ਅਸਮਾਨ ਤੋਂ ਵਰ੍ਹ ਰਹੀ ਅੱਗ, ਅੱਜ ਤਿੰਨ ਡਿਗਰੀ ਤਾਪਮਾਨ ਦਾ ਹੋ ਸਕਦੈ ਵਾਧਾ, ਐਡਵਾਈਜ਼ਰੀ ਜਾਰੀ

06/03/2024 6:37:17 PM

ਅੰਮ੍ਰਿਤਸਰ (ਜਸ਼ਨ)-ਲਗਾਤਾਰ ਚੱਲ ਰਹੀ ਹੀਟ ਵੇਵ (ਲੂ) ਅਤੇ ਪ੍ਰਚੰਡ ਗਰਮੀ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਤੇਜ਼ ਗਰਮੀ ਤੋਂ ਕੋਈ ਰਾਹਤ ਮਿਲਣ ਅਜੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ ਅਤੇ ਇਹ ਕਹਿਰ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਹੋਰ ਵੀ ਸਤਾਵੇਗਾ। ਸੋਮਵਾਰ ਯਾਨੀ ਅੱਜ ਵੱਧ ਤੋਂ ਵੱਧ ਤਾਪਮਾਨ 3 ਡਿਗਰੀ ਹੋਰ ਵਧਣ ਦੇ ਪੂਰੇ ਆਸਾਰ ਹਨ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ। ਦੱਸ ਦਈਏ ਕਿ ਜਿੱਥੇ ਇਕ ਪਾਸੇ ਹੀਟ ਵੇਵ ਅਤੇ ਪ੍ਰਚੰਡ ਗਰਮੀ ਕਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਇਸ ਅੱਤ ਦੀ ਗਰਮੀ ਕਾਰਨ ਪਸ਼ੂ-ਪੰਛੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਲੋਕ ਸਭਾ ਉਮੀਦਵਾਰਾਂ ਲਈ ਜਾਰੀ ਕੀਤੇ ਹੁਕਮ

ਇਸ ਦੌਰਾਨ ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੋਣ ’ਤੇ ਹੀ ਬਾਹਰ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅੱਤ ਦੀ ਗਰਮੀ ਕਾਰਨ ਡੀ-ਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਕਹਿਰ ਦੀ ਗਰਮੀ ਕਾਰਨ ਜਿੱਥੇ ਸਥਾਨਕ ਲੋਕ ਘਰਾਂ ਦੇ ਅੰਦਰ ਹੀ ਵੜੇ ਰਹਿਣ ਲਈ ਮਜ਼ਬੂਰ ਹਨ, ਉੱਥੇ ਹੀ ਗੁਰੂ ਨਗਰੀ ਆਉਣ ਵਾਲੇ ਸੈਲਾਨੀਆਂ ਨੂੰ ਵੀ ਅੱਤ ਦੀ ਗਰਮੀ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜਿਹੜੀਆਂ ਸੜਕਾਂ ਦਿਨ ਭਰ ਆਵਾਜਾਈ ਨਾਲ ਭਰੀਆਂ ਰਹਿੰਦੀਆਂ ਸਨ, ਅੱਜ ਕੱਲ ਲਗਭਗ ਪੂਰੀ ਤਰ੍ਹਾਂ ਸੁੰਨਸਾਨ ਦਿਖਾਈ ਦਿੰਦੀਆਂ ਹਨ। ਇਸ ਦੇ ਨਾਲ ਹੀ ਭਿਆਨਕ ਗਰਮੀ ਦੇ ਨਾਲ-ਨਾਲ ਤੇਜ਼ ਹਵਾਵਾਂ (ਹੀਟ ਵੇਵ) ਦਾ ਵੀ ਬੁਰਾ ਪ੍ਰਭਾਵ ਪਿਆ ਹੈ। ਸਥਿਤੀ ਇਸ ਪੱਧਰ ’ਤੇ ਪਹੁੰਚ ਗਈ ਹੈ ਕਿ ਕਾਰਾਂ ’ਚ ਲੱਗੇ ਏ. ਸੀ. ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੇ ਹਨ। ਲੋਕ ਚਿੰਤਤ ਹਨ ਕਿ ਜੇਕਰ ਹਾਲਾਤ ਪਹਿਲਾਂ ਹੀ ਅਜਿਹੇ ਗੰਭੀਰ ਮੋੜ ਲੈ ਚੁੱਕੇ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਸਥਿਤੀ ਕੀ ਹੋਵੇਗੀ?

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ 50.33 ਫ਼ੀਸਦੀ ਵੋਟਿੰਗ ; ਪੰਜਾਬ ਦੇ 13 ਹਲਕਿਆਂ 'ਚੋਂ ਸਭ ਤੋਂ ਘੱਟ

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 8 ਵਜੇ ਸ਼ਹਿਰ ਦਾ ਪਾਰਾ (ਤਾਪਮਾਨ) 33 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਸੀ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਰਮੀ ਲੋਕਾਂ ਨੂੰ ਦਿਨ ਵੇਲੇ ਹੀ ਨਹੀਂ ਸਗੋਂ ਰਾਤ ਨੂੰ ਵੀ ਪ੍ਰੇਸ਼ਾਨ ਕਰ ਰਹੀ ਹੈ। ਦਿਨ ਭਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਅਤੇ ਦਿਨ ਦਾ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦਾ ਸਪੱਸ਼ਟ ਕਹਿਣਾ ਹੈ ਕਿ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਇਹ ਤੈਅ ਹੈ। ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿਚ ਮੌਸਮ ਖੁਸ਼ਕ ਅਤੇ ਗਰਮ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ-  ਗੁਰਦਾਸਪੁਰ 'ਚ ਮੁਕੰਮਲ ਹੋਈ ਚੋਣ ਪ੍ਰਕਿਰਿਆ, ਹਲਕੇ 'ਚ 64.66 ਫ਼ੀਸਦੀ ਹੋਈ ਵੋਟਿੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News