ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਕਨਾ ਦੇ ਅਵੱਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

05/09/2018 6:20:46 PM

ਚੀਚਾ/ਬੀੜ ਸਾਹਿਬ/ਝਬਾਲ (ਬਖਤਾਵਰ, ਲਾਲੂਘੁੰਮਣ) : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਕਨਾ ਖੁਰਦ ਵਿਖੇ 12ਵੀਂ ਜਮਾਤ ਦੇ ਆਰਟਸ ਅਤੇ ਸਾਇੰਸ ਸਟਰੀਮ 'ਚੋਂ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਦੀ ਅਗਵਾਈ 'ਚ ਸਕੂਲ ਵਿਖੇ ਰੱਖੇ ਗਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਹਰਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਅਤੇ ਪੇਂਡੂ ਖੇਤਰ 'ਚ ਸਥਾਪਿਤ ਇਸ ਸਕੂਲ ਦੇ ਵਿੱਦਿਅਕ ਸਟਾਫ ਦੀ ਮਿਹਨਤ ਦਾ ਨਤੀਜ਼ਾ ਹੈ ਕਿ ਸਰਕਾਰੀ ਸਕੂਲ ਹੋਣ ਦੇ ਬਾਵਜ਼ੂਦ ਇਸ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਆ ਦੇ ਨਾਲ-ਨਾਲ ਖੇਡਾਂ, ਧਾਰਮਿਕ ਅਤੇ ਹੋਰ ਮੁਕਾਬਲੇਬਾਜ਼ੀਆਂ 'ਚ ਹਿੱਸਾ ਲੈ ਕੇ ਹਮੇਸ਼ਾਂ ਅਵੱਲ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਇਸ ਵਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਨਹੀਂ ਰਹੇ ਹਨ ਉੱਥੇ ਹੀ ਉਨ੍ਹਾਂ ਦਾ ਸਕੂਲ ਇਸ ਕਠਿਨ ਸਮੇਂ 'ਚ ਵੀ ਕਾਮਯਾਬ ਹੋਇਆ ਹੈ ਅਤੇ ਇਸ ਸਕੂਲ ਦੀ 12ਵੀਂ ਜਮਾਤ ਦੀਆਂ ਵਿਦਿਅਰਥਣਾ ਨੇ ਬਾਜ਼ੀ ਮਾਰੀ ਹੈ। 
ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨਵਰੂਪ ਕੌਰ ਨੇ 450 ਨੰਬਰਾਂ ਚੋਂ 422 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ, ਭਿੰਦਰ ਕੌਰ ਅਤੇ ਲਵਪ੍ਰੀਤ ਕੌਰ ਨੇ 450 ਚੋਂ 399 ਅੰਕ ਹਾਸਲ ਕਰਕੇ ਦੂਜਾ ਅਤੇ ਜੋਬਨਪ੍ਰੀਤ ਕੌਰ ਨੇ 450 ਚੋਂ 388 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਾਇੰਸ ਸਟਰੀਮ 'ਚੋਂ ਹਰਪ੍ਰੀਤ ਕੌਰ ਨੇ 64 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਉਕਤ ਵਿਦਿਆਰਥਣਾਂ ਦਾ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਮੂੰਹ ਮਿੱਠਾ ਕਰਾਇਆ ਗਿਆ 'ਤੇ ਭਵਿੱਖ 'ਚ ਇਸ ਤਰ੍ਹਾਂ ਸਫਲਤਾਂ ਹਾਸਲ ਕਰਦੇ ਰਹਿਣ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਲੈਕਚਰਾਰ ਦਰਸ਼ਨ ਸਿੰਘ, ਸੁਰਜੀਤ ਕੌਰ, ਹਰਪ੍ਰੀਤ ਕੌਰ, ਅਮਨਿੰਦਰ ਜੀਤ ਸਿੰਘ, ਰਣਜੀਤ ਕੌਰ, ਮਨਜੀਤ ਕੌਰ ਅਤੇ ਜਸਬੀਰ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ। 


Related News