ਸ਼ਹਿਰ ਨੂੰ ਪਾਲੀਥੀਨ ਮੁਕਤ ਕਰਨ ਲਈ ਦੁਕਾਨਦਾਰਾਂ ਦੇ ਕੱਟੇ ਚਲਾਨ

06/03/2018 4:15:04 PM

ਪਟਿਆਲਾ (ਰਾਜੇਸ਼)-ਸ਼ਾਹੀ ਸ਼ਹਿਰ ਨੂੰ ਪਾਲੀਥੀਨ ਅਤੇ ਥਰਮਾਕੋਲ ਤੋਂ ਮੁਕਤ ਕਰਨ ਲਈ ਨਗਰ ਨਿਗਮ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼ਨੀਵਾਰ ਨੂੰ ਤ੍ਰਿਪੜੀ ਵਿਖੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਜਾਗਰੂਕ ਕੀਤਾ ਗਿਆ। ਨਗਰ ਨਿਗਮ ਦੀ ਟੀਮ ਵੱਲੋਂ ਇਨ੍ਹਾਂ ਸਟੋਰਾਂ ਦਾ ਸਾਰਾ ਪਾਲੀਥੀਨ ਅਤੇ ਡਿਸਪੋਜ਼ੇਬਲ ਜ਼ਬਤ ਕਰ ਲਿਆ ਗਿਆ ਪਰ ਇਸ ਮਗਰੋਂ ਤ੍ਰਿਪੜੀ ਦੇ ਦੁਕਾਨਦਾਰ ਅਤੇ ਪਬਲਿਕ ਨੇ ਇਤਰਾਜ਼ ਕੀਤਾ ਕਿ ਉਨ੍ਹਾਂ ਨੂੰ ਮੌਜੂਦਾ ਸਟਾਕ ਭੁਗਤਾ ਦਿੱਤਾ ਜਾਣ ਦੇਵੇ। ਨਿਗਮ ਦੀ ਟੀਮ ਨੇ ਸਪੱਸ਼ਟ ਕੀਤਾ ਕਿ ਬਹੁਤ ਸਮੇਂ ਤੋਂ ਲਗਾਤਾਰ ਸੂਚਨਾ ਦਿੱਤੀ ਜਾ ਰਹੀ ਹੈ ਕਿ ਪਾਲੀਥੀਨ ਅਤੇ ਪਲਾਸਟਿਕ ਅਤੇ ਥਰਮੋਕੋਲ ਡਿਸਪੋਜ਼ੇਬਲ 'ਤੇ ਪੂਰਨ ਕਾਨੂੰਨੀ ਪਾਬੰਦੀ ਹੈ ਅਤੇ ਇਸ ਦੇ ਇਸਤੇਮਾਲ ਲਈ ਸਮਾਂ ਸੀਮਾ 31 ਮਈ ਤੱਕ ਦਿੱਤੀ ਗਈ ਸੀ। ਨਿਗਮ ਦੀ ਟੀਮ ਵੱਲੋਂ ਸਵੇਰੇ -ਸ਼ਾਮ ਬਾਜ਼ਾਰਾਂ ਵਿਚ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਪਲਾਸਟਿਕ ਦਾ ਬਦਲ ਆਲੂ ਅਤੇ ਮੱਕੀ ਦੇ ਸਟਾਰਚ ਤੋਂ ਬਣੇ ਲਿਫ਼ਾਫ਼ੇ ਵੀ ਉਪਲੱਬਧ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ਲੋਕ ਕੱਪੜੇ ਦਾ ਥੈਲਾ ਇਸਤੇਮਾਲ ਕਰਦੇ ਸਨ ਪਰ ਇਸ ਦੇ ਉਲਟ ਅੱਜ ਪਲਾਸਟਿਕ ਅਤੇ ਪਾਲੀਥੀਨ ਵਾਤਾਵਰਣ ਨੂੰ ਪੂਰੀ ਤਰ੍ਹਾਂ ਖਰਾਬ ਕਰ ਰਿਹਾ ਹੈ। ਨਿਗਮ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਪਹਿਲੀ ਵਾਰ ਹਿੰਦੁਸਤਾਨ 'ਵਿਸ਼ਵ ਵਾਤਾਵਰਣ ਦਿਵਸ' ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਦਾ ਥੀਮ 'ਬੀਟ ਪਲਾਸਟਿਕ ਪੋਲਿਊਸ਼ਨ' ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਨੇ ਸ਼ਹਿਰ ਨੂੰ ਪਾਲੀਥੀਨ ਅਤੇ ਪਲਾਸਟਿਕ ਡਿਸਪੋਜ਼ੇਬਲ ਮੁਕਤ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਚੀਫ ਸੈਨੇਟਰੀ ਇੰਸਪੈਕਟਰ ਭਗਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਨਿਵਾਸੀ ਆਪਣਾ ਵਾਤਾਵਾਰਣ ਬਚਾਉਣ ਲਈ ਪਲਾਸਟਿਕ ਦੀ ਵਰਤੋਂ ਬੰਦ ਕਰਨ। ਪਾਲੀਥੀਨ ਦੇ ਲਿਫਾਫਿਆਂ ਕਾਰਨ ਜਿਥੇ ਇਹ ਸ਼ਹਿਰ ਵਿਚ ਗੰਦਗੀ ਦਾ ਮੁੱਖ ਕਾਰਨ ਬਣਦੇ ਹਨ, ਉਥੇ ਨਾਲੀਆਂ ਅਤੇ ਸੀਵਰੇਜ ਵੀ ਬਲਾਕ ਕਰਦਾ ਹੈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਆਰ. ਗੁਪਤਾ, ਪ੍ਰੋਗਰਾਮ ਕੋਆਰਡੀਨੇਟਰ ਮਨਪ੍ਰੀਤ ਬਾਜਵਾ, ਪ੍ਰੋਗਰਾਮ ਕੋਆਰਡੀਨੇਟਰ ਅਮਨਦੀਪ ਸੇਖੋਂ ਆਦਿ ਅਧਿਕਾਰੀ ਹਾਜ਼ਰ ਸਨ। 


Related News