ਤੂਤੀਕੋਰਿਨ : ਰਾਹੁਲ ਦੇ ਬਿਆਨ ''ਤੇ ਵੈਦ ਦਾ ਜਵਾਬੀ ਹਮਲਾ, ਕਿਹਾ ''ਦੇਸ਼ ਤੇ ਸਮਾਜ ਨੂੰ ਵੰਡਣਾ ਚਾਹੁੰਦੇ''

05/25/2018 11:16:34 AM

ਨਵੀਂ ਦਿੱਲੀ— ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 'ਤੇ ਤਾਮਿਲਨਾਡੂ ਹਿੰਸਾ ਸਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਜਵਾਬੀ ਹਮਲਾ ਕੀਤਾ ਹੈ। ਸੰਘ ਦੇ ਜੁਆਇੰਟ ਸਕੱਤਰ ਮਨਮੋਹਨ ਵੈਦ ਨੇ ਵੀਰਵਾਰ ਕਿਹਾ ਕਿ ਕਾਂਗਰਸ ਅਤੇ ਉਸ ਦੇ ਪ੍ਰਧਾਨ ਰਾਹੁਲ ਗਾਂਧੀ ਦੇਸ਼ ਤੇ ਸਮਾਜ ਦਰਮਿਆਨ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਲੋਕਾਂ ਦੀ ਗੁਆਚੀ ਹਮਾਇਤ ਵਾਪਸ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਵੰਡ ਪਾਊ ਸਿਆਸਤ ਕਰਨ ਵਾਲਿਆਂ ਨੂੰ ਹੁਣ ਦੇਸ਼ ਨੇ ਨਕਾਰਨਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇਸ਼ ਹਿੱਤਾਂ ਲਈ ਜਾਤੀ, ਖੇਤਰ ਅਤੇ ਧਾਰਮਕ ਪਛਾਣ ਤੋਂ ਉੱਪਰ ਉੱਠ ਕੇ ਭਾਰਤ ਦੇ ਲੋਕਾਂ ਨੂੰ ਇਕਮੁੱਠ ਕਰਨ ਲਈ ਅਣਥੱਕ ਕੰਮ ਕਰ ਰਿਹਾ ਹੈ।
ਉਨ੍ਹਾਂ ਰਾਹੁਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਨਿਰਾਸ਼ਾ ਵਿਚ ਕਾਂਗਰਸ ਪਾਰਟੀ ਤੇ ਉਸ ਦੇ ਪ੍ਰਧਾਨ ਰਾਹੁਲ ਗਾਂਧੀ ਬੌਖਲਾ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਨੇ ਤਾਮਿਲਨਾਡੂ ਦੇ ਤੂਤੀਕੋਰਿਨ ਵਿਖੇ ਹੋਏ ਹਿੰਸਕ ਵਿਖਾਵਿਆਂ ਨੂੰ ਲੈ ਕੇ ਟਵੀਟ ਕੀਤਾ ਸੀ। ਰਾਹੁਲ ਨੇ ਕਿਹਾ ਸੀ ਕਿ ਆਰ. ਐੱਸ. ਐੱਸ. ਦੀ ਵਿਚਾਰਧਾਰਾ ਨਾ ਮੰਨਣ ਕਾਰਨ ਤਾਮਿਲ ਮਾਰੇ ਜਾ ਰਹੇ ਹਨ।
ਰਾਹੁਲ ਦੇ ਉਕਤ ਬਿਆਨ 'ਤੇ ਭਾਜਪਾ ਨੇ ਜਵਾਬੀ ਹਮਲਾ ਕੀਤਾ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਦਾ ਬਿਆਨ ਹਾਸੋਹੀਣਾ ਹੈ। ਸੂਬੇ ਦੇ ਮਾਮਲਿਆਂ ਵਿਚ ਕੇਂਦਰ ਸਰਕਾਰ ਦਾ ਬਹੁਤਾ ਦਖਲ ਨਹੀਂ ਹੁੰਦਾ।
ਓਧਰ ਡੀ. ਐੱਮ. ਕੇ. ਦੇ ਕਾਰਜਕਾਰੀ ਪ੍ਰਧਾਨ ਐੱਮ. ਕੇ ਸਟਾਲਿਨ ਨੇ ਤੂਤੀਕੋਰਿਨ ਮਾਮਲੇ ਵਿਚ ਮੁੱਖ ਮੰਤਰੀ ਪਲਾਨੀਸਵਾਮੀ ਅਤੇ ਡੀ. ਜੀ. ਪੀ. ਰਾਜਿੰਦਰਨ ਕੋਲੋਂ ਅਸਤੀਫਾ ਮੰਗਿਆ ਹੈ। ਘਟਨਾ ਨੂੰ ਮੁੱਖ ਰਖਦਿਆਂ ਉਨ੍ਹਾਂ ਕਰਨਾਟਕ ਦੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿਚ ਵੀ ਨਾ ਜਾਣ ਦਾ ਫੈਸਲਾ ਲਿਆ ਸੀ। ਸਟਾਲਿਨ ਨੇ ਕਿਹਾ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕਿਸੇ ਵੀ ਮੰਤਰੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਨਹੀਂ ਕੀਤਾ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ।


Related News