ਦੁਕਾਨਦਾਰ ਨੇ ਪੈਸੇ ਦੁੱਗਣੇ ਕਰਨ ਦੇ ਲਾਲਚ ''ਚ 25 ਹਜ਼ਾਰ ਤੇ ਅੰਗੂਠੀ ਗਵਾਈ
Friday, May 18, 2018 - 12:42 AM (IST)

ਕਲਾਨੌਰ/ਗੁਰਦਾਸਪੁਰ, (ਵਿਨੋਦ, ਵਤਨ)- ਪੁਲਸ ਸਟੇਸ਼ਨ ਘੁੰਮਣ ਕਲਾਂ ਅਧੀਨ ਪੈਂਦੇ ਪਿੰਡ ਬਾਂਗੋਵਾਣੀ ਵਿਚ ਇਕ ਦੁਕਾਨਦਾਰ ਨੇ ਪੈਸੇ ਅਤੇ ਸੋਨੇ ਨੂੰ ਦੁੱਗਣਾ ਕਰਨ ਦੇ ਲਾਲਚ ਵਿਚ 25 ਹਜ਼ਾਰ ਰੁਪਏ ਤੇ ਇਕ ਸੋਨੇ ਦੀ ਅੰਗੂਠੀ ਗਵਾ ਲਈ।
ਉਕਤ ਠੱਗੀ ਦਾ ਸ਼ਿਕਾਰ ਹੋਏ ਪਿੰਡ ਬਾਂਗੋਵਾਣੀ ਦੇ ਦੁਕਾਨਦਾਰ ਚੈਂਚਲ ਸਿੰਘ ਨੇ ਦੱਸਿਆ ਕਿ ਦੁਪਹਿਰ ਨੂੰ 2 ਵਿਅਕਤੀ ਉਸ ਦੀ ਦੁਕਾਨ 'ਤੇ ਆਏ ਅਤੇ ਉਸ ਨੂੰ ਗੱਲਾਂ 'ਚ ਉਲਝਾ ਲਿਆ ਅਤੇ ਪੈਸੇ ਤੇ ਸੋਨੇ ਨੂੰ ਦੁੱਗਣਾ ਕਰਨ ਦਾ ਲਾਲਚ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਉਕਤ ਨੌਜਵਾਨਾਂ ਦੀਆਂ ਗੱਲਾਂ 'ਚ ਆ ਕੇ ਗਲੇ ਵਿਚ ਪਈ 25000 ਰੁਪਏ ਦੀ ਨਕਦੀ ਤੇ ਇਕ ਸੋਨੇ ਦੀ ਅੰਗੂਠੀ ਉਨ੍ਹਾਂ ਨੂੰ ਫੜਾ ਦਿੱਤੀ। ਉਕਤ ਨੌਸਰਬਾਜ਼ਾਂ ਨੇ ਨਕਦੀ ਤੇ ਅੰਗੂਠੀ ਉਸ ਦੇ ਸਾਹਮਣੇ ਹੀ ਇਕ ਰਮਾਲ ਵਿਚ ਬੰਨ੍ਹੀ ਅਤੇ ਆਪਣਾ ਖੇਡ ਖੇਡਦੇ ਹੋਏ ਉਸ ਨੂੰ ਰੁਮਾਲ ਤੇ ਇਕ ਤਵੀਤ ਦੇ ਗਏ ਅਤੇ ਇਸ ਤੋਂ ਬਾਅਦ ਦੋਵੇਂ ਉਥੋਂ ਫਰਾਰ ਹੋ ਗਏ। ਜਦੋਂ ਕੁਝ ਸਮੇਂ ਬਾਅਦ ਉਨ੍ਹਾਂ ਰੁਮਾਲ ਨੂੰ ਖੋਲ੍ਹਿਆ ਤਾਂ ਉਸ 'ਚ ਕਾਗਜ਼ ਤੇ ਛੋਟੇ-ਛੋਟੇ ਪੱਥਰ ਦੇ ਟੁਕੜੇ ਸਨ। ਜਦੋਂ ਉਕਤ ਠੱਗਾਂ ਦੀ ਤਲਾਸ਼ ਕੀਤੀ ਤਾਂ ਉਹ ਉਥੋਂ ਫਰਾਰ ਹੋ ਚੁੱਕੇ ਸਨ। ਚੈਂਚਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।