ਪੰਜਾਬ ਸਰਕਾਰ ਕਿਰਤੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ : ਡਾ. ਹਰਜੋਤ ਕਮਲ
Tuesday, May 01, 2018 - 11:45 AM (IST)
 
            
            ਮੋਗਾ,  (ਗਰੋਵਰ, ਗੋਪੀ)—ਪੰਜਾਬ ਸਰਕਾਰ ਕਿਰਤੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਪੰਜਾਬ ਲੇਬਰ ਵੈੱਲਫੇਅਰ ਬੋਰਡ ਤੇ ਬਿਲਡਿੰਗ ਐਂਡ ਅੰਡਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਕਾਇਮ ਕੀਤੇ ਗਏ ਹਨ, ਜਿਨ੍ਹਾਂ ਅਧੀਨ ਇਨ੍ਹਾਂ ਵਰਗਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਵਿਧਾਇਕ ਮੋਗਾ ਡਾ. ਹਰਜੋਤ ਕਮਲ ਨੇ ਕਿਰਤ ਵਿਭਾਗ ਮੋਗਾ ਵੱਲੋਂ ਸਥਾਨਕ ਗੋਪਾਲ ਗਊਸ਼ਾਲਾ ਵਿਖੇ ਕਿਰਤੀਆਂ ਦੀ ਭਲਾਈ ਲਈ ਆਯੋਜਿਤ 'ਕਿਰਤੀ ਦਿਵਸ ਸਮਾਗਮ' ਦੀ ਪ੍ਰਧਾਨਗੀ ਕਰਦਿਆਂ ਕੀਤਾ। 
ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਰਾਜ ਕੁਮਾਰ ਗਰਗ, ਕਿਰਤ ਇੰਸਪੈਕਟਰ ਰੰਜੀਵ ਸੋਢੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ। ਡਾ. ਹਰਜੋਤ ਕਮਲ ਨੇ ਸਮੂਹ ਕਿਰਤੀ ਵਰਗ ਨੂੰ ਕਿਰਤ ਦਿਵਸ ਦੇ ਮੌਕੇ 'ਤੇ ਵਧਾਈ ਦਿੰਦਿਆਂ ਉਸਾਰੀ ਕਿਰਤੀਆਂ ਨੂੰ ਆਨ-ਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਪੰਜਾਬ ਸਰਕਾਰ, ਪੰਜਾਬ ਲੇਬਰ ਵੈੱਲਫੇਅਰ ਬੋਰਡ ਤੇ ਬਿਲਡਿੰਗ ਐਂਡ ਅੰਡਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। 
ਵਿਧਾਇਕ ਮੋਗਾ ਡਾ. ਹਰਜੋਤ ਕਮਲ ਵੱਲੋਂ ਯੋਗ ਕਿਰਤੀਆਂ ਨੂੰ ਲਾਭਪਾਤਰੀ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਇਸ ਮੌਕੇ ਜ਼ਿਲਾ ਕੋ-ਆਰਡੀਨੇਟਰ ਐੱਨ. ਜੀ. ਓ. ਐੱਸ. ਕੇ. ਬਾਂਸਲ, ਚਮਨ ਲਾਲ ਗੋਇਲ, ਐਡਵੋਕੇਟ ਵਿਜੇ ਧੀਰ, ਐੱਨ. ਜੀ. ਓ. ਆਸ਼ਾ ਅਰੋੜਾ, ਨੰਨ੍ਹੀ ਕਲਾ ਪ੍ਰਾਜੈਕਟ ਅਫਸਰ ਤਰਨਜੀਤ ਕੌਰ, ਵੇਦ ਪ੍ਰਕਾਸ਼ ਸੇਠੀ ਅਤੇ ਕਾਫੀ ਗਿਣਤੀ 'ਚ ਕਿਰਤੀ ਵਰਗ ਦੇ ਲੋਕ ਹਾਜ਼ਰ ਸਨ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            