ਆਰ. ਐੱਸ. ਐੱਸ. ਪ੍ਰੋਗਰਾਮ ''ਚ ਪ੍ਰਣਬ ਮੁਖਰਜੀ ਦੀ ਮੌਜੂਦਗੀ ''ਤੇ ਰਾਹੁਲ ਤੇ ਸੋਨੀਆ ਮੌਨ
Tuesday, Jun 05, 2018 - 12:38 AM (IST)

ਆਪਣੀ ਤਰੱਕੀ ਦੇ ਦੌਰ ਵਿਚ 1980 ਅਤੇ 1990 ਦੇ ਦਹਾਕੇ ਵਿਚ ਪੱਛਮੀ ਬੰਗਾਲ ਵਿਚ ਕਾਂਗਰਸ ਦੇ ਵਿਰੁੱਧ ਸਿੱਧੀ ਟੱਕਰ ਦੇ ਬਾਵਜੂਦ ਖੱਬੇਪੱਖੀ ਦਲਾਂ ਮਾਕਪਾ ਅਤੇ ਭਾਕਪਾ ਦੇ ਉੱਚ ਨੇਤਾਵਾਂ ਨੇ ਪ੍ਰਣਬ ਮੁਖਰਜੀ ਨਾਲ ਸੁਹਿਰਦਤਾ ਭਰੇ ਸਬੰਧ ਕਾਇਮ ਰੱਖੇ ਹੋਏ ਹਨ। ਮਾਕਪਾ ਨੇ ਤਾਂ ਉਸ ਸਮੇਂ ਵੀ ਮੁਖਰਜੀ ਦਾ ਸਮਰਥਨ ਕੀਤਾ ਸੀ, ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਦੀ ਚੋਣ ਲੜੀ ਸੀ, ਜਦਕਿ ਭਾਕਪਾ ਮਤਦਾਨ ਤੋਂ ਦੂਰ ਰਹੀ। ਮਾਕਪਾ ਅਤੇ ਭਾਕਪਾ ਦੇ ਸੀਤਾਰਾਮ ਯੇਚੁਰੀ ਅਤੇ ਡੀ. ਰਾਜਾ ਵਰਗੇ ਨੇਤਾਵਾਂ ਨੇ ਆਰ. ਐੱਸ. ਐੱਸ. ਦੇ ਨਾਗਪੁਰ ਮੁੱਖ ਦਫਤਰ 'ਚ ਹੋਣ ਵਾਲੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੇ ਪ੍ਰਣਬ ਮੁਖਰਜੀ ਦੇ ਫੈਸਲੇ 'ਤੇ ਸਵਾਲ ਉਠਾਉਣ ਤੋਂ ਪ੍ਰਹੇਜ਼ ਕੀਤਾ, ਹਾਲਾਂਕਿ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਨੇਤਾਵਾਂ ਨੇ ਖੁੱਲ੍ਹੇ ਤੌਰ 'ਤੇ ਮੁਖਰਜੀ 'ਤੇ ਹੱਲਾ ਬੋਲਿਆ ਹੈ, ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਇਸ ਮੁੱਦੇ 'ਤੇ ਮੌਨ ਧਾਰੀ ਬੈਠੇ ਹਨ।
ਸੂਤਰਾਂ ਅਨੁਸਾਰ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਉਹ ਨਾਗਪੁਰ ਵਿਚ ਸੱਚੀ ਭਾਵਨਾ ਨਾਲ ਦਿਲ ਦੀਆਂ ਡੂੰਘਾਈਆਂ ਤੋਂ ਆਪਣੇ ਵਿਚਾਰ ਜ਼ਾਹਿਰ ਕਰਨਗੇ।
ਨਿਤੀਸ਼ ਕੁਮਾਰ ਚਿੰਤਾ 'ਚ
ਬਿਹਾਰ ਉਪ-ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਪ੍ਰੇਸ਼ਾਨ ਹਨ, ਇਸ ਲਈ ਉਨ੍ਹਾਂ ਨੇ ਇਕ ਵਾਰ ਫਿਰ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਦੁਹਰਾਉਣੀ ਸ਼ੁਰੂ ਕਰ ਦਿੱਤੀ ਹੈ, ਜਦਕਿ ਨਿਤਿਨ ਗਡਕਰੀ ਨੇ ਖੁੱਲ੍ਹੇ ਤੌਰ 'ਤੇ ਅਜਿਹੀ ਮੰਗ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨਿਤੀਸ਼ ਬਾਬੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੋਟਬੰਦੀ ਯੋਜਨਾ ਦਾ ਬਹੁਤ ਦ੍ਰਿੜ੍ਹਤਾ ਨਾਲ ਸਮਰਥਨ ਕੀਤਾ ਪਰ ਹੁਣ ਇਹ ਕਹਿ ਕੇ ਇਸ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਗਰੀਬਾਂ ਨੂੰ ਇਸ ਨਾਲ ਕੋਈ ਲਾਭ ਨਹੀਂ ਹੋਵੇਗਾ।
ਇਸੇ ਦੌਰਾਨ ਜੋਕੀਹਾਟ ਵਿਧਾਨ ਸਭਾ ਉਪ-ਚੋਣ ਵਿਚ ਹਾਰ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਸਮਰਥਕਾਂ ਅਤੇ ਅਹੁਦੇਦਾਰਾਂ ਨੇ ਭਾਜਪਾ ਨੇਤਾਵਾਂ ਵਲੋਂ ਗੱਠਜੋੜ ਸਹਿਯੋਗੀਆਂ ਨਾਲ ਕੀਤੇ ਜਾਣ ਵਾਲੇ ਵਤੀਰੇ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਨਵੀਂ ਪਾਰਟੀ ਸ਼ੁਰੂ ਕਰਨ ਤੋਂ ਬਾਅਦ ਸ਼ਰਦ ਯਾਦਵ ਬਿਹਾਰ ਵਿਚ ਨਾ ਸਿਰਫ ਵਧੇਰੇ ਸਰਗਰਮ ਹੋ ਗਏ ਹਨ, ਸਗੋਂ ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਜਦ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਘਟਨਾਚੱਕਰ ਨਾਲ ਜਦ (ਯੂ) ਦੇ ਨੇਤਾ ਹਿੰਮਤ ਹਾਰ ਗਏ ਹਨ। ਬਿਹਾਰ ਦੇ ਸਿਆਸੀ ਹਲਕਿਆਂ ਵਿਚ ਇਹ ਅਫਵਾਹ ਹੈ ਕਿ ਉਪੇਂਦਰ ਕੁਸ਼ਵਾਹਾ ਵੀ ਜਲਦ ਹੀ ਰਾਜਦ-ਕਾਂਗਰਸ ਗੱਠਜੋੜ ਨਾਲ ਹੱਥ ਮਿਲਾਉਣ ਵਾਲੇ ਹਨ।
ਰਾਜਸਥਾਨ ਚੋਣਾਂ
ਰਾਜਸਥਾਨ 'ਚ ਕਾਂਗਰਸ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕਰਨ ਨੂੰ ਲੈ ਕੇ ਬਹੁਤ ਆਸਵੰਦ ਹੈ ਅਤੇ ਪ੍ਰਦੇਸ਼ ਪਾਰਟੀ ਪ੍ਰਧਾਨ ਸਚਿਨ ਪਾਇਲਟ ਨੇ ਪੂਰੇ ਪ੍ਰਦੇਸ਼ ਵਿਚ 'ਮੇਰਾ ਬੂਥ ਮੇਰਾ ਗੌਰਵ' ਮੁਹਿੰਮ ਛੇੜੀ ਹੋਈ ਹੈ। ਇਸ ਮੁਹਿੰਮ ਵਿਚ ਹਰੇਕ ਖੇਤਰ ਵਿਚ ਕਾਂਗਰਸ ਪਾਰਟੀ ਦੇ ਹਮਦਰਦ ਅਤੇ ਵਰਕਰ ਭਾਰੀ ਗਿਣਤੀ ਵਿਚ ਸ਼ਾਮਿਲ ਹੋ ਰਹੇ ਹਨ, ਜਦਕਿ ਭਾਜਪਾ ਵਿਚ ਹੁਣ ਤਕ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਲਈ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਇਸੇ ਕਾਰਨ ਭਾਜਪਾ ਨੀਂਦ ਦੀ ਹਾਲਤ 'ਚ ਦਿਖਾਈ ਦੇ ਰਹੀ ਹੈ।
ਕਾਂਗਰਸ ਦੀਆਂ ਰੈਲੀਆਂ 'ਚ ਵੱਡੀ ਗਿਣਤੀ ਵਿਚ ਲੋਕਾਂ ਦੀ ਹਿੱਸੇਦਾਰੀ ਅਤੇ ਸਰਗਰਮੀ ਕਾਰਨ ਨੇਤਾਵਾਂ ਤੇ ਵਰਕਰਾਂ ਵਿਚਾਲੇ ਲੜਾਈ ਵੀ ਖੁੱਲ੍ਹ ਕੇ ਸੜਕਾਂ 'ਤੇ ਆ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਦੇ ਸਾਹਮਣੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਟਿਕਟਾਂ ਦੀ ਅਲਾਟਮੈਂਟ ਦੇ ਮੁੱਦੇ 'ਤੇ ਲੜਾਈ ਹੋਣੀ ਇਸ ਦਾ ਸਬੂਤ ਹੈ। ਕਾਂਗਰਸੀ ਨੇਤਾ ਅਜਿਹਾ ਸੋਚ ਰਹੇ ਹਨ ਕਿ ਉਹ ਯਕੀਨਨ ਹੀ ਵਿਧਾਨ ਸਭਾ ਚੋਣਾਂ ਜਿੱਤ ਜਾਣਗੇ।
ਦੂਜੇ ਪਾਸੇ ਭਾਜਪਾ ਲੀਡਰਸ਼ਿਪ ਅਜੇ ਵੀ ਪ੍ਰਦੇਸ਼ ਪ੍ਰਧਾਨ ਦੀ ਨਾਮਜ਼ਦਗੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਹੀ ਹੈ। ਉਹ ਇਹ ਸੋਚ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਰਾਜਪੂਤ ਨੂੰ ਪ੍ਰਦੇਸ਼ ਪ੍ਰਧਾਨ ਬਣਾ ਦਿੱਤਾ ਤਾਂ ਜਾਟ ਪਾਰਟੀ ਨਾਲ ਰੁੱਸ ਜਾਣਗੇ ਤੇ ਜੇਕਰ ਗੁੱਜਰ ਨੂੰ ਪ੍ਰਦੇਸ਼ ਪ੍ਰਧਾਨ ਬਣਾ ਦਿੱਤਾ ਤਾਂ ਮੀਣਾ ਭਾਈਚਾਰਾ ਨਾਰਾਜ਼ ਹੋ ਜਾਵੇਗਾ ਪਰ ਜੇਕਰ ਉਨ੍ਹਾਂ ਨੇ ਕਿਸੇ ਦਲਿਤ ਨੂੰ ਪ੍ਰਦੇਸ਼ ਪ੍ਰਧਾਨ ਦੀ ਕੁਰਸੀ 'ਤੇ ਬਿਠਾ ਦਿੱਤਾ ਤਾਂ ਸਵਰਨ ਜਾਤੀਆਂ ਭਾਜਪਾ ਦੇ ਵਿਰੁੱਧ ਲੱਕ ਬੰਨ੍ਹ ਲੈਣਗੀਆਂ।
ਅਜੀਤ ਜੋਗੀ ਸ਼ਾਇਦ ਕਾਂਗਰਸ 'ਚ ਪਰਤਣਗੇ
ਇਹ ਅਟਕਲਾਂ ਜ਼ੋਰਾਂ 'ਤੇ ਹਨ ਕਿ ਅਜੀਤ ਜੋਗੀ ਸ਼ਾਇਦ ਕਾਂਗਰਸ 'ਚ ਪਰਤ ਸਕਦੇ ਹਨ। ਉਨ੍ਹਾਂ ਦੀ ਵਿਧਾਇਕ ਪਤਨੀ ਰੇਣੂ ਅਜੇ ਵੀ ਕਾਂਗਰਸ ਦੇ ਨਾਲ ਹੈ। ਬੀਤੇ ਹਫਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰੇਣੂ ਨਾਲ ਮੁਲਾਕਾਤ ਕਰ ਕੇ ਯੋਗੀ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ, ਜੋ ਨਿਮੋਨੀਆ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਦਿੱਲੀ ਦੇ ਨੇੜੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜੋਗੀ ਦੇ ਬੇਟੇ ਅਮਿਤ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਸੀ।
ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਸਿਰਫ ਇਕ ਮਹੀਨਾ ਦੂਰ ਰਹਿ ਗਈਆਂ ਹਨ। ਕਾਂਗਰਸ ਦੇ ਨੇਤਾ ਇਹ ਦਾਅਵਾ ਕਰ ਰਹੇ ਹਨ ਕਿ 2 ਸਾਲ ਪਹਿਲਾਂ ਪਾਰਟੀ ਨੂੰ ਅਲਵਿਦਾ ਕਹਿ ਗਏ ਜੋਗੀ ਵਲੋਂ ਉਨ੍ਹਾਂ ਨੂੰ ਚੰਗੇ ਸੰਕੇਤ ਮਿਲ ਰਹੇ ਹਨ।
ਉੱਤਰਾਖੰਡ ਕਾਂਗਰਸ ਵਿਚ 'ਗ੍ਰਹਿ ਕਲੇਸ਼'
ਉੱਤਰਾਖੰਡ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਦੇ ਸਿੱਟੇ ਵਜੋਂ ਉਪ-ਚੋਣਾਂ ਦੇ ਨਤੀਜੇ ਭਾਜਪਾ ਦੇ ਪੱਖ 'ਚ ਗਏ ਹਨ, ਜਦਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਅਜਿਹਾ ਨਹੀਂ ਹੋਇਆ। ਇਸ ਦਾ ਕਾਰਨ ਹੈ ਉੱਤਰਾਖੰਡ ਕਾਂਗਰਸ 'ਚ ਗ੍ਰਹਿ ਕਲੇਸ਼। ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਬਹੁਤ ਜ਼ੋਰਦਾਰ ਢੰਗ ਨਾਲ ਪਾਰਟੀ ਪ੍ਰਦੇਸ਼ ਪ੍ਰਧਾਨ ਪ੍ਰੀਤਮ ਸਿੰਘ ਦਾ ਵਿਰੋਧ ਕਰ ਰਹੇ ਹਨ, ਜਦਕਿ ਸਾਬਕਾ ਪ੍ਰਦੇਸ਼ ਪ੍ਰਧਾਨ ਕਿਸ਼ੋਰ ਉਪਾਧਿਆਏ ਹਰੀਸ਼ ਰਾਵਤ ਦੇ ਵਿਰੁੱਧ ਕੰਮ ਕਰ ਰਹੇ ਹਨ ਕਿਉਂਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਹਰਿਦੁਆਰ 'ਚ ਹਰਿ ਕੀ ਪੌੜੀ ਤਕ ਗੰਗਾ ਦਾ ਨਾਂ ਗੰਗਾ ਨਹਿਰ ਕਰ ਦਿੱਤਾ ਸੀ। ਅਜਿਹਾ ਸਿਰਫ ਕੁਝ ਬਿਲਡਰਾਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਸੀ। ਸਿਰਫ ਗੰਗਾ ਮਈਆ ਦੇ ਸਹਾਰੇ ਰੋਜ਼ੀ-ਰੋਟੀ ਚਲਾਉਣ ਵਾਲੇ ਹਰਿਦੁਆਰ ਦੇ ਪੰਡਿਆਂ ਨੇ ਵੀ ਰਾਵਤ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਅਤੇ ਚੋਣਾਂ ਵਿਚ ਕਾਂਗਰਸ ਉਮੀਦਵਾਰ ਦੇ ਵਿਰੋਧ 'ਚ ਭੁਗਤੇ ਸਨ।
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ
ਪਹਿਲਾਂ ਪੰਚਾਇਤ ਅਤੇ ਹੁਣ ਵਿਧਾਨ ਸਭਾ ਉਪ-ਚੋਣਾਂ ਜਿੱਤਣ ਤੋਂ ਬਾਅਦ ਮਮਤਾ ਬੈਨਰਜੀ ਆਪਣੇ ਸੂਬੇ ਦੇ ਪਹਾੜੀ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਕਲਿਮਪਾਂਗ ਵਿਚ 5 ਦਿਨ ਦੇ ਆਪਣੇ ਠਹਿਰਾਅ ਦੌਰਾਨ ਉਨ੍ਹਾਂ ਨੇ ਉਥੇ ਕਈ ਪ੍ਰਾਜੈਕਟ ਸ਼ੁਰੂ ਕੀਤੇ। ਦਾਰਜੀਲਿੰਗ ਇਲਾਕੇ ਦੀਆਂ ਲੇਪਚਾ ਅਤੇ ਭੂਟੀਆ ਜਾਤਾਂ ਲਈ ਵਿਕਾਸ ਬੋਰਡ ਦਾ ਗਠਨ ਉਹ ਪਹਿਲਾਂ ਹੀ ਕਰ ਚੁੱਕੀ ਹੈ। ਇਸ ਦਾ ਉਦੇਸ਼ ਵਿਮਲ ਗੁਰੁੰਗ ਦੀ ਅਗਵਾਈ ਵਾਲੇ ਗੋਰਖਾ ਜਨ ਮੁਕਤੀ ਮੋਰਚੇ ਨੂੰ ਕਮਜ਼ੋਰ ਬਣਾਉਣਾ ਹੈ। ਗੁਰੁੰਗ ਅੱਜਕਲ ਰੂਪੋਸ਼ ਹਨ।
ਮਮਤਾ ਨੇ ਕਲਿਮਪਾਂਗ ਸਬ-ਡਵੀਜ਼ਨ ਨੂੰ ਜ਼ਿਲੇ ਦਾ ਦਰਜਾ ਦੇ ਦਿੱਤਾ ਹੈ ਪਰ ਗੋਰਖਾ ਜਨ ਮੁਕਤੀ ਮੋਰਚਾ ਨੇ ਇਸ ਕਦਮ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਮਮਤਾ ਦੀਦੀ ਨੇ ਦਾਰਜੀਲਿੰਗ ਵਿਚ ਯੂਨੀਵਰਸਿਟੀ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਹੈ ਅਤੇ ਵਿਨੇ ਤਮਾਂਗ ਨੂੰ ਜੀ. ਟੀ. ਏ. ਦਾ ਪ੍ਰਧਾਨ ਬਣਾ ਦਿੱਤਾ ਹੈ। ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਉਹ ਦਾਰਜੀਲਿੰਗ ਸੰਸਦੀ ਸੀਟ 'ਤੇ ਆਪਣੀ ਪਾਰਟੀ ਨੂੰ ਜਿੱਤ ਦਿਵਾਉਣਾ ਚਾਹੁੰਦੀ ਹੈ। ਵਰਣਨਯੋਗ ਹੈ ਕਿ ਫਿਲਹਾਲ ਭਾਜਪਾ ਦੇ ਸੁਰਿੰਦਰ ਸਿੰਘ ਆਹਲੂਵਾਲੀਆ ਇਸ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ।