ਔਰਤ ਟਰੈਵਲ ਏਜੰਟ ਵੱਲੋਂ ਠੱਗੀ ਦਾ ਸ਼ਿਕਾਰ ਹੋਏ 19 ਨੌਜਵਾਨਾਂ ਦਾ ਵਫਦ ਐੱਸ. ਪੀ. ਨੂੰ ਮਿਲਿਆ
Tuesday, Jun 05, 2018 - 12:55 AM (IST)

ਬਟਾਲਾ, (ਬੇਰੀ, ਖੋਖਰ)- ਬਿਆਸ ਦੀ ਰਹਿਣ ਵਾਲੀ ਔਰਤ ਟਰੈਵਲ ਏਜੰਟ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋਏ 19 ਨੌਜਵਾਨਾਂ ਦੇ ਵਫਦ ਨੇ ਅੱਜ ਐੱਸ. ਐੱਸ. ਪੀ. ਦਫਤਰ ’ਚ ਐੱਸ. ਪੀ. ਇੰਨਵੈਸਟੀਗੇਸ਼ਨ ਸੂਬਾ ਸਿੰਘ ਨੂੰ ਮਿਲ ਕੇ ਉਕ ਏਜੰਟ ਵਿਰੁੱਧ ਇਕ ਦਰਖਾਸਤ ਰੂਪੀ ਮੰਗ ਪੱਤਰ ਦਿੱਤਾ।
ਵਫਦ ’ਚ ਸ਼ਾਮਲ ਨੌਜਵਾਨਾਂ ਸਾਹਿਬ ਸਿੰਘ, ਸਤਨਾਮ ਸਿੰਘ, ਡਿੰਪਲ ਸਿੰਘ, ਜਗਰੂਪ ਸਿੰਘ, ਹਰਜਿੰਦਰ ਸਿੰਘ, ਗੁਰਵੇਲ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਜੋਬਨਦੀਪ ਸਿੰਘ, ਰਣਜੀਤ ਸਿੰਘ, ਪਰਮਵੀਰ ਸਿੰਘ, ਇੰਦਰਜੀਤ ਸਿੰਘ, ਸੰਦੀਪ ਕੁਮਾਰ, ਅਮਿਤ ਕੁਮਾਰ, ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਦਲਜੀਤ ਸਿੰਘ, ਰੌਬਿਨ, ਹਰਜਿੰਦਰ ਸਿੰਘ ਆਦਿ ਨੇ ਐੱਸ. ਪੀ. ਸੂਬਾ ਸਿੰਘ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਔਰਤ ਟਰੈਵਲ ਏਜੰਟ ਜੋ ਕਿ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ, ਨੇ ਆਪਣਾ ਦਫਤਰ ਬਿਆਸ ਸਥਿਤ ਰਾਧਾ ਸਵਾਮੀ ਹਸਪਤਾਲ ਦੇ ਨੇਡ਼ੇ ਖੋਲ੍ਹਿਆ ਹੋਇਆ ਹੈ ਅਤੇ ਸੰਬੰਧਤ ਔਰਤ ਏਜੰਟ ਨੇ ਸਾਡੇ ਸਾਰਿਆਂ ਕੋਲੋਂ ਦੁਬੱਈ ਭੇਜਣ ਦੇ ਨਾਮ ’ਤੇ ਕੁਲ 90-90 ਹਜ਼ਾਰ ਰੁਪਏ ਅਤੇ ਪਾਸਪੋਰਟ ਇਹ ਕਹਿ ਕੇ ਲਏ ਸੀ ਕਿ ਉਹ ਉਨ੍ਹਾਂ ਨੂੰ ਚੰਗੀ ਕੰਪਨੀ ’ਚ ਐਡਜਸਟ ਕਰਵਾ ਦੇਵੇਗੀ ਪਰ ਉਕਤ ਏਜੰਟ ਨੇ ਸਾਨੂੰ ਇਕ-ਇਕ ਮਹੀਨੇ ਦਾ ਵੀਜ਼ ਲਗਵਾ ਕੇ ਵੱਖ-ਵੱਖ ਦੁਬੱਈ ਤਾਂ ਭੇਜ ਦਿੱਤਾ ਪਰ ਸਾਨੂੰ ਉਥੇ ਕਿਸੇ ਕੰਪਨੀ ਨੇ ਕੰਮ ਨਹੀਂ ਦਿੱਤਾ ਅਤੇ ਅਸੀਂ ਭਟਕ ਕੇ ਉਥੋਂ ਵਾਪਸ ਆ ਗਏ ਅਤੇ ਸੰਬੰਧਤ ਉਕਤ ਔਰਤ ਏਜੰਟ ਨੂੰ ਮਿਲ ਕੇ ਉਸ ਨੂੰ ਕਿਹਾ ਕਿ ਤੁਸੀ ਸਾਡਾ ਵੀਜ਼ਾ ਗਲਤ ਢੰਗ ਨਾਲ ਲਗਵਾਇਆ ਹੈ ਅਤੇ ਅਸੀਂ ਤੁਹਾਡੇ ਵਿਰੁੱਧ ਕਾਰਵਾਈ ਕਰਵਾਵਾਂਗੇ, ਜਿਸ ’ਤੇ ਹੁਣ ਸੰਬੰਧਤ ਏਜੰਟ ਸੁਸਾਇਡ ਕਰਨ ਦੀਆਂ ਧਮਕੀਆਂ ਦਿੰਦੀ ਹੈ। ਨੌਜਵਾਨਾਂ ਦੇ ਵਫਦ ਨੇ ਐੱਸ. ਪੀ. ਸੂਬਾ ਸਿੰਘ ਤੋਂ ਮੰਗ ਕੀਤੀ ਕਿ ਸੰਬੰਧਤ ਔਰਤ ਟਰੈਵਲ ਏਜੰਟ ਵਿਰੁੱਧ ਸਖਤ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ।