ਪੰਜਾਬ ਦੇ ਲੱਖਾਂ ਐੱਸ. ਸੀ. ਵਿਦਿਆਰਥੀਆਂ ਦਾ ਮਾਮਲਾ ਹੱਲ ਕਰਨ ਲਈ ਡਿਪਟੀ ਸਪੀਕਰ ਕੋਲ ਗੁਹਾਰ

05/24/2018 1:01:37 AM

ਪਟਿਆਲਾ(ਜੋਸਨ)- ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਅਨੁਸੂਚਿਤ ਜਾਤੀਆਂ ਅਤੇ ਓ. ਬੀ. ਸੀ. ਵਰਗ ਨਾਲ ਸਬੰਧਤ ਬੱਚਿਆਂ ਦੀ ਉੱਚ ਸਿੱਖਿਆ ਹਾਸਲ ਕਰਨ ਦੇ ਰਸਤੇ ਬੰਦ ਕਰਨ ਦੀ ਸਾਜ਼ਿਸ਼ ਨੇ ਪੰਜਾਬ ਵਿਚ ਇਸ ਵਰਗ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਹਾਹਾਕਾਰ ਮਚਾ ਦਿੱਤੀ ਹੈ। ਪੰਜਾਬ ਵਿਚ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਸਿੱਖਿਆ ਹਾਸਲ ਕਰਨ ਵਾਲੇ ਇਨ੍ਹਾਂ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਉੱਜੜਨ ਤੋਂ ਬਚਾਉਣ ਲਈ ਅੱਜ ਐੱਸ. ਸੀ./ਬੀ. ਸੀ. ਇੰਪਲਾਈਜ਼ ਫੈਡਰੇਸ਼ਨ, ਪੰਜਾਬ ਦੇ ਸੂਬਾਈ ਆਗੂ ਅਤੇ ਪੰਜਾਬ ਦੇ ਐੱਸ. ਸੀ. ਵਰਗ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਕੋਲ ਇਹ ਮਾਮਲਾ ਰੱਖਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਫੌਰੀ ਦਖਲਅੰਦਾਜ਼ੀ ਕਰ ਕੇ ਇਸ ਨੂੰ ਹੱਲ ਕਰਨ ਲਈ ਗੁਹਾਰ ਲਾਈ। ਇਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਮਾਮਲੇ ਬਾਰੇ ਸਾਰੀ ਜਾਣਕਾਰੀ ਲੈਣ ਤੋਂ ਤੁਰੰਤ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐੱਸ. ਸੀ. ਭਾਈਚਾਰੇ ਦੇ ਬੱਚਿਆਂ ਦੇ ਇਸ ਗੰਭੀਰ ਮਾਮਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਬੇਨਤੀ-ਪੱਤਰ ਭੇਜਿਆ। ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਉਹ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ 'ਤੇ ਮਿਲ ਕੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਇਸ ਗੰਭੀਰ ਸਮੱਸਿਆ ਦੇ ਹੱਲ ਕੱਢਣ ਲਈ ਗੱਲਬਾਤ ਕਰਨਗੇ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਐਨਾ ਵੱਡਾ ਲੋਕ-ਮਾਰੂ ਫੈਸਲਾ ਨਹੀਂ ਲਾਗੂ ਕਰਨ ਦਿੱਤਾ ਜਾਵੇਗਾ। ਇਸ ਲਈ ਪੰਜਾਬ ਭਰ ਵਿਚ ਭਾਜਪਾ ਸਰਕਾਰ ਖਿਲਾਫ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਸਰਕਾਰ ਨੇ ਜੇਕਰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਵਿਚ ਕੀਤੀਆਂ ਸੋਧਾਂ ਵਾਲਾ ਫੈਸਲਾ ਵਾਪਸ ਨਾ ਲਿਆ ਤਾਂ ਲੱਖਾਂ ਬੱਚੇ ਜੁਰਮ ਅਤੇ ਨਸ਼ਿਆਂ ਦੀ ਦਲਦਲ ਵਿਚ ਧਸ ਸਕਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਇਕ ਕਰੋੜ ਦੇ ਲਗਭਗ ਗਿਣਤੀ ਵਾਲੇ ਐੱਸ. ਸੀ. ਭਾਈਚਾਰੇ ਨੂੰ ਫੌਰੀ ਮਦਦ ਦਿੱਤੀ ਜਾਵੇ ਕਿਉਂਕਿ ਥੋੜ੍ਹੇ ਦਿਨਾਂ ਬਾਅਦ ਹੀ ਦਾਖਲੇ ਸ਼ੁਰੂ ਹੋ ਜਾਣਗੇ। ਬੱਚਿਆਂ ਨੂੰ ਸਿੱਖਿਆ ਸੰਸਥਾਨਾਂ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਸ ਲਈ ਪੰਜਾਬ ਸਰਕਾਰ ਨੂੰ ਫੌਰੀ ਕਦਮ ਚੁੱਕਣੇ ਚਾਹੀਦੇ ਹਨ।


Related News