ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਧਮਕੀ ਮਗਰੋਂ ਹਰਜਿੰਦਰ ਧਾਮੀ ਨੂੰ ਮਿਲਿਆ ਭਾਜਪਾ ਵਫਦ

Wednesday, Jul 16, 2025 - 08:00 PM (IST)

ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਧਮਕੀ ਮਗਰੋਂ ਹਰਜਿੰਦਰ ਧਾਮੀ ਨੂੰ ਮਿਲਿਆ ਭਾਜਪਾ ਵਫਦ

ਅੰਮ੍ਰਿਤਸਰ : ਪਿਛਲੇ ਤਿੰਨ ਦਿਨਾਂ ਤੋਂ ਦੇਸ਼ ਵਿਰੋਧੀ ਤੱਤਾਂ ਵੱਲੋਂ ਆਸਥਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਦੇ ਮੁੱਦੇ 'ਤੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਹੇਠ ਭਾਜਪਾ ਦੇ ਇੱਕ ਵਫ਼ਦ ਨੇ ਸ਼੍ਰੋਮਣੀ ਕਮੇਟੀ ਦੇ ਮੁਖੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨਾਲ ਮੁਲਾਕਾਤ ਕੀਤੀ। ਮਲਿਕ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭਰੋਸਾ ਦਿੱਤਾ ਕਿ ਮੋਦੀ ਸਰਕਾਰ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ, ਹਰ ਭਾਜਪਾ ਵਰਕਰ ਗੁਰੂ ਧਾਮ ਦੀ ਸੇਵਾ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰਪਿਤ ਹੈ।

ਦੱਸ ਦਈਏ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਤੀਜੀ ਈਮੇਲ ਮਿਲੀ ਹੈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਇਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਦਿੱਤੀ ਗਈ ਧਮਕੀ ਦੱਸ ਰਹੇ ਹਨ ਪਰ ਪੰਜਾਬ ਪੁਲਸ ਅਤੇ ਰਾਜ ਸੁਰੱਖਿਆ ਏਜੰਸੀਆਂ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਹਾਈ ਅਲਰਟ ’ਤੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਚੌਕੀ ਗਲਿਆਰਾ ਦੀ ਪੰਜਾਬ ਪੁਲਸ ਹਰਕਤ ਵਿਚ ਆ ਗਈ ਹੈ, ਉੱਥੇ ਹੀ ਦੁਪਹਿਰ ਬਾਅਦ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਆਲਾ-ਦੁਆਲੇ ਦਾ ਚੱਪਾ-ਚੱਪਾ ਡੌਗ ਸਕੁਐਟ ਟੀਮ ਨਾਲ ਖੰਗਾਲਿਆ। 

ਧਮਕੀ ਭਰੀ ਈ-ਮੇਲ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੌਕਸੀ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ, ਪ੍ਰਕਰਮਾ, ਲੰਗਰ ਹਾਲ ਅਤੇ ਸਰਾਵਾਂ ਅਤੇ ਟਾਸਕ ਫੋਰਸ ਤਾਇਨਾਤ ਕਰ ਕੇ ਹਰ ਆਉਣ-ਜਾਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਸ਼ੱਕੀ ਵਿਅਕਤੀਆਂ ਦੀ ਵੀ ਤਲਾਸ਼ੀ ਲੈ ਕੇ ਪੂਰੀ ਤਰ੍ਹਾਂ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਹੈ।


author

Baljit Singh

Content Editor

Related News