ਮੋਟਰਸਾਈਕਲ ਮਕੈਨਿਕ ਦੀਆਂ ਦੋ ਦੁਕਾਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
Tuesday, Jun 18, 2024 - 04:06 PM (IST)
ਮਲੋਟ (ਜੁਨੇਜਾ) : ਅੱਜ ਸਵੇਰੇ ਅਬੋਹਰ-ਫਾਜ਼ਿਲਕਾ ਚੌਕ ਵਿਚ ਦੋ ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ 8-10 ਮੋਟਰਸਾਈਕਲ ਤੇ ਹੋਰ ਸਾਮਾਨ ਸੜ ਗਿਆ। ਇਸ ਨਾਲ ਦੁਕਾਨਦਾਰ ਅਤੇ ਗਾਹਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਦੁਕਾਨਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ। ਅੱਜ ਸਵੇਰੇ ਚਾਰ ਵਜੇ ਉਸਨੂੰ ਪਤਾ ਲੱਗਾ ਕਿ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਇਸ ਸਬੰਧੀ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ’ਤੇ ਫਾਇਰ ਬ੍ਰਿਗੇਡ ਦੀ ਟੀਮ ਪੁੱਜ ਗਈ ਸੀ ਅਤੇ ਟੀਮ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਦੀ ਲਪੇਟ ਵਿਚ ਆਈਆਂ ਦੋਵੇਂ ਦੁਕਾਨਾਂ ਅੰਦਰ ਗਾਹਕਾਂ ਦੇ ਮੁਰੰਮਤ ਲਈ ਆਏ 9-10 ਮੋਟਰਸਾਈਕਲ ਤੇ ਹੋਰ ਸਾਮਾਨ ਸੜ ਗਿਆ।
ਟੀਮ ਵਲੋਂ ਅੱਗ ’ਤੇ ਕਾਬੂ ਪਾਉਣ ਨਾਲ ਨੇੜੇ ਦੀਆਂ ਦੁਕਾਨਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ। ਇਨ੍ਹਾਂ ਵਿਚੋਂ ਵਧੇਰੇ ਮੋਟਰਸਾਈਕਲ ਤਾਂ ਬਿਲਕੁੱਲ ਸਵਾਹ ਹੀ ਹੋ ਗਏ, ਜਿਸ ਨਾਲ ਉਸਦਾ ਅਤੇ ਗਾਹਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨਦਾਰ ਇਨ੍ਹਾਂ ਦੁਕਾਨਾਂ ਵਿਚ ਕਿਰਾਏ ’ਤੇ ਰਹਿੰਦਾ ਸੀ। ਅੱਗਜਨੀ ਦੀ ਘਟਨਾ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਮਕੈਨਿਕ ਨੇ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ।