ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਰੋਕ ਕੇ ਕਿਸਾਨਾਂ ਕੀਤੀ ਨਾਅਰੇਬਾਜ਼ੀ

06/03/2018 6:20:56 AM

ਖੇਮਕਰਨ,   (ਗੁਰਮੇਲ, ਅਵਤਾਰ)-  ਦੇਸ਼ ਭਰ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਅੰਦੋਲਨ ਵਜੋਂ ਸਰਹੱਦੀ ਕਸਬਾ ਖੇਮਕਰਨ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਹੱਦੀ ਕਿਸਾਨਾਂ ਨੇ ਸ਼ਹਿਰ ਖੇਮਕਰਨ ਦੀ ਸਬਜ਼ੀ ਮੰਡੀ 'ਚ ਲਿਆਂਦੀ ਗਈ ਸਬਜ਼ੀ ਨੂੰ ਵੇਚਣ ਦੀ ਬਜਾਏ ਗੁ. ਸਾਹਿਬ ਵਿਖੇ ਭੇਜਿਆ ਅਤੇ ਡੇਅਰੀਆਂ 'ਤੇ ਜਾ ਕੇ ਦੁੱਧ ਦੀ ਸਪਲਾਈ ਵੀ ਬੰਦ ਕਰਵਾਈ ਗਈ। ਇਸ ਦੌਰਾਨ ਦੁਕਾਨਦਾਰਾਂ ਨਾਲ ਵੀ ਨੋਕ ਝੋਕ ਹੋਈ। 
ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਦੱਸਿਆ ਕਿ ਇਸ ਅੰਦੋਲਨ ਦੇ ਮੱਦੇਨਜ਼ਰ ਉਹ 1 ਜੂਨ ਤੋਂ 10 ਜੂਨ ਤੱਕ ਆਪਣੀਆਂ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਰੋਕ ਕੇ ਲਗਾਤਾਰ ਪ੍ਰਦਰਸ਼ਨ ਕਰਨਗੇ। ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਾਉਣ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨ ਸਬੰਧੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੀ ਯੂਨੀਅਨ ਵਲੋਂ ਅੱਜ ਖੇਮਕਰਨ ਦੇ ਬਾਹਰਵਾਰ ਆਪ ਨਿਗਰਾਨੀ ਕਰਕੇ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਨੂੰ ਬੰਦ ਕਰਵਾ ਕੇ ਸੜਕਾਂ 'ਤੇ ਸੁੱਟ ਕੇ ਰੋਸ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਪੱਤੂ, ਪ੍ਰਗਟ ਸਿੰਘ ਬੱਗਾ, ਹਰਜਿੰਦਰ ਸਿੰਘ ਭੰਬਾ, ਸਤਨਾਮ ਸਿੰਘ ਮੰਤਰੀ, ਸੇਵਕ ਸਿੰਘ, ਰਵੇਲ ਸਿੰਘ, ਕਰਨਬੀਰ ਸਿੰਘ, ਤਾਰਾ ਸਿੰਘ, ਅਰਜੁਨ ਸਿੰਘ, ਅੰਗਰੇਜ ਸਿੰਘ ਪੱਤੂ ਹਾਜ਼ਰ ਸਨ।


Related News