ਨੈਨੋਮੀਟਰ ਦੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਵਿਗਿਆਨੀਆਂ ਨੇ ਇਨ੍ਹਾਂ ਕਣਾਂ ਦੀ ਪਰਖ ਮਨੁੱਖੀ ਅੰਤੜੀਆਂ ਦੀਆਂ ਕੋਸ਼ਿਕਾਵਾਂ ’ਤੇ ਵੀ ਕੀਤੀ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਉਹ ਕਿਵੇਂ ਆਪਸੀ ਕਿਰਿਆ ਕਰਦੇ ਹਨ। ਉਨ੍ਹਾਂ ਵੇਖਿਆ ਕਿ ਬਲਗਮ ਬਣਾਉਣ ਵਾਲੀਆਂ ਕੋਸ਼ਿਕਾਵਾਂ ਨੇ ਸਭ ਤੋਂ ਜ਼ਿਆਦਾ ਸੂਖਮ ਕਣਾਂ ਤੇ ਨੈਨੋਪਲਾਸਟਿਕ ਨੂੰ ਸੋਖਿਆ ਅਤੇ ਕੁਝ ਕਣ ਕੋਸ਼ਿਕਾ ਦੇ ਅੰਦਰ ਤਕ ਵੀ ਪਹੁੰਚ ਗਏ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਚੜ੍ਹਦੀ ਸਵੇਰ ਪੰਜਾਬ ਦੇ NH'ਤੇ ਵੱਡਾ ਹਾਦਸਾ, ਕਾਰ ਦੇ ਉੱਡ ਗਏ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e