ਸੈਂਸੈਕਸ 232 ਅੰਕ ਡਿੱਗਾ, ਨਿਫਟੀ 10,516 ''ਤੇ ਬੰਦ

05/21/2018 3:49:55 PM

ਮੁੰਬਈ— ਹਫਤੇ ਦੇ ਪਹਿਲੇ ਕਾਰੋਬਾਰੀ ਸਤਰ 'ਚ ਬਾਜ਼ਾਰ 'ਤੇ ਕਰਨਾਟਕ 'ਚ ਹੋਏ ਰਾਜਨੀਤਕ ਡਰਾਮੇ ਦਾ ਅਸਰ ਦੇਖਣ ਨੂੰ ਮਿਲਿਆ। ਸ਼ਨੀਵਾਰ ਨੂੰ ਭਾਜਪਾ ਦੇ ਬੀ. ਐੱਸ. ਯੇਦੀਰੱਪਾ ਨੂੰ ਹਾਈ ਵੋਲਟਜ਼ ਡਰਾਮੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਨਿਵੇਸ਼ਕਾਂ ਨੇ ਇਸ ਘਟਨਾ ਦੇ ਬਾਅਦ ਇਹ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਕੀ 2019 'ਚ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਦੁਬਾਰਾ ਸੱਤਾ 'ਚ ਆਵੇਗੀ। ਨਿਵੇਸ਼ਕਾਂ 'ਚ ਨਾਂਹ-ਪੱਖੀ ਧਾਰਨਾ ਕਾਰਨ ਸੈਂਸੈਕਸ ਕਾਰੋਬਾਰ ਦੇ ਅਖੀਰ 'ਚ 232.17 ਅੰਕ ਯਾਨੀ 0.67 ਫੀਸਦੀ ਡਿੱਗ ਕੇ 34,616.13 'ਤੇ ਬੰਦ ਹੋਇਆ। ਉੱਥੇ ਹੀ ਨਿਫਟੀ 79.70 ਅੰਕ ਦਾ ਗੋਤਾ ਲਾ ਕੇ 10,516.70 'ਤੇ ਬੰਦ ਹੋਇਆ । ਬੀ. ਐੱਸ. ਈ. ਮਿਡ ਕੈਪ 'ਚ 250 ਤੋਂ ਵਧ ਅਤੇ ਸਮਾਲ ਕੈਪ 'ਚ 300 ਤੋਂ ਵਧ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ।

ਉੱਥੇ ਹੀ ਬੈਂਕ ਨਿਫਟੀ 124.80 ਅੰਕ ਯਾਨੀ 0.48 ਫੀਸਦੀ ਦੀ ਗਿਰਾਵਟ ਨਾਲ 25,750 'ਤੇ ਬੰਦ ਹੋਇਆ ਹੈ। ਆਟੋ, ਫਾਰਮਾ, ਮੈਟਲ ਅਤੇ ਐੱਫ. ਐੱਮ. ਸੀ. ਜੀ. ਸੈਕਟਰ ਦੇ ਕਈ ਸਟਾਕਸ 'ਚ ਗਿਰਾਵਟ ਨਾਲ ਬਾਜ਼ਾਰ ਕਮਜ਼ੋਰ ਰਿਹਾ। ਉੱਥੇ ਹੀ, ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. 'ਤੇ ਐੱਸ. ਬੀ. ਆਈ., ਆਈ. ਸੀ. ਆਈ. ਸੀ. ਬੈਂਕ, ਟੀ. ਸੀ. ਐੱਸ., ਕੋਲ ਇੰਡੀਆ ਅਤੇ ਐਕਸਿਸ ਬੈਂਕ ਦੇ ਸਟਾਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਡਾ. ਰੈਡੀਜ਼ ਲੈਬਸ, ਸਨ ਫਾਰਮਾ, ਟਾਟਾ ਸਟੀਲ, ਯੈੱਸ ਬੈਂਕ, ਟਾਟਾ ਮੋਟਰਜ਼, ਰਿਲਾਇੰਸ ਅਤੇ ਐੱਚ. ਡੀ. ਐੱਫ. ਸੀ. ਬੈਂਕ ਵਰਗੇ ਦਿੱਗਜ ਸਟਾਕਸ 'ਚ ਗਿਰਾਵਟ ਨਾਲ ਸੈਂਸੈਕਸ ਅਤੇ ਨਿਫਟੀ 'ਚ ਕਾਰੋਬਾਰ ਸੀਮਤ ਰਿਹਾ।


Related News