ਸੜਕ ''ਤੇ ਖੜੇ ਸੀਵਰੇਜ਼ ਦੇ ਗੰਦੇ ਪਾਣੀ ਨੇ ਬੂੜਾ ਗੁੱਜਰ ਰੋਡ ਦੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ

05/23/2018 2:18:57 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਇਤਿਹਾਸਕ ਅਤੇ ਰਾਜਨੀਤਿਕ ਪੱਖੋ ਆਪਣੀ ਵੱਖਰੀ ਪਛਾਣ ਰੱਖਣ ਵਾਲਾ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਕਾਸ ਪੱਖੋਂ ਹਮੇਸ਼ਾਂ ਹੀ ਪਛੜਿਆ ਹੋਇਆ ਹੈ। ਭਾਵੇਂ ਇਸ ਸ਼ਹਿਰ ਨੂੰ ਲੈ ਕੇ ਹਰੇਕ ਰਾਜਨੀਤਿਕ ਪਾਰਟੀ ਦੇ ਆਗੂਆਂ ਵੱਲੋਂ ਸਮੇਂ-ਸਮੇਂ 'ਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸੀਵਰੇਜ਼ ਦਾ ਗੰਦਾ ਪਾਣੀ ਅੱਜ ਵੀ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿਚ ਖੜਾ ਰਾਹਗੀਰਾਂ ਦਾ ਸਵਾਗਤ ਕਰਦਾ ਨਜ਼ਰ ਆ ਰਿਹਾ ਹੈ।ਇਸ ਦੀ ਜਿਉਂਦੀ ਜਾਗਦੀ ਮਿਸਾਲ ਸਥਾਨਕ ਬੂੜਾ ਗੁੱਜਰ ਰੋਡ 'ਤੇ ਖੜੇ ਸੀਵਰੇਜ਼ ਦੇ ਗੰਦੇ ਪਾਣੀ ਤੋਂ ਮਿਲਦੀ ਹੈ ਜਿਸ ਨੇ ਰੋਡ ਨਿਵਾਸੀਆਂ ਦਾ ਹੀ ਨਹੀਂ ਬਲਕਿ ਰਾਹਗੀਰਾਂ ਦੇ ਵੀ ਨੱਕ 'ਚ ਦਮ ਕੀਤਾ ਹੋਇਆ ਹੈ। ਇਸ ਮੌਕੇ ਆਪਣਾ ਦੁੱਖੜਾ ਸੁਣਾਉਂਦਿਆਂ ਅਸ਼ੋਕ ਚੁੱਘ ਪ੍ਰਧਾਨ, ਹੈਪੀ ਸ਼ਰਮਾ, ਰਾਜੂ ਸ਼ਰਮਾ ਉਪ ਪ੍ਰਧਾਨ ਬ੍ਰਾਹਮਣ ਸਭਾ, ਨਵੀਨ ਗਰਗ ਆਦਿ ਨੇ ਕਿਹਾ ਕਿ ਸ਼ਾਇਦ ਹੀ ਉਹ ਕੋਈ ਕਰਮਾਂ ਵਾਲਾ ਦਿਨ ਹੋਵੇਗਾ, ਜਿਸ ਦਿਨ ਲੋਕ ਆਪਣੇ ਪੈਰ ਲਿਬੇੜੇ ਸਹੀ ਸਲਾਮਤ ਆਪਣੇ ਘਰਾਂ ਨੂੰ ਪਰਤਦੇ ਹੋਣਗੇ। ਕਿਉਂਕਿ ਬਿਨ੍ਹਾਂ ਬਰਸਾਤ ਤੋਂ ਹੀ ਇਸ ਸੜਕ 'ਤੇ ਹਰ ਸਮੇਂ ਸੀਵਰੇਜ਼ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ। ਇਸ ਨਾਲ ਦੁਕਾਨਦਾਰਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਸੜਕ 'ਤੇ ਗੰਦਾ ਪਾਣੀ ਖੜਾ ਹੋਣ ਕਾਰਨ ਦੁਕਾਨਾਂ 'ਤੇ ਗ੍ਰਾਹਕ ਨਹੀਂ ਆ ਰਹੇ। ਇਸ ਗੰਦੇ ਪਾਣੀ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਲਗਾ ਰਹਿੰਦਾ ਹੈ। 
ਇਸ ਮੌਕੇ ਲੋਕਾਂ ਨੇ ਕਿਹਾ ਕਿ ਉਹ ਇਸ ਗੰਭੀਰ ਸੱਮਸਿਆਂ ਨੂੰ ਲੈ ਕੇ ਕਈ ਵਾਰ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਬਰਸਾਤ ਤੋਂ ਸੜਕ ਦਾ ਅਜਿਹਾ ਹਾਲ ਹੈ ਤਾਂ ਆਉਣ ਵਾਲੀਆਂ ਬਰਸਾਤਾਂ 'ਚ ਕੀ ਬਣੇਗਾ। ਇਸੇ ਦੌਰਾਨ ਉਨ੍ਹਾਂ ਸੀਵਰੇਜ਼ ਵਿਭਾਗ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿਢੱਣ ਲਈ ਮਜ਼ਬੂਰ ਹੋ ਜਾਣਗੇ। 

ਸ਼ਰਧਾਲੂਆਂ ਦੇ ਮਨਾਂ ਨੂੰ ਪਹੁੰਚਦੀ ਹੈ ਭਾਰੀ ਠੇਸ
ਵਰਨਣਯੋਗ ਹੈ ਕਿ ਇਸੇ ਮੁੱਖ ਸੜਕ 'ਤੇ ਸ਼੍ਰੀ ਇੱਛਾ ਪੂਰਨ ਬਾਲਾ ਜੀ ਮੰਦਰ ਅਤੇ ਪੀਰ ਖਾਨਾ ਹੋਣ ਕਾਰਨ ਸ਼ਰਧਾਲੂਆਂ ਦਾ ਆਉਣ-ਜਾਣ ਅਕਸਰ ਹੀ ਲੱਗਿਆ ਰਹਿੰਦਾ ਹੈ ਪਰ ਜਦੋਂ ਸ਼ਰਧਾਲੂ ਨੂੰ ਮਜ਼ਬੂਰਨ ਸੜਕ 'ਤੇ ਖੜੇ ਸੀਵਰੇਜ਼ ਦੇ ਇਸ ਗੰਦੇ ਪਾਣੀ 'ਚੋਂ ਲੰਘ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ।  
ਸਕੂਲੀ ਵਿਦਿਆਰਥੀ ਵੀ ਲੰਘਦੇ ਹਨ ਇਸ ਗੰਦੇ ਪਾਣੀ 'ਚੋਂ
ਇਸ ਸੜਕ 'ਤੇ ਦੋ ਸਰਵਹਿੱਤਕਾਰੀ ਸਕੂਲ, ਲਿਟਲ ਫਲਾਵਰ ਸਕੂਲ ਅਤੇ ਡੀ. ਏ. ਵੀ. ਸਕੂਲ ਹੋਣ ਕਾਰਨ ਹਰ ਰੋਜ਼ ਸੈਕੜੇ ਵਿਦਿਆਰਥੀਆਂ ਨੂੰ ਮਜ਼ਬੂਰਨ ਸੜਕ 'ਤੇ ਖੜੇ ਸੀਵਰੇਜ਼ ਦੇ ਇਸ ਗੰਦੇ ਪਾਣੀ 'ਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਕਈ ਵਾਰ ਤਾਂ ਇਹ ਵਿਦਿਆਰਥੀ ਸੜਕ 'ਤੇ ਪਏ ਇੰਨ੍ਹਾਂ ਵੱਡੇ-ਵੱਡੇ ਟੋਇਆ 'ਚ ਡਿੱਗ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਕੱਪੜੇ ਖਰਾਬ ਹੋ ਜਾਂਦੇ ਹਨ ਅਤੇ ਕਈ ਵਾਰ ਸੱਟਾਂ ਵੀ ਲੱਗ ਜਾਂਦੀਆਂ ਹਨ।  
ਕੀ ਕਹਿਣਾ ਹੈ ਵਿਭਾਗ ਦੇ ਜੇ. ਈ. ਦਾ 
ਜਦ ਇਸ ਮਾਮਲੇ ਸਬੰਧੀ ਵਿਭਾਗ ਦੇ ਜੇ. ਈ. ਜਲੌਰ ਸਿੰਘ ਨੇ ਕਿਹਾ ਕਿ ਜੋ ਮੋਟਰ ਖਰਾਬ ਸੀ ਉਸ ਨੂੰ ਤਾਂ ਠੀਕ ਕਰਵਾ ਕੇ ਚਾਲੂ ਕਰਵਾ ਦਿੱਤਾ ਗਿਆ ਹੈ ਪਰ ਇਥੇ ਮਸ਼ੀਨਾਂ ਨਾਲ ਸੀਵਰੇਜ਼ ਦੀ ਸਫ਼ਾਈ ਹੋਣੀ ਅਜੇ ਬਾਕੀ ਹੈ, ਜਿਸ ਸਬੰਧੀ ਵਿਭਾਗ ਦੇ ਐਕਸੀਅਨ ਨੂੰ ਅਸਟੀਮੈਂਟ ਬਣਾ ਕੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਸਫ਼ਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। 


Related News