ਸਰਕਾਰੀ ਐਲੀਮੈਂਟਰੀ ਸਕੂਲ ਮੁੱਦਾ ''ਚ ਸ਼ਰਾਰਤੀ ਅਨਸਰਾਂ ਕੀਤੀ ਭੰਨ-ਤੋੜ

Tuesday, May 15, 2018 - 01:34 AM (IST)

ਸਰਕਾਰੀ ਐਲੀਮੈਂਟਰੀ ਸਕੂਲ ਮੁੱਦਾ ''ਚ ਸ਼ਰਾਰਤੀ ਅਨਸਰਾਂ ਕੀਤੀ ਭੰਨ-ਤੋੜ

ਪਠਾਨਕੋਟ/ਸੁਜਾਨਪੁਰ, (ਸ਼ਾਰਦਾ, ਹੀਰਾ ਲਾਲ, ਸਾਹਿਲ)- ਜ਼ਿਲਾ ਪਠਾਨਕੋਟ ਦੇ ਅਧੀਨ ਆਉਂਦੇ ਪਿੰਡ ਮੁੱਦਾ ਵਿਚ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨ-ਤੋੜ ਨਾਲ ਸਕੂਲ ਪ੍ਰਬੰਧਕ ਅਤੇ ਵਿਦਿਆਰਥੀਆਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਸਵੇਰੇ ਜਿਉਂ ਹੀ ਸਟਾਫ਼ ਅਤੇ ਵਿਦਿਆਰਥੀ ਰੋਜ਼ਾਨਾ ਦੀ ਤਰ੍ਹਾਂ ਸਕੂਲ ਪੁੱਜੇ ਤਾਂ ਉਥੇ ਹੋਈ ਭੰਨ-ਤੋੜ ਨੂੰ ਦੇਖ ਕੇ ਹੈਰਾਨ ਰਹਿ ਗਏ। ਸਕੂਲ ਵਿਚ ਬੱਚਿਆਂ ਦੇ ਪੀਣ ਦੇ ਪਾਣੀ ਲਈ ਲਗਾਈਆਂ ਗਈਆਂ ਸਾਰੀਆਂ ਟੂਟੀਆਂ,ਦਰਵਾਜ਼ੇ ਤੇ ਖਿੜਕੀਆਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ ਗਿਆ ਸੀ। ਪਿੰਡ ਵਾਸੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਭੰਨ-ਤੋੜ ਦੀ ਸਾਜ਼ਿਸ਼ ਸਥਾਨਕ ਕੁਝ ਅਣ-ਪਛਾਲੇ ਲੋਕਾਂ ਵੱਲੋਂ ਕੀਤੀ ਗਈ ਹੈ ਕਿਉਂਕਿ ਸਕੂਲ ਅਤੇ ਪਿੰਡ ਦੇ ਬਾਹਰ ਇਕ ਖਾਲੀ ਜਗ੍ਹਾ ਹੈ, ਜਿਥੇ ਨਸ਼ੇੜੀ ਅਤੇ ਜੁਆਰੀਏ ਬੈਠੇ ਰਹਿੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਨਸ਼ਾ ਅਤੇ ਜੂਆ ਖੇਡਣ ਤੋਂ ਮਨਾ ਕਰਦੇ ਹਨ ਤਾਂ ਉਹ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਅੱਜ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। 
ਇਸ ਸਬੰਧੀ  ਅਧਿਆਪਕ ਸੁਰੇਖਾ ਦੇਵੀ ਨੇ ਕਿਹਾ ਕਿ ਜੇਕਰ ਸ਼ਰਾਰਤੀ ਅਨਸਰ ਸਕੂਲ ਵਿਚ ਭੰਨ-ਤੋੜ ਅਤੇ ਟੂਟੀਆਂ ਨੂੰ ਪੁੱਟ ਸਕਦੇ ਹਨ ਤਾਂ ਉਹ ਸਕੂਲ ਵਿਚ ਪਾਣੀ ਦੀ ਟੈਂਕੀ ਜਾਂ ਫਿਰ ਮਿਡ-ਡੇ ਮੀਲ ਦੇ ਰਾਸ਼ਨ ਵਿਚ ਕੋਈ ਜ਼ਹਿਰੀਲਾ ਪਦਾਰਥ ਵੀ ਮਿਲਾ ਸਕਦੇ ਹਨ, ਜਿਸ ਨਾਲ ਬੱਚਿਆਂ ਅਤੇ ਅਧਿਆਪਕਾਂ ਨੂੰ ਖਤਰਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਘਟਨਾ ਵਿਚ ਸ਼ਾਮਲ ਅਨਸਰਾਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਵਿਚ ਇਕ ਚੌਕੀਦਾਰ ਰੱਖਣ ਲਈ ਵੀ ਅਪੀਲ ਕੀਤੀ।
ਕੀ ਕਹਿਣਾ ਹੈ ਬੀ. ਡੀ. ਪੀ. ਓ. ਤੇ ਡੀ. ਈ. ਓ. ਐਲੀਮੈਂਟਰੀ ਦਾ
ਇਸ ਸਬੰਧੀ ਬੀ. ਡੀ. ਪੀ. ਓ. ਸੁਭਾਸ਼ ਚੰਦਰ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲ ਗਈ ਹੈ, ਉਹ ਅਜੇ ਡਿਪਟੀ ਕਮਿਸ਼ਨਰ ਦੀ ਮੀਟਿੰਗ ਵਿਚ ਹਨ ਅਤੇ ਮੀਟਿੰਗ ਦੇ ਬਾਅਦ ਮੌਕੇ 'ਤੇ ਪੁੱਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਅਧਿਆਪਕਾ ਵੰਦਨਾ ਨੂੰ ਪੁਲਸ ਨੂੰ ਸੂਚਿਤ ਕਰਨ ਲਈ ਕਹਿ ਦਿੱਤਾ ਹੈ। ਇਸ ਸਬੰਧੀ ਡੀ. ਈ. ਓ. ਐਲੀਮੈਂਟਰੀ ਕੁਲਵੰਤ ਸਿੰਘ ਬਾਹਲਾ ਨਾਲ ਵਾਰ-ਵਾਰ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। 
ਘਟਨਾ ਦਾ ਜਾਇਜ਼ਾ ਲੈਣ ਲਈ ਮੁਲਾਜ਼ਮ ਭੇਜ ਦਿੱਤੇ ਹਨ : ਥਾਣਾ ਮੁਖੀ
ਇਸ ਸਬੰਧ ਵਿਚ ਥਾਣਾ ਮੁਖੀ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲੈਣ ਲਈ ਮੁਲਾਜ਼ਮ ਭੇਜ ਦਿੱਤੇ ਹਨ ਅਤੇ ਉਹ  ਖੁਦ ਵੀ ਜਾ ਕੇ ਮੌਕੇ ਦਾ ਜਾਇਜ਼ਾ ਲੈ ਕੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕਰਨਗੇ। 


Related News