ਪਾਬੰਦੀਸ਼ੁਦਾ ਟੀਕਿਆਂ ਸਮੇਤ ਗ੍ਰਿਫਤਾਰ ਨੌਜਵਾਨ ਨੂੰ 10 ਸਾਲ ਦੀ ਕੈਦ

06/01/2018 7:08:46 AM

ਚੰਡੀਗੜ੍ਹ, (ਸੰਦੀਪ)- ਪਾਬੰਦੀਸ਼ੁਦਾ ਟੀਕਿਆਂ ਦੀ ਬਰਾਮਦੀ ਦੇ ਇਕ ਮਾਮਲੇ 'ਚ ਜ਼ਿਲਾ ਅਦਾਲਤ ਨੇ ਸੈਕਟਰ-38 ਨਿਵਾਸੀ ਰਾਜ ਤਿਲਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ 'ਤੇ 1 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਸੈਕਟਰ-39 ਥਾਣਾ ਪੁਲਸ ਨੇ ਉਸ ਕੋਲੋਂ 48 ਪਾਬੰਦੀਸ਼ੁਦਾ ਟੀਕੇ ਬਰਾਮਦ ਕੀਤੇ ਸਨ।
ਰਾਜ ਤਿਲਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ ਜਦੋਂ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਤਾਂ ਜਾਣਕਾਰੀ ਮਿਲਦਿਆਂ ਹੀ ਕੋਰਟ ਰੂਮ ਬਾਹਰ ਬੈਠੀ ਰਾਜ ਤਿਲਕ ਦੀ ਪਤਨੀ, ਧੀ ਤੇ ਪਰਿਵਾਰ ਦੇ ਹੋਰ ਮੈਂਬਰ ਰੋਂਦੇ ਹੋਏ ਕੋਰਟ ਰੂਮ ਅੰਦਰ ਚਲੇ ਗਏ। ਕੋਰਟ 'ਚ ਹੀ ਰਾਜ ਤਿਲਕ ਦੀ ਪਤਨੀ ਤੇ ਧੀ ਉਸ ਦੇ ਗਲ ਲੱਗ ਕੇ ਰੋਣ ਲੱਗ ਪਏ। 
ਰਾਜ ਤਿਲਕ ਦੇ ਪਰਿਵਾਰਕ ਮੈਂਬਰਾਂ ਨੂੰ ਕੋਰਟ ਤੋਂ ਬਾਹਰ ਕੱਢਣਾ ਉਥੇ ਤਾਇਨਾਤ ਪੁਲਸ ਕਰਮਚਾਰੀਆਂ ਲਈ ਮੁਸ਼ਕਲ ਹੋ ਗਿਆ। ਉਨ੍ਹਾਂ ਨੂੰ ਕੰਟਰੋਲ ਕਰਨ ਲਈ ਕੋਰਟ ਰੂਮ 'ਚ ਪੁਲਸ ਨੂੰ ਬੁਲਾਉਣਾ ਪਿਆ। ਪੁਲਸ ਕਰਮਚਾਰੀ ਰਾਜ ਤਿਲਕ ਤੇ ਉਸ ਦੇ ਪਰਿਵਾਰ ਨੂੰ ਕੋਰਟ ਰੂਮ ਤੋਂ ਬਾਹਰ ਲੈ ਗਏ ਪਰ ਇੱਥੇ ਵੀ ਉਸ ਦੀ ਧੀ ਤੇ ਪਤਨੀ ਉਸ ਦੇ ਗਲ ਲੱਗ ਕੇ ਰੋਣ ਲੱਗ ਪਈਆਂ ਤੇ ਪੁਲਸ ਦੇ ਹਟਾਉਣ 'ਤੇ ਵੀ ਨਹੀਂ ਹਟੀਆਂ। 
ਜਦੋਂ ਪੁਲਸ ਰਾਜ ਤਿਲਕ ਨੂੰ ਲੈ ਕੇ ਬਖਸ਼ੀਖਾਨੇ ਵੱਲ ਭੱਜੀ ਤਾਂ ਇਸ ਦੌਰਾਨ ਰਾਜ ਤਿਲਕ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਪਿੱਛੇ ਭੱਜਣ ਲੱਗੇ। ਹਾਲਾਤ ਵਿਗੜਦੇ ਵੇਖ ਕੇ ਕੋਰਟ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਨੇ ਰਸਤੇ ਵਿਚ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਰੋਕ ਲਿਆ।  


Related News