ਨਵਾਂ ਪਟਵਾਰਖਾਨਾ ਤਿਆਰ ਪਰ ਪਟਵਾਰੀ ਸ਼ਿਫਟ ਹੋਣ ਲਈ ਨਹੀਂ ਰਾਜ਼ੀ

Sunday, May 20, 2018 - 12:35 AM (IST)

ਨਵਾਂ ਪਟਵਾਰਖਾਨਾ ਤਿਆਰ ਪਰ ਪਟਵਾਰੀ ਸ਼ਿਫਟ ਹੋਣ ਲਈ ਨਹੀਂ ਰਾਜ਼ੀ

ਸਮਾਣਾ(ਦਰਦ)-ਸਮਾਣਾ ਵਿਚ ਪਟਵਾਰਖਾਨੇ ਦੀ ਘਾਟ ਕਾਰਨ ਹਰੇਕ ਨੂੰ ਆਪਣਾ ਪਟਵਾਰੀ ਲੱਭਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਦੋਂ ਵੀ ਕਿਸੇ ਪਟਵਾਰੀ ਦੀ ਬਦਲੀ ਹੋ ਜਾਂਦੀ ਹੈ ਤਾਂ ਉਹ ਆਪਣੇ ਦਫਤਰ ਦਾ ਸਾਮਾਨ ਚੁੱਕ ਕੇ ਆਪਣੀ ਮੰਨ ਭਾਉਂਦੀ ਜਗ੍ਹਾ 'ਤੇ ਲੈ ਜਾਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਬੇਸ਼ੱਕ ਸਰਕਾਰ ਨੇ ਤਹਿਸੀਲ ਕੰਪਲੈਕਸ ਵਿਚ ਪਟਵਾਰਖਾਨੇ ਲਈ ਇਮਾਰਤ ਤਿਆਰ ਕਰ ਦਿੱਤੀ ਹੈ ਪਰ ਕੁਝ ਖਾਮੀਆਂ ਨੂੰ ਦੱਸਦੇ ਹੋਏ ਉਸ ਵਿਚ ਪਟਵਾਰੀਆਂ ਦੇ ਸ਼ਿਫਟ ਨਾ ਹੋਣ ਕਾਰਨ ਹਲਕੇ ਦੇ ਲੋਕ ਹੈਰਾਨ ਤੇ ਪ੍ਰੇਸ਼ਾਨ ਹੋ ਰਹੇ ਹਨ ਤੇ ਪ੍ਰਸ਼ਾਸਨ ਇਸ ਵੱਲ ਗੰਭੀਰ ਨਹੀਂ ਜਾਪਦਾ। ਸਮਾਣਾ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਹਲਕੇ ਦੇ ਸਾਰੇ ਪਟਵਾਰੀ ਤਹਿਸੀਲ ਕੰਪਲੈਕਸ ਨੇੜੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਲੱਭਣ ਵਿਚ ਕੋਈ ਦਿੱਕਤ ਨਾ ਆਵੇ।ਇਸ ਸੰਬੰਧੀ ਜਦੋਂ ਤਹਿਸੀਲਦਾਰ ਸਮਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਟਵਾਰਖਾਨੇ ਦੀ ਇਮਾਰਤ ਤਿਆਰ ਹੋ ਚੁੱਕੀ ਹੈ ਤੇ ਐੱਸ. ਡੀ. ਐੱਮ. ਸਮਾਣਾ ਤੇ ਪਟਵਾਰੀਆਂ ਨੇ ਉਨ੍ਹਾਂ ਨਾਲ ਨਵੇਂ ਬਣੇ ਪਟਵਾਰਖਾਨੇ ਦੀ ਇਮਾਰਤ ਦਾ ਨਿਰੀਖਣ ਵੀ ਕਰ ਲਿਆ ਹੈ ਅਤੇ ਪਟਵਾਰੀਆਂ ਨੂੰ ਇਸ ਜਗ੍ਹਾ 'ਤੇ ਸ਼ਿਫਟ ਹੋਣ ਲਈ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਪਰ ਕੋਈ ਵੀ ਪਟਵਾਰੀ ਅਜੇ ਤੱਕ ਇਸ ਇਮਾਰਤ ਵਿਚ ਸ਼ਿਫਟ ਨਹੀਂ ਹੋਇਆ। ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਨੁਸਾਰ ਨਵੇਂ ਬਣੇ ਪਟਵਾਰਖਾਨੇ ਵਿਚ ਵੱਖਰੇ ਕਮਰਿਆਂ ਤੇ ਬਿਜਲੀ ਦਾ ਕੋਈ ਉਚਿਤ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਕੰਮ ਲਈ ਆਉਣ ਵਾਲੇ ਲੋਕਾਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਸ ਲਈ ਉਨ੍ਹਾਂ ਵੱਲੋਂ ਐੱਸ. ਡੀ. ਐੱਮ. ਸਮਾਣਾ ਨੂੰ ਆਪਣੇ ਇਤਰਾਜ਼ ਵੀ ਦੱਸੇ ਗਏ ਹਨ ਪਰ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵੱਡੀ ਲਾਗਤ ਨਾਲ ਤਿਆਰ  ਹੋਈ ਇਸ ਪਟਵਾਰਖਾਨੇ ਦੀ ਇਮਾਰਤ ਦੀਆਂ ਕਮੀਆਂ ਜਦੋਂ ਤੱਕ ਦੂਰ ਨਹੀਂ ਕੀਤੀਆਂ ਜਾਂਦੀਆਂ, ਉਸ ਇਸ ਵਿਚ ਸ਼ਿਫਟ ਨਹੀਂ ਹੋਣਗੇ।


Related News