ਤਹਿਸੀਲ ਕੰਪਲੈਕਸ ਦੇ ਬਾਹਰ ਸਕੂਟਰੀ ਨੂੰ ਲੱਗੀ ਅੱਗ
Saturday, May 19, 2018 - 03:37 PM (IST)

ਨਕੋਦਰ, (ਰਜਨੀਸ਼)—ਸ਼ੁੱਕਰਵਾਰ ਸਵੇਰੇ ਤਹਿਸੀਲ ਕੰਪਲੈਕਸ ਦੇ ਬਾਹਰ ਖੜ੍ਹੀ ਸਕੂਟਰੀ ਨੂੰ ਸਟਾਰਟ ਕਰਨ ਸਮੇਂ ਨਿਕਲੀ ਚਗਿਆੜੀ ਨਾਲ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ।
ਪਿੰਡ ਟਾਹਲੀ ਵਾਸੀ ਅਮਨਜੋਤ ਪੁੱਤਰ ਧਿਆਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਉਹ ਤਹਿਸੀਲ ਕੰਪਲੈਕਸ ਵਿਚ ਕਿਸੇ ਕੰਮ ਦੇ ਸਿਲਸਿਲੇ ਵਿਚ ਆਇਆ ਹੋਇਆ ਸੀ। ਉਸ ਨੇ ਆਪਣੀ ਸਕੂਟਰੀ ਤਹਿਸੀਲ ਕੰਪਲੈਕਸ ਦੇ ਬਾਹਰ ਖੜ੍ਹੀ ਕਰ ਦਿੱਤੀ। ਜਦੋਂ ਉਹ ਕੰਮ ਕਰਵਾ ਕੇ ਵਾਪਸ ਆਇਆ ਤਾਂ ਸਕੂਟਰੀ ਸਟਾਰਟ ਕਰਨ ਸਮੇਂ ਸਕੂਟਰੀ ਵਿਚੋਂ ਨਿਕਲੀ ਚੰਗਿਆੜੀ ਨਾਲ ਸਕੂਟਰੀ ਨੂੰ ਅੱਗ ਲੱਗ ਗਈ। ਪੈਟਰੋਲ ਦੀ ਟੈਂਕੀ ਨੂੰ ਅੱਗ ਲੱਗਣ ਨਾਲ ਧਮਾਕਾ ਹੋਇਆ ਤੇ ਅੱਗ ਫੈਲ ਗਈ। ਲੋਕਾਂ ਨੇ ਪਾਣੀ ਤੇ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁਝੀ। ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ।
ਜ਼ਿਕਰਯੋਗ ਹੈ ਕਿ ਫਾਇਰ ਬ੍ਰਿਗੇਡ ਦਫਤਰ ਤੋਂ ਤਹਿਸੀਲ ਕੰਪਲੈਕਸ ਦੀ ਦੂਰੀ ਮਹਿਜ 2 ਮਿੰਟ ਦੀ ਹੈ ਪ੍ਰੰਤੂ ਦਫਤਰ ਦੇ ਬਾਹਰ ਹੋਏ ਨਾਜਾਇਜ਼ ਕਬਜ਼ਿਆਂ ਤੇ ਪਾਰਕਿੰਗ ਕਾਰਨ ਫਾਇਰ ਬ੍ਰਿਗੇਡ ਨੂੰ ਘਟਨਾ ਵਾਲੀ ਥਾਂ 'ਤੇ ਪੁੱਜਣ ਨੂੰ 15 ਮਿੰੰਟ ਲੱਗ ਗਏ।