ਪ੍ਰਬੰਧਕਾਂ ਦੀ ਧੜੇਬੰਦੀ ਕਾਰਨ ਪੁਲਸ ਨੇ ਲਾਏ ਸਕੂਲ ਨੂੰ ਜਿੰਦਰੇ
Friday, Jun 01, 2018 - 01:16 AM (IST)

ਸ਼ੁਤਰਾਣਾ(ਅਡਵਾਨੀ)-ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਸ਼ੁਤਰਾਣਾ ਵਿਖੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਚ ਸਕੂਲ ਪ੍ਰਬੰਧਕਾਂ ਵਿਚਕਾਰ ਚੱਲ ਰਹੀ ਧੜੇਬੰਦੀ ਕਰ ਕੇ ਪੁਲਸ ਪ੍ਰਸ਼ਾਸਨ ਨੇ ਸਕੂਲ ਨੂੰ ਜਿੰਦਰੇ ਲਾ ਦਿੱਤੇ। ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅੱਜ ਸਵੇਰੇ ਜਦੋਂ ਵਿਦਿਆਰਥੀ ਆਏ ਤਾਂ ਸਕੂਲ ਦੇ ਕਮਰਿਆਂ ਨੂੰ ਜਿੰਦਰੇ ਲੱਗੇ ਹੋਣ ਕਾਰਨ ਸਿਖਰ ਦੁਪਹਿਰੇ ਧੁੱਪ ਵਿਚ ਬਾਹਰ ਖੜ੍ਹੇ ਰਹੇ। ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਸਕੂਲ ਵਿਚ ਪਹੁੰਚ ਕੇ ਧਰਨਾ ਲਾ ਦਿੱਤਾ ਤੇ ਪ੍ਰਬੰਧਕਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਹਰਦੇਵ ਸਿੰਘ, ਪ੍ਰਿੰਸੀਪਲ ਸਿੰਘ, ਸੁਰਜੀਤ ਸਿੰਘ, ਪਿੰਕੀ ਰਾਣੀ, ਪ੍ਰਕਾਸ਼ ਕੌਰ, ਰਾਜਵੰਤ ਕੌਰ ਤੇ ਬਬੀਤਾ ਰਾਣੀ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਬੱਚਿਆਂ ਦੇ ਦਾਖਲੇ ਕਰਵਾਏ ਤੇ ਫੀਸਾਂ ਵੀ ਦੇ ਦਿੱਤੀਆਂ ਹਨ। ਅੱਜ ਪ੍ਰਬੰੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਬਿਨਾਂ ਦੱਸੇ ਸਕੂਲ ਨੂੰ ਜਿੰਦਰੇ ਲਾ ਦਿੱਤੇ ਹਨ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ਼ੁਤਰਾਣਾ ਦੇ ਮੁਖੀ ਦਰਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਮਾਮਲੇ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਧਰਨਾ ਚੁੱਕਿਆ। ਇਸ ਸਬੰਧੀ ਗੱਲਬਾਤ ਕਰਨ 'ਤੇ ਸਕੂਲ ਦੇ ਚੇਅਰਮੈਨ ਚੰਚਲ ਸਿੰਘ ਨੇ ਕਿਹਾ ਕਿ ਗਰਮੀ ਜ਼ਿਆਦਾ ਹੋਣ ਕਰ ਕੇ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਹਨ।