ਚੱਢਾ ਮਿੱਲ ਮਾਮਲੇ ''ਚ ''ਆਪ'' ਖੜਕਾਏਗੀ ਐੱਨ. ਜੀ. ਟੀ. ਦਾ ਦਰਵਾਜ਼ਾ

Wednesday, May 23, 2018 - 07:04 AM (IST)

ਚੰਡੀਗੜ੍ਹ(ਰਮਨਜੀਤ)-ਕੀੜੀ ਅਫ਼ਗਾਨਾ ਸਥਿਤ ਚੱਢਾ ਸ਼ੂਗਰ ਮਿੱਲ ਵਲੋਂ ਬਿਆਸ ਦਰਿਆ ਵਿਚ ਫੈਲਾਏ ਗਏ ਪ੍ਰਦੂਸ਼ਣ ਦਾ ਮਾਮਲਾ ਬੁੱਧਵਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਪਹੁੰਚੇਗਾ। ਇਸ ਮਾਮਲੇ ਨੂੰ ਐੱਨ. ਜੀ. ਟੀ. ਲਿਜਾਣ ਦਾ ਐਲਾਨ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ ਹੈ। 'ਆਪ' ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਕਦਮ ਇਸ ਲਈ ਜ਼ਰੂਰੀ ਹੋ ਗਿਆ ਸੀ ਕਿਉਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਮੁੱਢਲੇ ਤੌਰ 'ਤੇ ਇੰਡਸਟਰੀਅਲ ਰਹਿੰਦ-ਖੂੰਹਦ ਦੇ ਦਰਿਆਵਾਂ ਵਿਚ ਪਾਏ ਜਾਣ ਨਾਲ ਸੂਬੇ ਦੇ ਦਰਿਆਵਾਂ ਵਿਚਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਣ ਦੀ ਹਿਫਾਜਤ ਕਰਨ ਵਿਚ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੀ. ਪੀ. ਸੀ. ਬੀ. ਸਿਆਸੀ ਦਬਾਅ ਹੇਠ ਕੰਮ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਹ ਇਕ ਖੁੱਲ੍ਹਾ ਭੇਤ ਹੈ ਕਿ ਸਵ. ਪੋਂਟੀ ਚੱਢਾ ਅਤੇ ਦਿੱਲੀ ਦੇ ਸਰਨਿਆਂ ਦੇ ਪਰਿਵਾਰਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਡੂੰਘੀ ਨੇੜਤਾ ਹੈ, ਇਸ ਲਈ ਸਰਕਾਰ ਅਤੇ ਪੀ. ਪੀ. ਸੀ. ਬੀ. ਸਾਡੇ ਦਰਿਆਵਾਂ ਦੀ ਹੋ ਰਹੀ ਤਬਾਹੀ 'ਤੇ ਅੱਖਾਂ ਬੰਦ ਕਰੀ ਬੈਠੇ ਹਨ। ਉਨਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਚਿੰਤਾ ਹੋਈ ਕਿ ਵਿਵਾਦਿਤ ਬੁੱਢੇ ਨਾਲੇ ਵਿਚ ਲੁਧਿਆਣਾ ਸ਼ਹਿਰ ਅਤੇ ਹੋਰਨਾਂ ਪਿੰਡਾਂ ਦਾ ਬਿਨਾਂ ਟ੍ਰੀਟਮੈਂਟ ਕੀਤਾ ਸੀਵਰੇਜ ਦਾ ਪਾਣੀ, ਮੈਡੀਕਲ ਅਤੇ ਇੰਡਸਟਰੀਅਲ ਜ਼ਹਿਰੀਲੀ ਰਹਿੰਦ ਖੂੰਹਦ ਵੱਡੇ ਪੱਧਰ 'ਤੇ ਪਾਈ ਜਾ ਰਹੀ ਹੈ।  ਖੁਦ ਨੂੰ ਪਾਣੀਆਂ ਦਾ ਰਾਖਾ ਅਖਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਇਹ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਮਾਲਵਾ ਖੇਤਰ ਵਿਸ਼ੇਸ਼ ਤੌਰ 'ਤੇ ਮਾਨਸਾ, ਮੁਕਤਸਰ, ਫਰੀਦਕੋਟ, ਬਠਿੰਡਾ ਆਦਿ ਦੇ ਲੋਕ ਸਰਹਿੰਦ ਨਹਿਰਾਂ ਵਿਚਲਾ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਪਾਣੀ ਆਪਣੇ ਪਿੰਡਾਂ ਦੇ ਵਾਟਰ ਵਰਕਸ ਰਾਹੀਂ ਪੀ ਰਹੇ ਹਨ। 


Related News