ਪੰਜਾਬ ਦੀਆਂ ਨਹਿਰਾਂ ''ਚ ਘੁਲੇ ਜ਼ਹਿਰੀਲੇ ਤੱਤਾਂ ਦਾ ਸੱਚ ਹੋਵੇਗਾ ਉਜਾਗਰ, ਮਿਲੇ ਖਾਸ ਨਿਰਦੇਸ਼

05/25/2018 10:03:59 AM

ਚੰਡੀਗੜ੍ਹ : ਪੰਜਾਬ ਦੀਆਂ ਨਹਿਰਾਂ 'ਚ ਇੰਡਸਟਰੀਅਲ ਵੇਸਟ ਮਿਲਾਉਣ ਨਾਲ ਹੋ ਰਹੇ ਪ੍ਰਦੂਸ਼ਣ ਦਾ ਸੱਚ ਹੁਣ ਸਭ ਦੇ ਸਾਹਮਣੇ ਆ ਜਾਵੇਗਾ। 'ਨੈਸ਼ਨਲ ਗਰੀਨ ਟ੍ਰਿਬੀਊਨਲ' (ਐੱਨ. ਜੀ. ਟੀ.) ਨੇ ਕੇਂਦਰੀ ਅਤੇ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਾਂਝੀ ਟੀਮ ਬਣਾ ਕੇ ਸਤਲੁਜ ਅਤੇ ਬਿਆਸ ਨਹਿਰਾਂ ਅਤੇ ਲੁਧਿਆਣਾ ਦੇ ਬੁੱਢੇ ਨਾਲੇ ਤੋਂ ਪਾਣੀ ਦੇ ਸੈਂਪਲ ਲੈਣ ਦੇ ਨਿਰਦੇਸ਼ ਦਿੱਤੇ ਹਨ।
ਬਟਾਲਾ ਦੇ ਕੀੜੀ ਅਫਗਾਨਾ ਦੀ ਚੱਡਾ ਸ਼ੂਗਰ ਮਿੱਲ ਵਲੋਂ ਬਿਆਸ 'ਚ ਸੀਰਾ ਸੁੱਟਣ ਨਾਲ ਕਈ ਜੀਵਾਂ ਦੇ ਮਾਰੇ ਜਾਣ ਤੋਂ ਬਾਅਦ ਹਾਹਾਕਾਰ ਮਚ ਗਈ ਸੀ। ਇਸ ਤੋਂ ਬਾਅਦ ਐੱਨ. ਜੀ. ਟੀ. ਨੇ ਇਸ ਮਾਮਲੇ 'ਚ ਖੁਦ ਨੋਟਿਸ ਲੈਂਦੇ ਹੋਏ ਵੀਰਵਾਰ ਨੂੰ ਸਾਰੇ ਸਬੰਧਿਤ ਪੱਖਾਂ ਨੂੰ ਤਲਬ ਕੀਤਾ ਸੀ। ਸੁਣਵਾਈ ਦੌਰਾਨ ਕੇਂਦਰ ਅਤੇ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਤਲੁਜ, ਬਿਆਸ ਅਤੇ ਬੁੱਢੇ ਨਾਲੇ ਦੇ ਪਾਣੀ ਦੇ 3-3 ਸੈਂਪਲਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ। 
ਨਾਲ ਹੀ 6 ਹਫਤਿਆਂ 'ਚ ਟ੍ਰਿਬੀਊਨਲ ਨੂੰ ਰਿਪੋਰਟ ਸੌਂਪਣ ਨੂੰ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰ, ਪੰਜਾਬ ਅਤੇ ਰਾਜਸਥਾਨ ਸਰਕਾਰਾਂ, ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਲੁਧਿਆਣਾ ਅਤੇ ਜਲੰਧਰ ਦੇ ਨਗਰ ਨਿਗਮ, ਚੱਡਾ ਸ਼ੂਗਰ ਮਿੱਲ, ਰਾਣਾ ਸ਼ੂਗਰ ਮਿੱਲ ਸਮੇਤ 11 ਲੋਕਾਂ ਨੂੰ ਨੋਟਿਸ ਦਿੱਤਾ ਹੈ। ਇਸ ਕੇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਣੀ ਤੈਅ ਕੀਤੀ ਗਈ ਹੈ। 
 


Related News