ਪੰਜਾਬੀ ਪਹਿਰਾਵੇ ''ਚੋਂ ਅਲੋਪ ਹੋ ਰਹੇ ਚਾਦਰੇ

05/21/2018 4:40:50 PM

ਕਦੇ ਸਮਾਂ ਸੀ ਜਦੋਂ ਪੰਜਾਬ ਰੰਗਲਾ, ਮਾਣ-ਮੱਤਾ, ਸੂਰਬੀਰਾਂ ਯੋਧਿਆਂ ਅਤੇ ਅਣਖੀਲੇ ਗੱਭਰੂਆਂ ਦਾ ਪ੍ਰਾਂਤ ਜਾਣਿਆ ਜਾਂਦਾ ਸੀ। ਦੁੱਧ-ਦਹੀਂ ਲੱਸੀ ਹਰ ਘਰ ਵਿਚ ਆਮ ਹੁੰਦੀ ਸੀ। ਬਹੁਤ ਸਾਰੇ ਪਰਿਵਾਰ ਲੱਸੀ ਦੂਜੇ ਲੋਕਾਂ ਨੁੰ ਵੰਡ ਕੇ ਖੁਸ਼ੀ ਮਹਿਸੂਸ ਕਰਦੇ ਸਨ। ਉਹਨਾਂ ਹੀ ਦਿਨਾਂ ਦਾ ਪੰਜਾਬੀ ਪਹਿਰਾਵਾ ਖਾਸ ਦਿੱਖ ਰੱਖਦਾ ਸੀ। ਇਸ ਪੰਜਾਬੀ ਪਹਿਰਾਵੇਂ ਵਿਚ ਕਲੀਆਂ ਵਾਲੇ ਕੁੜ੍ਹਤੇ, ਤੁਰਲੇ ਵਾਲੀ ਪੱਗ ਦੇ ਨਾਲ ਚਿੱਟੇ ਚਾਦਰੇ (ਤੰਬੇ) ਇਸ ਵਿਚ ਵਿਸ਼ੇਸ਼ ਹੁੰਦੇ ਸਨ।
ਚਾਦਰੇ ਬੰਨਣ ਦਾ ਵੀ ਵਿਸ਼ੇਸ਼ ਅੰਦਾਜ਼ ਹੁੰਦਾ ਸੀ। ਚਾਦਰਾਂ ਬੰਨ ਜਦੋਂ ਕੋਈ ਗੱਭਰੂ ਬਾਹਰ ਜਾਂਦਾ ਤਾਂ ਉਸਦਾ ਮਾਣ ਦੇਖਿਆ ਹੀ ਬਣਦਾ ਸੀ। ਉਹ ਆਪਣੇ ਆਪ ਨੂੰ ਸਾਧੇ ਤੋਂ ਸਾਧੇ ਪਹਿਰਾਵੇ ਵਿਚ ਵੀ ਕਿਸੇ ਜੈਲਦਾਰ ਤੋਂ ਘੱਟ ਨਹੀਂ ਸੀ ਸਮਝਦਾ। ਉਸਨੂੰ ਆਪਣੇ ਪੁਰਾਤਨ ਪੰਜਾਬੀ ਪਹਿਰਾਵੇ ਤੇ ਅਥਾਹ ਮਾਣ ਹੁੰਦਾ ਅਤੇ ਮੁੱਛਾਂ ਨੂੰ ਤਾਅ ਦਿੱਤਾ ਹੋਇਆ ਉਸ ਦਾ ਰੋਅਬ ਵੀ ਕਮਾਲ ਦਾ ਹੁੰਦਾ ਇਸ ਸਧਾਰਣ ਜਿਹੇ ਪਹਿਰਾਵੇ ਵਿਚ ਉਸ ਦਾ     ਜੂਸਾ, ਗੁੰਦਮਾ ਸਰੀਰ ਪੰਜਾਬੀ ਗੱਭਰੂ ਦੀ ਆਪਣੇ ਆਪ ਕਹਾਣੀ ਕਹਿ ਦਿੰਦਾ। ਇਸ ਤਰ੍ਹਾਂ ਦੇ ਗੱਭਰੂ ਜਦੋਂ ਚਿੱਟੇ ਚਾਦਰੇ ਲਗਾ ਕੇ ਘਰਾਂ ਤੋਂ ਬਾਹਰ ਨਿਕਲਦੇ ਤਾਂ ਦੇਖਣ ਵਾਲੇ ਉਹਨਾਂ ਦੀ ਸ਼ਾਨ ਤੋਂ ਬਲਿਹਾਰ ਜਾਂਦੇ।
ਜਦੋਂ ਕਦੇ ਪਿੰਡ ਵਿਚ ਕਿਸੇ ਕੁੜੀ ਦੇ ਵਿਆਹ ਤੇ ਪਿੰਡ ਵਿਚ ਜੰਝ ਆਉਂਦੀ ਤਾਂ ਬਰਾਤੀ ਚਿੱਟੇ ਚਾਦਰਿਆਂ ਅਤੇ ਟੌਹਰੇ ਦਾਰ ਪੱਗਾਂ ਵਿਚ ਆਪਣੇ ਬਰਾਤੀ ਹੋਣ ਦਾ ਅਹਿਸਾਸ ਆਪਣੇ ਆਪ ਹੀ ਕਰਵਾ ਦਿੰਦੇ। ਬਰਾਤ ਵਿਚ ਆਏ ਮੁੰਡੇ ਵਾਲਿਆਂ ਦੇ ਖਾਸ ਰਿਸ਼ਤੇਦਾਰ ਤਾਂ ਉਹਨਾਂ ਵੱਲੋਂ ਬੰਨੇ ਚਾਦਰਿਆਂ ਵਿਚ ਆਪਣੇ ਨੇੜਲੇ ਰਿਸ਼ਤੇਦਾਰ ਹੋਣ ਦਾ ਸੁਨੇਹਾ ਦੇ ਜਾਂਦੇ। ਸਾਧੇ ਅਤੇ ਸਾਫ ਕੱਪੜਿਆਂ ਵਿਚ ਵਿਆਹ ਵਿਚ ਆਏ ਪ੍ਰਾਹੁਣੇ ਪੈਰਾਂ ਦੇ ਗਿੱਟਿਆਂ ਤੱਕ ਬੰਨੇ ਚਾਦਰਿਆਂ, ਵਿਸ਼ੇਸ਼ ਪੱਗਾਂ ਵਿਚ, ਮੁੱਛਾਂ ਖੜੀਆਂ ਕਰ ਕਰ ਚਲਦੇ ਅਤੇ ਗਲਾਂ ਵਿਚ ਪਾਏ ਕੰਠੇ ਉਹਨਾਂ ਦੀ ਦਿੱਖ ਨੂੰ ਹੋਰ ਚਾਰ ਚੰਨ ਲਗਾ ਦਿੰਦੇ ਅਤੇ ਉਹ ਵੀ ਆਪਣੀ ਜਵਾਨੀ ਪਰ ਪੂਰਾ ਨਾਜ਼ ਕਰਦੇ। ਇਸ ਤਰ੍ਹਾਂ ਜਦੋਂ ਪਿੰਡ ਵਿਚ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਬਰਾਤ ਚੜ੍ਹਣ ਸਮੇਂ ਬਰਾਤ ਜਾਣ ਵਾਲਿਆਂ ਦਾ ਅੰਦਾਜ ਦੇਖਣ ਯੋਗ ਹੁੰਦਾ। ਕਈ ਆਪਣੇ ਧਰਤੀ ਸਿੰਬਰਦੇ ਚਾਦਰਿਆਂ ਨੂੰ ਟੰਗਦੇ, ਪੱਗ ਦੇ     ਤੁਰਲੇ ਨੂੰ ਉੱਚਾ ਕਰਦੇ, ਕਈ ਆਪਣੇ ਆਪ ਨੂੰ ਪੰਜਾਬੀ ਗੱਭਰੂ ਹੋਣ ਦਾ ਮਾਣ ਪ੍ਰਦਰਸ਼ਿਤ ਕਰਦੇ। ਬਜ਼ੁਰਗ, ਆਦਮੀ ਵੀ ਆਪਣੇ ਤੰਬਿਆਂ ਨੁੰ ਸੰਭਾਲਦੇ ਹੋਏ ਬਰਾਤੀ ਬਨਣ ਦਾ ਅਹਿਸਾਸ ਕਰਦੇ।
ਜੇ ਕਦੇ ਪਿੰਡ ਵਿਚ ਜਾਂ ਨੇੜੇ ਦੇ ਪਿੰਡ ਵਿਚ ਕੋਈ ਮੇਲਾ ਆ ਜਾਂਦਾ ਤਾਂ ਚਾਦਰੇ ਵਾਲੇ ਗੱਭਰੂਆਂ ਦੀ ਭਰਮਾਰ ਹੀ ਹੋ ਜਾਂਦੀ ਪਰ ਉਸ ਸਮੇਂ ਆਪਣੀ ਠਾਠ ਨੂੰ ਜਾਂ ਜਵਾਨੀ ਨੂੰ ਰਸੂਖਦਾਰ ਬਣਾਉਣ ਲਈ, ਉਹ ਹੱਥ ਵਿਚ ਸੰਮਾਂ ਵਾਲੀ ਡਾਂਗ ਵੀ ਫੜ੍ਹ ਲੈਂਦੇ। ਇਹ ਵੀ ਇਕ ਕਾਰਣ ਸੀ ਕਿ ਪਿੰਡਾਂ ਵਿਚ ਮੇਲਿਆਂ ਤੇ ਲੜਾਈਆਂ ਆਮ ਹੋ ਜਾਂਦੀਆਂ ਸਨ। ਹਰ ਕੋਈ ਆਪਣੇ ਆਪ ਨੂੰ ਰੋਅਬਦਾਰ ਦੱਸਦਾ ਹੋਇਆ ਐਵੇਂ ਪੰਗਾ ਲੈ ਲੈਂਦਾ। ਅਜਿਹੇ ਗੱਭਰੂ ਮੇਲੇ ਵਿਚ ਜਾ ਕੇ ਕੁਝ ਖਾਣ-ਪੀਣ ਤੋਂ ਵਧ ਮੇਲੇ ਵਿਚ ਗੇੜਾ ਦੇਣ ਨੂੰ ਵਧ ਤਰਜ਼ੀਹ ਦਿੰਦੇ।
ਪੰਜਾਬੀ ਪਹਿਰਾਵੇ ਵਿਚ ਚਾਦਰਿਆਂ ਦੀ ਇਹ ਠਾਠ ਪੰਜਾਬੀ ਲੋਕ ਗੀਤਾਂ, ਬੋਲੀਆਂ ਅਤੇ ਗੀਤਾਂ ਤੋਂ ਵੀ ਅਛੂਤ ਨਾ ਰਹੀ। ਭਾਵੇਂ ਉਹਨਾਂ ਦਿਨਾਂ ਵਿਚ ਲੋਕਾਂ ਕੋਲ ਪੈਸਾ ਘੱਟ ਹੋਣ ਕਾਰਨ ਗਰੀਬੀ ਦਾ ਮਾਹੌਲ ਸੀ ਪਰ ਪੰਜਾਬੀ ਤਾ ਸ਼ੁਰੂ ਤੋਂ ਹੀ ਦਿਲ ਦੇ ਦਲੇਰ ਰਹੇ ਹਨ। ਇਸ ਲਈ ਉਹ ਕਪੜੇ ਪਹਿਣਨ ਅਤੇ ਖਾਸ ਕਰਕੇ ਚਾਦਰੇ ਲਗਾਉਣ ਨੂੰ ਪੂਰੀ ਤਰਜੀਹ ਦਿੰਦੇ ਸਨ। ਚਿੱਟੇ ਚਾਦਰੇ ਲਗਾ ਕੇ ਗੱਭਰੂਆਂ ਦੀ ਜਦੋਂ ਕੋਈ ਟੋਲੀ ਵਿਆਹ ਜਾਂ ਮੇਲੇ ਨੂੰ ਤੁਰਦੀ, ਉਹਨਾਂ ਨੂੰ ਦੇਖ ਕਿਸੇ ਬਜ਼ੁਰਗ ਦੇ ਮੁੰਹੋਂ ਆਪਣੇ ਆਪ ਹੀ ਨਿਕਲ ਜਾਂਦਾ-
ਚਿੱਟੇ ਚਾਦਰੇ, ਚਾਰੇ ਲੜ੍ਹ ਖਾਲੀ,
ਨਵਿਆਂ, ਸੁਕੀਨਾਂ ਦੇ।
ਇਸੇ ਤਰ੍ਹਾਂ, ਜਦੋਂ ਕਿਸੇ ਦੇ ਮੁਕਲਾਵੇ ਪਿੱਛੋਂ ਗੱਭਰੂ, ਆਪਣੀ ਮੁਟਿਆਰ ਵਹੁਟੀ ਨੂੰ ਧੁੱਪ ਵਿਚ ਤੁਰਦੀ ਦੇਖ,     ਉਸਦੇ ਹੁਸਨ ਨੂੰ ਧੁੱਪ ਵਿਚ ਮੁਰਝਾਊਦਿਆਂ ਦੇਖਦਾ ਤਾਂ ਟਕੌਰ ਮਾਰਦਾ ਹੋਇਆ ਕਹਿੰਦਾ-ਜੇ ਤੈਨੂੰ ਧੁੱਪ ਲੱਗਦੀ-ਲੈ ਲੈ ਚਾਦਰਾ ਮੇਰਾ। ਕਹਿਣ ਦਾ ਭਾਵ  ਕਿ ਭਾਵੇਂ ਇਹ ਚਾਦਰਾ ਪਹਿਰਾਵੇ ਦਾ ਅੰਗ ਸੀ ਪਰ ਇਹ   ਮੁਸ਼ਕਿਲ ਸਮੇਂ ਮੀਂਹ-ਕਿਣੀ ਅਤੇ ਧੁੱਪ ਤੋਂ ਵੀ ਸਹਾਈ ਬਣਦਾ।
ਇਸੇ ਤਰ੍ਹਾਂ ਲੋਕ ਬੋਲੀਆਂ ਵਿਚ ਚਾਦਰੇ ਦਾ ਜ਼ਿਕਰ ਆਉਂਦਾ ਵੇ ਜਿਵੇਂ-
           ਵਿਹੜੇ ਦੇ ਵਿਚ ਪਈਂਏ ਭਾਬੀਏ ਚਿੱਟਾ ਚਾਦਰਾ ਤਾਣੀ
           ਵੀਰ ਤਾਂ ਮੇਰਾ ਗਿਆ ਕੈਨੇਡਾ, ਮੈਂ ਤਾਂ ਤੇਰਾ ਹਾਣੀ
           ਮਰੂਏ ਦੇ ਬੂਟੇ ਨੂੰ ਛਿੜਕ ਭਾਬੀਏ ਪਾਣੀ।
ਪਰ ਸਮੇਂ ਨੇ ਅਜਿਹਾ ਪਲਟਾ ਖਾਂਦਾ ਕਿ ਆਜਾਦੀ ਤੋਂ ਪਹਿਲਾਂ ਇੱਥੇ 100 ਸਾਲ ਅੰਗਰੇਜਾਂ ਦਾ ਰਾਜ ਰਿਹਾ ਜਿਸਨੇ ਪੰਜਾਬੀ ਖਾਣ-ਪੀਣ ਅਤੇ ਪਹਿਰਾਵੇ ਨੂੰ ਕਰਾਰੀ ਸੱਟ ਮਾਰੀ, ਅੰਗਰੇਜਾਂ ਦੇ ਰਹਿਣ-ਸਹਿਣ ਨੂੰ ਦੇਖ ਭਾਰਤੀ ਅਮੀਰ ਲੋਕ ਉਹਨਾਂ ਦੀ ਨਕਲ ਤੇ ਉਤਰ ਆਏ ਅਤੇ ਫਿਰ ਇਸ ਨੇ ਪੰਜਾਬੀ ਸੱਭਿਆਚਾਰ ਨੂੰ ਵੀ ਆਪਣੀ ਪਕੜ ਵਿਚ ਲੈ ਲਿਆ। ਪੜ੍ਹੇ ਲਿਖੇ ਪੰਜਾਬੀ ਗੱਭਰੂ ਚਾਰਦੇ ਛੱਡ ਸੂਟ-ਬੂਟ ਜਾਂ ਪੈਂਟਾਂ-ਕਮੀਜਾਂ ਪਾਉਣ ਲੱਗੇ ਅਤੇ ਪੁਰਾਣੇ ਚਾਦਰੇ ਅਤੇ ਝੱਗੇ ਕਿੱਲੀ ਟੰਗੇ ਗਏ। ਆਜਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿਚ ਵੀ ਚੰਗੀ ਤਰੱਕੀ ਹੋਈ। ਪੰਜਾਬੀ ਪੜ੍ਹੇ-ਲਿਖੇ ਲੋਕ ਪੰਜਾਮੇ-ਕੁੜਤੇ ਪਾਉਣ ਲੱਗੇ ਉਹ ਇਸ ਪਹਿਰਾਵੇ ਵਿਚ ਆਪਣੇ ਆਪ ਨੂੰ ਸੱਭਿਅਤ ਸੋਚਣ ਲੱਗੇ ਅੱਜ ਵੀ ਨੇਤਾ ਲੋਕਾਂ ਦੀ ਪਹਿਚਾਨ ਪਜਾਮੇ-ਕੁੜਤੇ ਨਾਲ ਕੀਤੀ ਜਾਂਦੀ ਹੈ। ਫਿਰ ਸਿੱਖਿਆ ਦਾ ਪ੍ਰਸਾਰ, ਪੱਛਮੀ ਸੱਭਿਆਤਾ ਦੇ ਪ੍ਰਭਾਵ, ਟੀ.ਵੀ. ਚੈਨਲਾਂ ਦੇ ਪ੍ਰਚਾਰ ਨਾਲ ਪਜਾਮੇ-ਕੁੜਤੇ ਵੀ ਘੱਟਦੇ ਚਲੇ ਗਏ ਅਤੇ ਹੁਣ ਤਾਂ ਘਸੀਆਂ-ਫਟੀਆਂ ਜੀਨਾਂ ਦਾ ਜੋਰ ਪੈ ਗਿਆ ਹੈ। ਮੁੰਡੇ-ਕੁੜੀਆਂ ਨੂੰ ਤਾਂ ਜੀਨਾਂ ਦੇ ਪਹਿਣਨ ਦਾ ਇੰਨਾ ਚਾਅ ਏ ਕਿ ਉਹ ਹੋਰ ਪਹਿਰਾਵੇ ਨੂੰ ਪਸੰਦ ਹੀ ਨਹੀਂ ਕਰਦੇ। ਇਸਦੇ ਨਾਲ ਹੀ ਪੱਛਮੀ ਕਲਚਰ ਨੇ ਨਗੇਜ਼ਪਨ ਨੁੰ ਵੀ ਊਤਸ਼ਾਹਿਤ ਕੀਤਾ ਹੈ। ਵੱਡੇ ਸ਼ਹਿਰਾਂ ਵਿਚ ਤਾਂ ਮਾਡਰਨ ਮੁੰਡੇ ਕੁੜੀਆਂ ਦੇ ਪਹਿਰਾਵੇ ਨੁੰ ਦੇਖ ਕੇ ਅਚੰਭਾ ਹੀ ਹੁੰਦਾ ਹੈ ਉਹਨਾਂ ਨੇ ਤਾਂ ਸ਼ਾਇਦ ਚਾਦਰੇ ਦੇਖੇ ਹੀ ਨਾ ਹੋਣ ਪਰ ਸਿਆਣਿਆਂ ਦੀ ਪੁਰਾਣੀ ਕਹਾਵਤ ਹੈ ਕਿ ''ਖਾਓ ਮਨ ਭਾਉਂਦਾ, ਪਹਿਨੋ ਜੱਗ ਭਾਉਂਦਾ।'' ਇਸ ਕਰਕੇ ਮਨੁੱਖ ਨੂੰ ਆਪਣੇ ਪਹਿਰਾਵੇ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਨਵੇਂ ਜਮਾਨੇ ਦਾ ਪਹਿਰਾਵਾ ਰੋਅਬਦਾਰ ਤਾਂ ਕੀ ਹੋਣਾ ਸੀ ਸਗੋਂ ਕਈ ਵਾਰ ਅਜਿਹੇ ਪਹਰਾਵਿਆਂ ਨੁੰ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਹਾਸੀ ਵੀ ਆਉਂਦੀ ਹੈ। ਇਸਦੇ ਉਲਟ ਜੇ ਅੱਜ ਵੀ ਕੋਈ ਪਿੰਡ ਦਾ ਆਦਮੀ ਜਿਸਨੇ ਚਾਦਰਾ ਪਹਿਨਿਆ ਹੋਵੇ, ਕਿਤੇ ਨਜ਼ਰ ਆ ਜਾਵੇ ਤਾਂ ਉਸ ਨੁੰ ਦੇਖ ਪੰਜਾਬੀ ਪਹਿਰਾਵੇ ਤੇ ਮਾਣ ਜਿਹਾ ਹੋਣ ਲੱਗਦਾ ਹੈ।
ਭਾਵੇਂ ਅੱਜਕਲ ਪੰਜਾਬੀ ਪਹਿਰਾਵੇ ਵਿਚ ਚਾਦਰੇ ਅਲੋਪ ਹੁੰਦੇ ਜਾ ਰਹੇ ਹਨ ਪਰ ਪੰਜਾਬ ਦੇ ਕਈ ਇਲਾਕਿਆਂ, ਖਾਸ ਕਰਕੇ ਨਵਾਂ ਸ਼ਹਿਰ, ਤਰਨਤਾਰਨ , ਅੰਮ੍ਰਿਤਸਰ ਅਤੇ ਮਾਨਸਾ ਜਿਲ੍ਹਿਆਂ ਵਿਚ ਚਾਦਰੇ ਬੰਨੇ ਕੁਝ ਲੋਕ ਮਿਲ ਜਾਂਦੇ ਹਨ ਅਤੇ ਇਹ ਚਾਦਰੇ (ਤੰਬੇ) ਸਾਡੇ ਪੁਰਾਤਨ ਵਿਰਸੇ ਦੀ ਕੋਈ ਕਹਾਣੀ ਸੁਣਾਉਂਦੇ ਨਜ਼ਰ ਆਉਂਦੇ ਹਨ। ਸਾਡੇ ਪੰਜਾਬੀ ਨੌਜਵਾਨ ਪੱਛਮੀ ਸਭਿਆਚਾਰ ਦਾ ਪ੍ਰਭਾਵ ਤਿਆਗ ਕੇ ਸਾਡੇ ਪੰਜਾਬੀ ਪਹਿਰਾਵੇ ਨੂੰ ਅਪਨਾਉਣਾ ਸ਼ੁਰੂ ਕਰ ਦੇਣ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37-ਡੀ
ਚੰਡੀਗੜ੍ਹ ਮੋ. ਨੰ: 98764-52223


Related News