ਟਮਾਟਰ ਨਾਲ ਘਰ ''ਚ ਬਣਾਓ ਇਹ ਫੇਸਪੈਕ, ਚਿਹਰਾ ਨਿਖਰ ਜਾਵੇਗਾ

Tuesday, Jul 30, 2024 - 06:10 PM (IST)

ਟਮਾਟਰ ਨਾਲ ਘਰ ''ਚ ਬਣਾਓ ਇਹ ਫੇਸਪੈਕ, ਚਿਹਰਾ ਨਿਖਰ ਜਾਵੇਗਾ

ਨਵੀਂ ਦਿੱਲੀ: ਟਮਾਟਰ ਦੀ ਵਰਤੋਂ ਲਗਭਗ ਹਰ ਭਾਰਤੀ ਰਸੋਈ ’ਚ ਹੁੰਦੀ ਹੈ ਪਰ ਰਸ ਨਾਲ ਭਰਿਆ ਟਮਾਟਰ ਸਿਰਫ਼ ਸਬਜ਼ੀ ਦਾ ਸੁਆਦ ਹੀ ਨਹੀਂ ਵਧਾਉਂਦਾ ਸਗੋਂ ਤੁਹਾਡੀ ਖੂਬਸੂਰਤੀ ’ਚ ਵੀ ਲਾਜਵਾਬ ਨਿਖਾਰ ਲਿਆਉਂਦਾ ਹੈ ਕਿਉਂਕਿ ਇਸ ’ਚ ਕਾਫੀ ਮਾਤਰਾ ’ਚ ਲਾਈਕੋਪੀਨ ਹੁੰਦਾ ਹੈ, ਜੋ ਚਮੜੀ ਲਈ ਫ਼ਾਇਦੇਮੰਦ ਹੈ। ਇਸ ਨਾਲ ਸਕਿਨ ’ਚ ਆਕਸੀਜਨ ਦਾ ਸੰਚਾਰ ਹੁੰਦਾ ਹੈ, ਜਿਸ ਨਾਲ ਉਮਰ ਵਧਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਇਸ ਦੇ ਨਾਲ ਇਸ ’ਚ ਵਿਟਾਮਿਨ ਸੀ, ਏ ਅਤੇ ਪ੍ਰਤੀਰੋਧਕ ਗੁਣ ਹੁੰਦੇ ਹਨ, ਜੋ ਖੁੱਲ੍ਹੇ ਪੋਰਸ ਨੂੰ ਬੰਦ ਵੀ ਕਰਦੇ ਹਨ ਅਤੇ ਚਮੜੀ ਦੀ ਸਫਾਈ ਵੀ।

ਗਲੋਇੰਗ ਸਕਿਨ: ਚਮੜੀ ਜਿੰਨੀ ਚਮਕਦਾਰ ਹੋਵੇਗੀ, ਤੁਹਾਡੇ ਚਿਹਰੇ ਦੀ ਖੂਬਸੂਰਤੀ ਵੀ ਓਨੀਂ ਹੀ ਝਲਕੇਗੀ। ਧੂੜ-ਮਿੱਟੀ ਕਾਰਨ ਚਿਹਰੇ ’ਤੇ ਗੰਦਗੀ ਦੀ ਪਰਤ ਜੰਮਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਸਕਿਨ ਡਲ ਨਜ਼ਰ ਆਉਂਦੀ ਹੈ। ਟਮਾਟਰ ਦੀ ਵਰਤੋਂ ਨਾਲ ਤੁਸੀਂ ਚਿਹਰੇ ਦੀ ਗੁਆਚੀ ਹੋਈ ਚਮਕ ਵਾਪਸ ਪਾ ਸਕਦੇ ਹੋ। ਟਮਾਟਰ ਦਾ ਗੁੱਦਾ ਲਓ ਅਤੇ ਉਸ ਨਾਲ ਚਿਹਰੇ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ, ਸਕਿਨ ਇਕਦਮ ਚਮਕਦਾਰ ਹੋ ਜਾਵੇਗੀ। ਅਜਿਹਾ ਹਫਤੇ ’ਚ 3 ਤੋਂ 4 ਵਾਰ ਕਰੋ ਅਤੇ ਫਰਕ ਦੇਖੋ।

ਫੇਸ ਬਲੀਚਿੰਗ: ਬਹੁਤ ਸਾਰੀਆਂ ਔਰਤਾਂ ਨੂੰ ਬਲੀਚਿੰਗ ਦੌਰਾਨ ਇੰਫੈਕਸ਼ਨ ਹੁੰਦੀ ਹੈ, ਅਜਿਹੇ ’ਚ ਉਨ੍ਹਾਂ ਨੂੰ ਘਰ ’ਚ ਹੀ ਕੁਝ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਬਲੀਚਿੰਗ ਕਰਨ ਦਾ ਹੀ ਕੰਮ ਕਰਦੀਆਂ ਹਨ। ਤੁਸੀਂ ਟਮਾਟਰ ਦੇ ਗੁੱਦੇ ’ਚ ਨਿੰਬੂ ਦਾ ਰਸ ਮਿਲਾ ਕੇ ਬਲੀਚ ਕਰ ਸਕਦੇ ਹੋ।

ਪਿੰਪਲਸ ਦੇ ਦਾਗ-ਧੱਬਿਆਂ ਤੋਂ ਪਿੱਛਾ ਛੁਡਾਓ: ਕਿੱਲ ਮੁਹਾਸਿਆਂ ਤੋਂ ਬਾਅਦ ਚਿਹਰੇ ’ਤੇ ਪਏ ਇਸ ਦੇ ਦਾਗ-ਧੱਬੇ ਦੂਰ ਕਰਨ ਲਈ ਟਮਾਟਰ ਬਿਹਤਰ ਨੁਸਖ਼ਾ ਹੈ। ਇਕ ਟਮਾਟਰ ਦੇ ਗੁੱਦੇ ’ਚ 5 ਤੋਂ 7 ਬੂੰਦਾਂ ਨਿੰਬੂ ਦੇ ਰਸ ਦੀਆਂ ਪਾਓ ਅਤੇ ਦਾਗ-ਧੱਬਿਆਂ ਵਾਲੀ ਥਾਂ ’ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਪਾਣੀ ਨਾਲ ਚਿਹਰਾ ਧੋ ਲਓ। ਅਜਿਹਾ ਹਫਤੇ ’ਚ ਦੋ ਵਾਰ ਕਰੋ। ਇਹ ਨੁਸਖ਼ਾ ਦਿਨ ਦੀ ਬਜਾਏ ਰਾਤ ਨੂੰ ਅਪਣਾਓ ਤਾਂ ਫ਼ਾਇਦਾ ਹੋਵੇਗਾ।

ਸਕ੍ਰਬਿੰਗ ਨਾਲ ਹਟਾਓ ਡੈੱਡ ਸਕਿਨ : ਚਿਹਰੇ ਦੀ ਡੈੱਡ ਸਕਿਨ ਤੁਹਾਨੂੰ ਬਦਰੰਗ ਦਿਖਾਉਂਦੀ ਹੈ, ਇਸ ਨੂੰ ਤੁਸੀਂ ਸਕ੍ਰਬਿੰਗ ਰਾਹੀਂ ਹਟਾ ਸਕਦੇ ਹੋ। ਟਮਾਟਰ ਦੇ ਗੁੱਦੇ ’ਚ ਇਕ ਨਿੰਬੂ ਦਾ ਰਸ ਅਤੇ 1 ਟੇਬਲਸਪੂਨ ਸ਼ੂਗਰ ਮਿਲਾਓ। ਫਿਰ ਇਸ ਪੇਸਟ ਨਾਲ ਗੋਲਾਈ ’ਚ ਚਿਹਰੇ ਦੀ ਮਸਾਜ ਕਰੋ। ਹਫਤੇ ’ਚ ਦੋ ਵਾਰ ਕਰੋ, ਡੈੱਡ ਸਕਿਨ ਗਾਇਬ ਹੋ ਜਾਵੇਗੀ। ਤੁਸੀਂ ਟਮਾਟਰ ’ਚ ਲੋੜ ਮੁਤਾਬਕ ਬੇਕਿੰਗ ਸੋਡਾ ਜਾਂ ਕੌਫੀ ਪਾਊਡਰ ਪਾ ਕੇ ਵੀ ਸਕਰੱਬ ਕਰ ਸਕਦੇ ਹੋ। ਇਸ ਨਾਲ ਪੁਰਾਣੀ ਸਕਿਨ ਅਤੇ ਮੇਲਾਨਿਨ ਨਿਕਲ ਜਾਵੇਗਾ।

ਸਕਿਨ ਹਾਈਡ੍ਰੇਟ: ਆਇਲੀ ਸਕਿਨ ’ਚ ਕਿੱਲ ਅਤੇ ਮੁਹਾਸਿਆਂ ਦੀ ਪ੍ਰਾਬਲਮ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਜੇ ਮੇਲਾਨਿਨ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਸਕਿਨ ਦੀ ਰੰਗਤ ਬਦਰੰਗ ਹੋਣ ਲੱਗਦੀ ਹੈ, ਜਿਸ ਨੂੰ ਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ। ਪਪੀਤਾ ਮੇਲਾਨਿਨ ਨੂੰ ਘੱਟ ਕਰ ਕੇ ਸਕਿਨ ਨੂੰ ਹਾਈਡ੍ਰੇਟ ਕਰਦਾ ਹੈ। ਇਸ ਲਈ ਟਮਾਟਰ ਅਤੇ ਪਪੀਤੇ ਨੂੰ ਬਰਾਬਰ ਮਾਤਰਾ ’ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਨੂੰ ਚਮੜੀ ਦੇ ਉਸ ਹਿੱਸੇ ’ਤੇ ਲਗਾਓ ਜਿਥੇ ਸਕਿਨ ਪ੍ਰਭਾਵਿਤ ਹੈ। 10 ਮਿੰਟ ਬਾਅਦ ਚਿਹਰਾ ਧੋ ਲਓ।


author

Tarsem Singh

Content Editor

Related News