ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਨਿਰੰਤਰ ਜਾਰੀ

05/24/2018 12:03:42 AM

ਮਾਹਿਲਪੁਰ, (ਜ.ਬ.)- ਮਾਹਿਲਪੁਰ ਇਲਾਕੇ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸਰਕਾਰ ਅਤੇ ਪ੍ਰਸ਼ਾਸਨ ਸੈਟੇਲਾਈਟ ਸਿਸਟਮ ਦੀ ਮਦਦ ਨਾਲ ਇਸ ਰੁਝਾਨ ਨੂੰ ਰੋਕਣ ਲਈ ਪੂਰੀ ਸਖ਼ਤੀ ਵਰਤਣ ਦਾ ਦਾਅਵਾ ਤਾਂ ਕਰ ਰਹੇ ਹਨ ਪਰ ਫਿਰ ਵੀ ਕੁਝ ਕਿਸਾਨਾਂ ਵੱਲੋਂ ਕਾਨੂੰਨ ਨੂੰ ਠੇਂਗਾ ਦਿਖਾਉਂਦਿਆਂ ਬਿਨਾਂ ਕਿਸੇ ਡਰ ਤੋਂ ਕਣਕ ਦੇ ਨਾੜ ਨੂੰ ਅੱਗ ਲਾਈ ਜਾ ਰਹੀ ਹੈ, ਜਿਸ 'ਤੇ ਰੋਕ ਲਾਉਣ ਵਿਚ ਪ੍ਰਸ਼ਾਸਨ ਬੇਵੱਸ ਜਾਪਦਾ ਹੈ। ਪਿਛਲੇ ਦਿਨੀਂ ਝੁੱਲੇ ਝੱਖੜ ਵਿਚ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਪਸ਼ੂ, ਚਾਰਾ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਏ, ਇਸ ਲਈ ਕੌਣ ਜ਼ਿੰਮੇਵਾਰ ਹੈ? ਖੇਤਾਂ ਵਿਚ ਲੱਗੀ ਅੱਗ ਕੀ ਝੱਖੜ ਆਪਣੇ ਨਾਲ ਲਿਆਇਆ ਸੀ, ਨਹੀਂ ਸਗੋਂ ਉਕਤ ਨੁਕਸਾਨ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਹੋਇਆ। ਕਣਕ ਦੇ ਨਾੜ ਨੂੰ ਅੱਗ ਲਾਉਣ ਦੀਆਂ ਸਾਹਮਣੇ ਆ ਰਹੀਆਂ ਘਟਨਾਵਾਂ ਨਾ ਰੁਕਣ ਕਾਰਨ ਜ਼ਿਲਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। 
ਬੇਸ਼ੱਕ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਨਾੜ ਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਦਿਲ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਦੇ ਨਾਲ-ਨਾਲ ਚਮੜੀ ਅਤੇ ਕੈਂਸਰ ਵਰਗੀਆਂ ਲਾਇਲਾਜ ਬੀਮਾਰੀਆਂ ਹੋ ਜਾਂਦੀਆਂ ਹਨ, ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ 'ਤੇ ਅਸਰ ਪੈਂਦਾ ਹੈ ਤੇ ਉਨ੍ਹਾਂ ਨੂੰ ਦਮੇ ਵਰਗੀ ਬੀਮਾਰੀ ਲੱਗ ਜਾਂਦੀ ਹੈ, ਕਿਸਾਨਾਂ ਦੇ ਮਿੱਤਰ ਕੀੜੇ ਮਾਰੇ ਜਾਂਦੇ ਹਨ ਪਰ ਇਹ ਗੱਲਾਂ ਅਮਲੀ ਰੂਪ ਵਿਚ ਲਾਗੂ ਨਹੀਂ ਹੋ ਰਹੀਆਂ।    
ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅਸ਼ੋਕ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਵਾਲਿਆਂ ਦੇ 100 ਤੋਂ ਵੱਧ ਚਲਾਨ ਕੱਟੇ ਹਨ। ਅੱਗ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਪੁਲਸ ਨੇ ਕਰਨੀ ਹੁੰਦੀ ਹੈ। ਰਾਜ ਕੁਮਾਰ ਡੀ. ਐੱਸ. ਪੀ. ਗੜ੍ਹਸ਼ੰਕਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਵਾਲਿਆਂ ਵਿਰੁੱਧ ਪੂਰੀ ਸਖਤੀ ਵਰਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ ਕਈ ਲੋਕਾਂ ਵਿਰੁੱਧ ਮਾਮਲੇ ਵੀ ਦਰਜ ਕੀਤੇ ਗਏ ਹਨ। 


Related News