ਵਾਰਤਾਲਾਪ ਰਾਹੀਂ ਹਰਮਨ ਪਿਆਰਾ ਹੋਣ ਲਈ ਅਮਲ ਕਰੋਂ ਇਨ੍ਹਾਂ ਸੂਤਰਾਂ ’ਤੇ...
Friday, May 08, 2020 - 02:05 PM (IST)
ਡਾ: ਹਰਜਿੰਦਰ ਵਾਲੀਆ
ਸ਼ੋਹਰਤ ਦੀ ਤਾਂਘ ਮਨੁੱਖੀ ਦਿਲ ਵਿਚ ਮਚਲਦੀ ਰਹਿੰਦੀ ਹੈ। ਹਰ ਵਿਅਕਤੀ ਨਾਮ, ਕਾਮ, ਦਾਮ ਅਤੇ ਸਨਮਾਨ ਦੀ ਚਾਹਤ ਰੱਖਦਾ ਹੈ। ਦੌਲਤ, ਸ਼ੋਹਰਤ ਅਤੇ ਸੱਤਾ ਦੀ ਪ੍ਰਾਪਤੀ ਲਈ ਮਨੁੱਖੀ ਕਿੰਨੇ ਹੀ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਸ ਧਰਤੀ ’ਤੇ ਜਨਮ ਲੈਣ ਅਤੇ ਸਦਾ ਲਈ ਅੱਖਾਂ ਮੀਟਣ ਤੱਕ ਦੋ ਕਾਰਜ ਮਨੁੱਖ ਹਮੇਸ਼ਾ ਕਰਦਾ ਹੈ, ਇਕ ਸਾਹ ਲੈਣਾ, ਦੂਜਾ ਸੰਚਾਰ ਕਰਨਾ। ਸੰਚਾਰ ਸਾਡੀ ਜ਼ੁਬਾਨ ਵੀ ਕਰਦੀ ਹੈ। ਸਾਡੀਆਂ ਸਰੀਰਕ ਹਰਕਤਾਂ ਵੀ ਕਰਦੀਆਂ ਹਨ, ਸਾਡਾ ਵਿਵਹਾਰ ਵੀ ਕਰਦਾ ਹੈ, ਸਾਡੇ ਕੱਪੜੇ ਵੀ ਕਰਦੇ ਹਨ। ਸਾਡੀ ਸਮਾਜਿਕ ਹੈਸੀਅਤ ਬਣਾਉਣ ਵਿਚ ਸਾਡੀ ਜ਼ੁਬਾਨ, ਸਾਡੀ ਬੋਲੀ, ਸਾਡਾ ਗੱਲਬਾਤ ਕਰਨ ਦਾ ਢੰਗ, ਸਾਡੇ ਮੁਸਕਰਾਉਣ ਦਾ ਤਰੀਕਾ, ਸਾਡੀ ਜ਼ੁਬਾਨ ਦੇ ਉਤਰਾਅ ਚੜ੍ਹਾਅ, ਸਾਡੀ ਸ਼ਬਦ ਚੋਣ ਅਤੇ ਸ਼ਬਦਾਂ ਦੇ ਉਚਾਰਣ ਦੇ ਢੰਗ ਦਾ ਅਹਿਮ ਰੋਲ ਹੁੰਦਾ ਹੈ। ਪ੍ਰਸੰਨਤਾ ਕਿਤੋਂ ਮੰਗਿਆਂ ਨਹੀਂ ਮਿਲਦੀ। ਇਹ ਤਾਂ ਕਮਾਉਣੀ ਪੈਂਦੀ ਹੈ। ਇਸ ਨੂੰ ਕਮਾਉਣ ਲਈ ਸਾਨੂੰ ਲੋਕ ਵਿਹਾਰ ਵਿਚ ਨਿਪੁੰਨ ਹੋਣਾ ਜ਼ਰੂਰੀ ਹੁੰਦਾ ਹੈ। ਸਮਾਜ ਵਿਚ ਪ੍ਰਸੰਸਾ ਅਤੇ ਪਿਆਰ ਪ੍ਰਾਪਤ ਕਰਨ ਦਾ ਵੱਡਾ ਹੁਨਰ ਗੱਲਬਾਤ ਕਰਨ ਦੀ ਕਲਾ ਵਿਚ ਸਮਾਇਆ ਹੁੰਦਾ ਹੈ। ਵਾਰਤਾਲਾਪ ਦੀ ਕਲਾ ਵਿਚ ਨਿਪੁੰਨ ਵਿਅਕਤੀ ਵੇਖਦੇ ਵੇਖਦੇ ਸਫਲਤਾ ਦੀਆਂ ਪੌੜੀਆਂ ਚੜ੍ਹ ਸਫਲਤਾ ਦੇ ਸਿਖਰ ਤੇ ਖੜ੍ਹੇ ਨਜ਼ਰ ਆਉਂਦੇ ਹਨ। ਇਹ ਅਜਿਹਾ ਹੁਨਰ ਹੈ ਜੋ ਹਰ ਪਲ ਅਤੇ ਹਰ ਖੇਤਰ ਵਿਚ ਲੋੜੀਂਦਾ ਹੈ। ਇਸ ਲਈ ਜ਼ਿੰਦਗੀ ਵਿਚ ਸਫਲਤਾ ਦੇ ਚਾਹਵਾਨ ਵਿਅਕਤੀਆਂ ਨੂੰ ਗੱਲਬਤਾ ਵਿਚ ਮਾਹਿਰ ਬਣਨ ਦੇ ਨੁਕਤੇ ਸਿੱਖਣੇ ਬਹੁਤ ਜ਼ਰੂਰੀ ਹਨ।
1. ਪ੍ਰਸੰਸਾ ਕਰਨਾ ਵੀ ਇਕ ਕਲਾ ਹੈ
ਕੀ ਤੁਸੀਂ ਇਹ ਕਲਾ ਜਾਣਦੇ ਹੋ? ਕੀ ਤੁਸੀਂ ਦੂਜਿਆਂ ਦੀ ਪ੍ਰਸੰਸਾ ਕਰਨ ਵਿਚ ਕੰਜੂਸੀ ਤਾਂ ਨਹੀਂ ਵਰਤ ਰਹੇ। ਇਹ ਖਿਆਲ ਰੱਖਣਾ ਵੀ ਜ਼ਰੂਰੀ ਹੈ ਕਿ ਚਾਪਲੂਸੀ ਅਤੇ ਪ੍ਰਸੰਸਾ ਵਿਚ ਅੰਤਰ ਹੈ। ਚਾਪਲੂਸੀ ਕਿਸੇ ਮਕਸਦ ਨੂੰ ਲੈ ਕੇ ਅਤੇ ਵਧਾ ਚੜ੍ਹਾ ਕੇ ਕੀਤੀ ਤਾਰੀਫ ਹੁੰਦੀ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਹਰ ਵਿਅਕਤੀ ਵਿਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਉਸਨੂੰ ਪਛਾਣ ਕੇ ਖੁੱਲ੍ਹ ਦਿਲੀ ਨਾਲ ਉਸਦੀ ਪ੍ਰਸੰਸਾ ਕਰੋ। ਕਿਸੇ ਅਜਨਬੀ ਨਾਲ ਵੀ ਵਾਰਤਾਲਾਪ ਸ਼ੁਰੂ ਕਰਨ ਸਮੇਂ ਉਸਦੀ ਦਿੱਖ, ਕੱਪੜੇ, ਰੰਗ ਰੂਪ ਅਤੇ ਵਾਲਾਂ ਆਦਿ ਨੂੰ ਚੰਗੀ ਤਰ੍ਹਾਂ ਪਰਖੋ ਅਤੇ ਪ੍ਰਸੰਸਾਯੋਗ ਚੀਜ਼ ਦੀ ਪ੍ਰਸੰਸਾ ਕਰਨਾ ਨਾ ਭੁੱਲੋ। ਹੱਸਦੇ ਬੁੱਲ੍ਹ ਅਤੇ ਮੁਸਕਰਾਉਂਦੀਆਂ ਅੱਖਾਂ ਨਾਲ ਕੀਤੀ ਤਾਰੀਫ ਤੁਹਾਡੀ ਗੱਲਬਾਤ ਲਈ ਵਧੀਆ ਮਾਹੌਲ ਸਿਰਜਣ ਵਿਚ ਸਹਾਈ ਹੁੰਦੀ ਹੈ।
2. ਬਹਿਸ ਤੋਂ ਬਚੋ
ਬਹਿਸ ਵਿਚ ਜਿੱਤਣ ਦਾ ਇਕੋ ਇਕ ਢੰਗ ਹੈ ਕਿ ਬਹਿਸ ਕੀਤੀ ਹੀ ਨਾ ਜਾਵੇ। ਸੰਵਾਦ ਰਚਾਓ ਵਿਵਾਦ ਨਹੀਂ। ਵਾਦ ਵਿਵਾਦ ਵਿਚੋਂ ਜਿੱਤ ਕੇ ਕੀ ਪ੍ਰਾਪਤ ਹੁੰਦਾ ਹੈ, ਕੁਝ ਵੀ ਨਹੀਂ, ਸਿਰਫ ਹਉਮੈ ਨੂੰ ਹੀ ਪੱਠੇ ਪੈਂਦੇ ਹਨ। ਬਹਿਸ ਕਰਨ ਵਾਲੇ ਅਤੇ ਬਹਿਸ ਵਿਚ ਜਿੱਤ ਕੇ ਹਉਮੈ ਨੂੰ ਸੰਤੁਸ਼ਟ ਕਰਨ ਵਾਲੇ ਵਿਅਕਤੀ ਕਦੇ ਵੀ ਦੂਜਿਆਂ ਦੀ ਪ੍ਰਸੰਸਾ ਦੇ ਪਾਤਰ ਨਹੀਂ ਬਣ ਸਕਦੇ। ਬਹਿਸ ਜਿੱਥੇ ਤੁਹਾਨੂੰ ਅਲੋਕਪ੍ਰਿਯ ਬਣਾਉਂਦੀ ਹੈ, ਉਥੇ ਤੁਹਾਡੇ ਦੋਸਤਾਂ ਦੀ ਗਿਣਤੀ ਵੀ ਘਟਾਉਂਦੀ ਹੈ।
3. ਦੂਜਿਆਂ ਵਿਚ ਦਿਲਚਸਪੀ ਲਵੋ-
ਚੰਗਾ ਵਾਰਤਾਲਾਪਕਾਰ ਬਣਨ ਲਈ ਤੁਹਾਨੂੰ ਦੂਜਿਆਂ ਵਿਚ ਦਿਲਚਸਪੀ ਲੈਣੀ ਜ਼ਰੂਰੀ ਹੈ। ਜੋ ਵੀ ਵਿਅਕਤੀ ਤੁਹਾਨੂੰ ਗੱਲ ਸੁਣਾ ਰਿਹਾ ਹੈ, ਉਸਦੀ ਇੱਛਾ ਹੋਵੇਗੀ, ਤੁਸੀਂ ਉਸਦੀਆਂ ਗੱਲਾਂ ਧਿਆਨ ਅਤੇ ਦਿਲਚਸਪੀ ਨਾਲ ਸੁਣੋ। ਉਸਨੂੰ ਹੋਰ ਉਤਸ਼ਾਹਿਤ ਕਰਨ ਲਈ ਤੁਹਾਨੂੰ ਹੁੰਗਾਰਾ ਦੇਣਾ ਚਾਹੀਦਾ ਹੈ। ਅੱਛਾ ਫਿਰ, ਅੱਗੇ ਕੀ ਹੋਇਆ ਆਦਿ ਹੁੰਗਾਰੇ ਲਈ ਚੰਗੇ ਸ਼ਬਦ ਹਨ ਜਾਂ ਫਿਰ ਸਵਾਲ ਕਰ ਲੈਣਾ ਵੀ ਠੀਕ ਹੁੰਦਾ ਹੈ। ਕਈ ਵਾਰ ਜਦੋਂ ਕੋਈ ਆਪਣੀ ਗੱਲ ਕਹਿ ਰਿਹਾ ਹੁੰਦਾ ਹੈ ਤਾਂ ਕਈ ਲੋਕ ਇੱਧਰ ਉਧਰ ਦੇਖਣਾ ਸ਼ੁਰੂ ਕਰ ਦਿੰਦੇ ਹਨ ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਗੱਲਬਾਤ ਵਿਚ ਦਿਲਚਸਪੀ ਨਹੀਂ ਦਿਖਾ ਰਹੇ। ਚੰਗੀ ਗੱਲਬਾਤ ਦਾ ਹੁਨਰ ਜਾਨਣ ਵਾਲੇ ਲੋਕ ਨਾ ਸਿਰਫ ਬੋਲਣ ਵਾਲੇ ਦਾ ਹੁੰਗਾਰਾ ਭਰਦੇ ਹਨ, ਬਲਕਿ ਅੱਖਾਂ ਵਿਚ ਅੱਖਾਂ ਪਾ ਕੇ ਬੋਲਣ ਵਾਲੇ ਨੂੰ ਇਹ ਦਰਸਾਉਂਦੇ ਹਨ ਕਿ ਉਸਦੀਆਂ ਗੱਲਾਂ ਵਿਚ ਰੁਚੀ ਲਈ ਜਾ ਰਹੀ ਹੈ।
4. ਨਿੰਦਾ ਚੁਗਲੀ ਨਾ ਕਰੋ:
ਲੋਕ ਰੋਜ਼ਾਨਾ ਜ਼ਿੰਦਗੀ ਵਿਚ ਬਹੁਤਾ ਸਮਾਂ ਦੂਜਿਆਂ ਦੀ ਨਿੰਦਾ ਚੁਗਲੀ ਵਿਚ ਗੁਜ਼ਾਰ ਦਿੰਦੇ ਹਨ। ਜਦੋਂ ਕੋਈ ਵਾਰਤਾਲਾਪ ਦੌਰਾਨ ਨਿੰਦਾ ਕਰਦਾ ਹੈ ਤਾਂ ਉਹ ਨਿਸਚਿਤ ਤੌਰ ’ਤੇ ਦੂਜਿਆਂ ਦੀ ਨਜ਼ਰ ਵਿਚ ਨੀਵਾਂ ਹੋ ਜਾਂਦਾ ਹੈ। ਜਦੋਂ ਕੋਈ ਗੈਰ ਹਾਜ਼ਰ ਦੋਸਤ ਦੀ ਨਿੰਦਾ ਚੁਗਲੀ ਕਰਦਾ ਹੈ ਤਾਂ ਸੁਣਨ ਵਾਲਾ ਸੋਚਦਾ ਹੈ ਕਿ ਕੱਲ੍ਹ ਇਸ ਤਰ੍ਹਾਂ ਕਿਸੇ ਹੋਰ ਕੋਲ ਇਹ ਮੇਰੀ ਚੁਗਲੀ ਵੀ ਕਰ ਸਕਦਾ ਹੈ। ਨਿੰਦਾ ਹਮੇਸ਼ਾ ਦੋਸਤ ਗਵਾਉਣ ਦਾ ਕਾਰਨ ਬਣਦੀ ਹੈ। ਨਿੰਦਾ ਚੁਗਲੀ ਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ, ਸਮੇਂ ਦਾ, ਦੋਸਤਾਂ ਦਾ ਅਤੇ ਸ਼ਖਸੀਅਤ ਦਾ ਵੀ। ਜਿਸਨੇ ਲੋਕਾਂ ਨਾਲ ਗੱਲਬਾਤ ਦੀ ਕਲਾ ਵਿਚ ਨਿਪੁੰਨ ਹੋਣਾ ਹੈ, ਉਹ ਨਿੰਦਾ ਚੁਗਲੀ ਸੁਣਨ ਅਤੇ ਕਰਨ ਤੋਂ ਤੌਬਾ ਕਰ ਲਵੇ ਤਾਂ ਅੱਛਾ ਹੈ।
5. ਚੁਭਵੇਂ ਸ਼ਬਦਾਂ ਤੋਂ ਪਰਹੇਜ਼:
ਤੁਹਾਡੀ ਜ਼ੁਬਾਨ ਵਿਚੋਂ ਬਾਣ ਨਹੀਂ ਬਾਣੀ ਨਿਕਲਣੀ ਚਾਹੀਦੀ ਹੈ। ਲੋਕਾਂ ਨਾਲ ਵਾਰਤਾਲਾਪ ਸਮੇਂ, ਭਾਵੇਂ ਤੁਸੀਂ ਉਨ੍ਹਾਂ ਨੂੰ ਪਸੰਦ ਨਾ ਵੀ ਕਰਦੇ ਹੋਵੋ, ਹਮੇਸ਼ਾ ਸਿਸ਼ਟਾਚਾਰ ਦਾ ਪੱਲਾ ਫੜੀ ਰੱਖਣਾ ਜ਼ਰੂਰੀ ਹੈ। ਵਿਅੰਗਾਤਮਕ ਅਤੇ ਚੁੱਭਵੇਂ ਸ਼ਬਦ ਨਹੀਂ ਵਰਤਣੇ ਚਾਹੀਦੇ। ਯਾਦ ਰੱਖੋ,ਅਜਿਹੇ ਇਕ ਸ਼ਬਦ ਨੇ ਮਹਾਂਭਾਰਤ ਕਰਵਾ ਦਿੱਤੀ ਸੀ।
6. ਸਤਿਕਾਰ ਸਹਿਤ ਨਾਮ ਲੈ ਕੇ ਬੁਲਾਓ:
ਹਰ ਮਨੁੱਖ ਨੂੰ ਆਪਣਾ ਨਾਮ ਪਿਆਰਾ ਹੁੰਦਾ ਹੈ। ਹਰ ਮਨੁੱਖ ਸਤਿਕਾਰ ਚਾਹੁੰਦਾ ਹੈ। ਹਰ ਮਨੁੱਖ ਪਿਆਰ ਚਾਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਵਿਵਹਾਰ ਕਰਨ, ਉਸ ਤਰ੍ਹਾਂ ਦਾ ਵਿਵਹਾਰ ਤੁਸੀਂ ਲੋਕਾਂ ਨਾਲ ਕਰੋ। ਗੱਲਬਾਤ ਦੌਰਾਨ ਸਤਿਕਾਰ ਨਾਲ ਦੂਜੇ ਨਾਮ ਲੈਣਾ ਉਸਨੂੰ ਬਹੁਤ ਚੰਗਾ ਲੱਗਦਾ ਹੈ। ਨਾਮ ਲੈ ਕੇ ਬੁਲਾਉਣਾ ਵੀ ਚੰਗੀ ਵਾਰਤਾਲਾਪ ਦੀ ਕਲਾ ਦਾ ਹਿੱਸਾ ਹੈ।
7. ਮੁਸਕਰਾਓ ਅਤੇ ਜਿੱਤੋ:
ਇਕ ਦਾਤ ਜੋ ਕੁਦਰਤ ਨੇ ਸਭ ਨੂੰ ਮੁਫਤ ਦਿੱਤੀ ਹੈ, ਜਿਸ ਵਿਚ ਜੱਗ ਜਿੱਤਣ ਦੀ ਸਮਰੱਥਾ ਹੈ, ਪਰ ਫਿਰ ਵੀ ਮਨੁੱਖ ਕੁਦਰਤ ਦੀ ਇਸ ਦਾਤ ਦਾ ਸਹੀ ਇਸਤੇਮਾਲ ਨਹੀਂ ਕਰਦਾ ਹੈ। ਸਭ ਨੂੰ ਮੁਸਕਰਾ ਕੇ ਮਿਲੋ। ਜਿੱਥੇ ਹੋ ਸਕੇ, ਮੁਸਕਰਾ ਕੇ ਆਪਣੀ ਗੱਲ ਤੇ ਨੁਕਤਾ ਸਪਸ਼ਟ ਕਰੋ। ਜੇ ਤੁਸੀਂ ਕਿਸੇ ਨਾਲ ਸਹਿਮਤ ਵੀ ਨਹੀਂ ਤਾਂ ਵੀ ਜੇਕਰ ਤੁਸੀਂ ਪ੍ਰਸੰਨਚਿਤ ਅਤੇ ਮੁਸਕਰਾ ਕੇ ਆਪਣਾ ਨਜ਼ਰੀਆ ਦੱਸਦੇ ਹੋ ਤਾਂ ਪ੍ਰਭਾਵ ਚੰਗਾ ਪੈਂਦਾ ਹੈ। ਦੂਜੇ ਪਾਸੇ ਇਕ ਗੱਲ ਹੋਰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਕੁਝ ਲੋਕ ਬਿਨਾਂ ਮਤਲਬ ਉਚੀ ਉਚੀ ਹੱਸਦੇ ਹਨ ਅਤੇ ਘਸੇ ਪੁਰਾਣੇ ਚੁਟਕਲੇ ਸੁਣਾ ਕੇ ਹਸਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਅਕਤੀਆਂ ਨੂੰ ਗੰਭੀਰ ਕਿਸਮ ਦੀ ਵਾਰਤਾਲਾਪ ਦੌਰਾਨ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ।
8. ਕਦੀ ਵੀ ਦੂਜੇ ਦੀ ਗੱਲ ਨਹੀਂ ਕੱਟਣੀ ਚਾਹੀਦੀ
ਗੱਲਬਾਤ ਦੌਰਾਨ ਜਦੋਂ ਕੋਈ ਵਿਅਕਤੀ ਬੋਲ ਰਿਹਾ ਹੋਵੇ, ਉਨਾ ਚਿਰ ਉਸਨੂੰ ਠਰ੍ਹਮੇ ਅਤੇ ਧੀਰਜ ਨਾਲ ਸੁਣਨਾ ਚਾਹੀਦਾ ਹੈ। ਉਦੋਂ ਹੀ ਬੋਲਣਾ ਚਾਹੀਦਾ ਹੈ ਜਦੋਂ ਉਹ ਗੱਲ ਖਤਮ ਕਰ ਲਵੇ ਜਾਂ ਫਿਰ ਤੁਹਾਨੂੰ ਬੋਲਣ ਲਈ ਕਿਹਾ ਜਾਵੇ। ਦੂਜੇ ਦੀ ਗੱਲ ਨੂੰ ਵਿਚੋਂ ਕੱਟਣਾ ਸਮਾਜਿਕ ਵਿਹਾਰ ਅਤੇ ਵਤੀਰੇ ਦੇ ਖਿਲਾਫ ਮੰਨਿਆ ਜਾਂਦਾ ਹੈ। ਸੰਜਮ ਅਤੇ ਧੀਰਜ ਨਾਲ ਸੁਣਨ ਦੀ ਕਲਾ ਵੀ ਚੰਗੀ ਵਾਰਤਾਲਾਪ ਦੇ ਹੁਨਰ ਦਾ ਇਕ ਮਹੱਤਵਪੂਰਨ ਪੱਖ ਹੈ।
9. ਵਿਅਕਤੀਗਤ ਅਤੇ ਸਮਾਜਿਕ ਵਿਅੰਗ ਤੋਂ ਬਚੋ:
ਸ਼ਬਦਾਂ ਦੇ ਬਾਣ ਦਾ ਜ਼ਖਮ ਇੰਨਾ ਡੂੰਘਾ ਹੁੰਦਾ ਹੈ ਕਿ ਉਸਦਾ ਅਸਰ ਸਦੀਆਂ ਤੱਕ ਰਹਿੰਦਾ ਹੈ। ਕਦੇ ਵੀ ਕਿਸੇ ਮਨੁੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਜ਼ਖਮੀ ਕਰਨ ਵਾਲੇ ਸ਼ਬਦ ਮੂੰਹੋਂ ਨਹੀਂ ਕੱਢਣੇ ਚਾਹੀਦੇ ਅਤੇ ਨਾ ਹੀ ਕਿਸੇ ਮਨੁੱਖ ਦੇ ਸਰੀਰਕ ਅਪੰਗਤਾ ਉਤੇ ਵਿਅੰਗ ਕਸਣਾ ਚਾਹੀਦਾ ਹੈ।
10. ਸ਼ਬਦਾਂ ਦੀ ਚੋਣ ਕਰਨ ਸਮੇਂ ਸਤਰਕ ਹੋਵੋ:
ਸ਼ਬਦ ਪਿਆਰ, ਸ਼ਬਦ ਹਥਿਆਰ ਹੈ, ਸ਼ਬਦ ਯਾਰ ਹੈ ਪਰ ਜੇਕਰ ਸ਼ਬਦ ਸਹੀ ਨਹੀਂ ਤਾਂ ਇਕ ਅਜਿਹਾ ਤੀਰ ਹੈ ਜੋ ਸੀਨੇ ਤੇ ਡੂੰਘੇ ਜ਼ਖਮ ਕਰ ਜਾਂਦਾ ਹੈ। ਉਹ ਜ਼ਖਮ ਜੋ ਦੁਸ਼ਮਣ ਪੈਦਾ ਕਰਦੇ ਹਨ, ਅਜਿਹੇ ਸ਼ਬਦਾਂ ਤੋਂ ਬਚਣਾ ਚਾਹੀਦਾ ਹੈ। ਡੇਲ ਕਾਰਨੇਗੀ ਲਿਖਦਾ ਹੈ ਕਿ ਤੁਹਾਡੀ ਬੋਲੀ ਅਤੇ ਸ਼ਬਦੀ-ਗਿਆਨ ਹੀ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੀ ਸੰਗਤ ਵਿਚ ਰਹੇ ਹੋ। ਸ਼ਬਦੀ-ਗਿਆਨ ਅਤੇ ਉਹਨਾਂ ਦੇ ਅਰਥਾਂ ਦੀ ਜਾਣਕਾਰੀ ਸ਼ੁੱਧ ਬੋਲਣ ਵਿਚ ਬੇਹੱਦ ਸਾਹਸੀ ਹੁੰਦੀ ਹੈ, ਨਹੀਂ ਤਾਂ ਅਜਿਹਾ ਵੀ ਦੇਖਣ ਵਿਚ ਆਇਆ ਹੈ ਕਿ ਕਈ ਪੜ੍ਹੇ-ਲਿਖੇ ਬੰਦੇ ਆਪਣੀ ਮਾਂ ਬੋਲੀ ਤੱਕ ਵੀ ਸ਼ੁੱਧ ਨਹੀਂ ਬੋਲ ਪਾਉਂਦੇ। ਸ਼ਬਦਾਂ ਦੀ ਚੋਣ ਅਤੇ ਸ਼ਬਦਾਂ ਦਾ ਉਚਾਰਨ ਤੁਹਾਡੀ ਸ਼ਖਸੀਅਤ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਤੁਹਾਡੀ ਸ਼ਖਸੀਅਤ ਵਾਰਤਾਲਾਪ ਦੀ ਕਲਾ ਵਿਚ।
11. ਕੀ ਤੁਸੀਂ ਆਪਣੀ ਵਾਰਤਾਲਾਪ ਵਿਚ ਗਾਲੀ ਗਲੋਚ ਦਾ ਇਸਤੇਮਾਲ ਤਾਂ ਨਹੀਂ ਕਰਦੇ?
ਬਹੁਤ ਸਾਰੇ ਲੋਕਾਂ ਨੂੰ ਆਪਣੀ ਗੱਲਬਾਤ ਦੌਰਾਨ ਗਾਲ਼ਾਂ ਕੱਢਣ ਦੀ ਆਦਤ ਹੁੰਦੀ ਹੈ। ਗਾਲ਼ਾਂ ਭਰਪੂਰ ਬੋਲੀ ਅਤੇ ਅਪਦਰ ਬੋਲੀ ਜਿੱਥੇ ਤੁਹਾਡੇ ਪ੍ਰਭਾਵ ਨੂੰ ਘਟਾਉਂਦੇ ਹਨ, ਉਥੇ ਤੁਹਾਡੀ ਸਮਾਜਿਕ ਹੈਸੀਅਤ ਵੀ ਨਿਗੂਣੀ ਹੋ ਜਾਂਦੀ ਹੈ। ਗਾਲ਼ਾਂ ਕੱਢਣ ਵਾਲਾ ਮਨੁੱਖ ਮਜ਼ਾਕ ਦਾ ਮੌਜੂ ਬਣ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਗਾਲ਼ਾਂ ਤੁਹਾਡੀ ਆਦਤ ਬਣ ਜਾਵੇ ਜਾਂ ਫਿਰ ਤੁਹਾਡੀ ਗੱਲਬਾਤ ਦਾ ਹਿੱਸਾ ਬਣ ਜਾਣ, ਇਸ ਮਰਜ਼ ਦਾ ਇਲਾਜ ਕਰ ਲੈਣਾ ਚਾਹੀਦਾ ਹੈ।
12. ਦੁਹਰਾਓ ਤੋਂ ਬਚਣਾ ਚਾਹੀਦਾ ਹੈ:
ਵਾਰਤਾਲਾਪ ਦੀ ਕਲਾ ਦਾ ਇਹ ਹੋਰ ਗੁਣ ਦੁਹਰਾਓ ਤੋਂ ਬਚਣਾ ਹੈ। ਗੱਲਾਂ ਦਾ ਦੁਹਰਾਓ, ਤੱਥਾਂ ਦਾ ਦੁਹਰਾਓ, ਸੰਵਾਦਾਂ ਦਾ ਦੁਹਰਾਓ ਅਤੇ ਚੁਟਕਲਿਆਂ ਦਾ ਦੁਹਰਾਓ ਸਰੋਤਿਆਂ ਨੂੰ ਚਿੜਾ ਦੇਣ ਲਈ ਕਾਫੀ ਹੈ। ਵਾਰ ਵਾਰ ਗੱਲਾਂ ਸੁਣਾ ਕੇ ਸਰੋਤੇ ਆਪਣਾ ਸੰਜਮ ਗੁਆ ਬੈਠਦੇ ਹਨ। ਬੋਲਣ ਵਾਲੇ ਨੂੰ ਜੇ ਮੂੰਹ ਤੇ ਨਹੀ ਵੀ ਰੋਕਦੇ ਪਰ ਉਸਦੀ ਲੋਕਪ੍ਰਿਅਤਾ ਵਿਚ ਕਮੀ ਜ਼ਰੂਰ ਆ ਜਾਂਦੀ ਹੈ।
13. ਕੰਨਾਂ ਵਿਚ ਘੁਸਰ ਮੁਸਰ ਨਹੀਂ ਕਰਨੀ ਚਾਹੀਦੀ:
ਵੇਖਣ ਵਿਚ ਆਉਂਦਾ ਹੈ ਕਿ ਕਈ ਵਿਅਕਤੀ ਇਕ ਗਰੁੱਪ ਵਿਚ ਗੱਲਾਂ ਕਰਦੇ ਸਮੇਂ ਕਿਸੇ ਇਕ ਵਿਅਕਤੀ ਦੇ ਕੰਨ ਵਿਚ ਘੁਸਰ ਮੁਸਰ ਕਰਦੇ ਰਹਿੰਦੇ ਹਨ। ਅਜਿਹਾ ਕਰਨਾ ਬਾਕੀ ਬੰਦਿਆਂ ਨੂੰ ਠੀਕ ਨਹੀਂ ਲੱਗਦਾ ਅਤੇ ਉਹ ਚਿੜ ਜਾਂਦੇ ਹਨ। ਵਾਰਤਾਲਾਪ ਦੌਰਾਨ ਸਾਰੇ ਵਿਅਕਤੀਆਂ ਨੂੰ ਹੀ ਸੰਬੋਧਨ ਕਰਨਾ ਚਾਹੀਦਾ ਹੈ।
14. 'ਮੈਂ' ਦਾ ਪ੍ਰਯੋਗ ਘੱਟ ਕਰੋ
'ਮੈਂ' ਦਾ ਇਸਤੇਮਾਲ ਕਰਨ ਵਾਲਾ ਵਿਅਕਤੀ ਹਉਮੇ ਦਾ ਸ਼ਿਕਾਰ ਹੁੰਦਾ ਹੈ। ਲੋਕ ਉਸ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਉਸਨੂੰ 'ਬੱਕਰੀ' ਵਰਗੇ ਲਕਬ ਨਾਲ ਬੁਲਾਉਣਾ ਸ਼ੁਰੂ ਕਰ ਦਿੰਦੇ ਹਨ। ਜਿੰਨਾ ਵੀ ਹੋ ਸਕੇ ਮੈਂ ਦਾ ਇਸਤੇਮਾਲ ਘੱਟ ਕੀਤਾ ਜਾਵੇ।
13. ਦੂਜਿਆਂ ਨੂੰ ਝੂਠੇ ਸਿੱਧ ਨਾ ਕਰੋ:
ਕਿਸੇ ਮਹਿਫਲ ਵਿਚ ਬੈਠੇ ਹੋਏ ਜੇਕਰ ਕੋਈ ਗਲਤ ਬਿਆਨਬਾਜ਼ੀ ਕਰ ਦਿੰਦਾ ਹੈ ਤਾਂ ਉਸਨੂੰ ਝੂਠਾ ਸਿੱਧ ਨਾ ਕਰੋ। ਸਗੋਂ ਜੇਕਰ ਜ਼ਰੂਰੀ ਹੋਵੇ ਤਾਂ ਉਸਨੂੰ ਇਕੱਲੇ ਨੂੰ ਪਿਆਰ ਅਤੇ ਨਿਮਰਤਾ ਸਹਿਤ ਦੱਸ ਦੇਣਾ ਚਾਹੀਦਾ ਹੈ, ਨਾ ਕਿ ਸਭ ਦੇ ਸਾਹਮਣੇ ਬੇਇੱਜ਼ਤ ਕਰਕੇ ਆਪਣੇ ਆਪ ਵੱਡਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।
15. ਸ਼ਖਸੀਅਤ ਵਿਚ ਲਚਕੀਲਾਪਣ ਦਰਸਾਓ:
ਗੱਲਬਾਤ ਦੌਰਾਨ ਆਪਣੇ ਨੁਕਤੇ ਤੇ ਅੜੇ ਰਹਿਣਾ ਠੀਕ ਨਹੀਂ ਹੁੰਦਾ, ਸਗੋਂ ਜਿੱਥੇ ਕੋਈ ਹੋਰ ਵਿਅਕਤੀ ਤਰਕ ਨਾਲ ਗੱਲ ਸਿੱਧ ਕਰ ਦੇਵੇ ਤਾਂ ਉਸ ਨਾਲ ਸਹਿਮਤੀ ਪ੍ਰਗਟਾਉਣਾ ਤੁਹਾਡੇ ਪ੍ਰਤੀ ਆਦਰ ਵਿਚ ਵਾਧਾ ਕਰਦਾ ਹੈ। ਦੂਜੇ ਪਾਸੇ ਕਦੇ ਵੀ ਕੱਟੜਵਾਦੀ ਲਹਿਜੇ ਵਿਚ ਬਿਆਨ ਦੇਣਾ ਉਕਾ ਹੀ ਉਚਿਤ ਨਹੀਂ ਹੁੰਦਾ। ਸਾਰੇ ਪੁਲਸ ਵਾਲੇ ਭ੍ਰਿਸ਼ਟ ਹਨ, ਵਰਗਾ ਬਿਆਨ ਠੀਕ ਨਹੀਂ। ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਕੁਝ ਪੁਲਸ ਅਫਸਰ ਰਿਸ਼ਵਤਖੋਰ ਹਨ।
16. ਸਾਫ-ਸੁਥਰੇ ਕੱਪੜੇ ਅਤੇ ਸਾਫ-ਸੁਥਰਾ ਸਰੀਰ:
ਵਾਰਤਾਲਾਪ ਦੀ ਕਲਾ ਵਿਚ ਤੁਹਾਡੀ ਸਰੀਰਕ ਭਾਸ਼ਾ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ। ਮੌਸਮ ਦੇ ਅਨੁਸਾਰ ਪਹਿਨੇ ਹੋਏ ਸਾਫ ਸੁਥਰੇ ਅਤੇ ਪ੍ਰੈਸ ਕੀਤੇ ਕੱਪੜੇ ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵੀ ਬਣਾਉਂਦੇ ਹਨ। ਸਰੀਰ ਦੀ ਸਫਾਈ ਵੀ ਜ਼ਰੂਰੀ ਹੈ। ਨਹਾ ਧੋ ਕੇ ਤਾਜ਼ਾ ਦਿੱਖਣ ਵਾਲਾ ਵਿਅਕਤੀ ਗੱਲਬਾਤ ਸਮੇਂ ਪ੍ਰਭਾਵਸ਼ਾਲੀ ਹੁੰਦਾ ਹੈ। ਦੂਜੇ ਪਾਸੇ ਅਗਰ ਸਰੀਰ ਸਾਫ ਨਹੀਂ, ਮੂੰਹ ਵਿਚ ਦੁਰਗੰਧ ਆ ਰਹੀ ਹੋਵੇ ਤਾਂ ਲੋਕ ਤੁਹਾਡੇ ਕੋਲੋਂ ਦੂਰ ਨੱਸਣ ਦਾ ਯਤਨ ਕਰਨਗੇ।
17. ਚਲੰਤ ਮਾਮਲਿਆਂ ਅਤੇ ਆਮ ਗਿਆਨ:
ਰੋਜ਼ਾਨਾ ਅਖ਼ਬਾਰ ਪੜ੍ਹਨੇ, ਟੀ. ਵੀ., ਰੇਡੀਓ ਅਤੇ ਹੋਰ ਸਰੋਤਾਂ ਤੋਂ ਚਲੰਤ ਮਸਲਿਆਂ ਬਾਰੇ ਗਿਆਨ ਹਾਸਲ ਕਰਦੇ ਰਹਿਣਾ ਚਾਹੀਦਾ ਹੈ। ਆਮ ਗਿਆਨ ਦੀਆਂ ਪੁਸਤਕਾਂ ਅਤੇ ਸਾਹਿਤ ਨਾਲ ਲਗਾਤਾਰ ਜੁੜੇ ਰਹਿਣਾ ਵੀ ਜ਼ਰੂਰੀ ਹੈ। ਅਜਿਹਾ ਕਰਨ ਨਾਲ ਤੁਹਾਡੇ ਕੋਲ ਵਾਰਤਾਲਾਪ ਸਮੇਂ ਢੁਕਵੀਂ ਸਮੱਗਰੀ ਹੋਵੇਗੀ। ਖਾਸ ਤੌਰ ’ਤੇ ਅਣਜਾਣ ਜਾਂ ਘੱਟ ਜਾਣ ਪਹਿਚਾਣ ਵਾਲੇ ਵਿਅਕਤੀਆਂ ਨਾਲ ਸੰਵਾਦ ਰਚਾਉਣ ਸਮੇਂ ਤੁਹਾਨੂੰ ਅਜਿਹੀ ਸਮੱਗਰੀ ਦੀ ਬਹੁਤ ਲੋੜ ਪੈਂਦੀ ਹੈ।
ਉਕਤ ਦਿੱਤੇ ਕੁਝ ਨੁਕਤੇ ਤੁਹਾਨੂੰ ਵਾਰਤਾਲਾਪ ਦੇ ਹੁਨਰ ਵਿਚ ਮਾਹਿਰ ਬਣਾਉਣ ਵਿਚ ਸਹਾਈ ਹੁੰਦੇ ਹਨ। ਗੱਲਾਂ ਤਾਂ ਇਹ ਆਮ ਲੱਗਦੀਆਂ ਹਨ ਪਰ ਬਹੁਤ ਵਾਰ ਅਸੀਂ ਇਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਵਿਚ ਵੱਡੇ ਨੁਕਸਾਨ ਉਠਾ ਲੈਂਦੇ ਹਾਂ। ਜ਼ਿੰਦਗੀ ਵਿਚ ਸਫਲਤਾ ਲਈ ਵਧੀਆ ਵਾਰਤਾਲਾਪਕਾਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਵਧੀਆ ਵਾਰਤਾਲਾਪਕਾਰ ਲਈ ਉਪਰ ਦਿੱਤੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਵੀ ਉਨਾਂ ਹੀ ਜ਼ਰੂਰੀ ਹੈ।
ਡੱਬੀਆਂ
ਹਰ ਵਿਅਕਤੀ ਨਾਮ, ਕਾਮ, ਦਾਮ ਅਤੇ ਸਨਮਾਨ ਦੀ ਚਾਹਤ ਰੱਖਦਾ ਹੈ। ਦੌਲਤ, ਸ਼ੋਹਰਤ ਅਤੇ ਸੱਤਾ ਦੀ ਪ੍ਰਾਪਤੀ ਲਈ ਮਨੁੱਖ ਕਿੰਨੇ ਹੀ ਪਾਪੜ ਵੇਲਦਾ ਹੈ। ਸਾਡੀ ਸਮਾਜਿਕ ਹੈਸੀਅਤ ਬਣਾਉਣ ਵਿਚ ਸਾਡੀ ਜ਼ੁਬਾਨ, ਸਾਡੀ ਬੋਲੀ, ਸਾਡਾ ਗੱਲਬਾਤ ਕਰਨ ਦਾ ਢੰਗ, ਸਾਡੇ ਮੁਸਕਰਾਉਣ ਦਾ ਤਰੀਕਾ, ਸਾਡੀ ਜ਼ੁਬਾਨ ਦੇ ਉਤਰਾਅ ਚੜ੍ਹਾਅ, ਸਾਡੀ ਸ਼ਬਦ ਚੋਣ ਅਤੇ ਸ਼ਬਦਾਂ ਦੇ ਉਚਾਰਨ ਦੇ ਢੰਗ ਦਾ ਅਹਿਮ ਰੋਲ ਹੁੰਦਾ ਹੈ। ਪ੍ਰਸੰਨਤਾ ਕਿਤੋਂ ਮੰਗਿਆਂ ਨਹੀਂ ਮਿਲਦੀ, ਇਹ ਤਾਂ ਕਮਾਉਣੀ ਪੈਂਦੀ ਹੈ। ਇਸਨੂੰ ਕਮਾਉਣ ਲਈ ਸਾਨੂੰ ਲੋਕ ਵਿਹਾਰ ਵਿਚ ਨਿਪੁੰਨ ਹੋਣਾ ਜ਼ਰੂਰੀ ਹੁੰਦਾ ਹੈ।
ਸਮਾਜ ਵਿਚ ਪ੍ਰਸੰਸਾ ਅਤੇ ਪਿਆਰ ਪ੍ਰਾਪਤ ਕਰਨ ਦਾ ਵੱਡਾ ਹੁਨਰ ਗੱਲਬਾਤ ਕਰਨ ਦੀ ਕਲਾ ਵਿਚ ਸਮਾਇਆ ਹੁੰਦਾ ਹੈ। ਵਾਰਤਾਲਾਪ ਦੀ ਕਲਾ ਵਿਚ ਨਿਪੁੰਨ ਵਿਅਕਤੀ ਵੇਖਦੇ ਵੇਖਦੇ ਸਫਲਤਾ ਦੀਆਂ ਪੌੜੀਆਂ ਚੜ੍ਹ ਸਫਲਤਾ ਦੇ ਸਿਖਰ ’ਤੇ ਖੜ੍ਹੇ ਨਜ਼ਰ ਆਉਂਦੇ ਹਨ। ਇਹ ਅਜਿਹਾ ਹੁਨਰ ਹੈ ਜੋ ਹਰ ਪਲ ਅਤੇ ਹਰ ਖੇਤਰ ਵਿਚ ਲੋੜੀਂਦਾ ਹੈ। ਇਸ ਲਈ ਜ਼ਿੰਦਗੀ ਵਿਚ ਸਫਲਤਾ ਦੇ ਚਾਹਵਾਨ ਵਿਅਕਤੀਆਂ ਨੂੰ ਗੱਲਬਾਤ ਵਿਚ ਮਾਹਿਰ ਬਣਨ ਦੇ ਨੁਕਤੇ ਸਿੱਖਣੇ ਬਹੁਤ ਜ਼ਰੂਰੀ ਹਨ।