ਪੀ. ਯੂ. ''ਚ ਸੁਧਾਰ ਮੁਹਿੰਮ : ਵਾਈਸ ਚਾਂਸਲਰ ਵੱਲੋਂ ਐਗਜ਼ਾਮੀਨੇਸ਼ਨ ਬਰਾਂਚ ''ਚ ਚੈਕਿੰਗ

Tuesday, May 22, 2018 - 04:32 AM (IST)

ਪਟਿਆਲਾ, (ਜੋਸਨ)- ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਤੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਅੱਜ ਫਿਰ ਐਗਜ਼ਾਮੀਨੇਸ਼ਨ ਬਰਾਂਚ ਵਿਚ ਚੈਕਿੰਗ ਕੀਤੀ। ਜਦੋਂ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣਨ ਲੱਗੇ ਤਾਂ ਮੁਲਾਜ਼ਮਾਂ ਨੂੰ ਪਤਾ ਲਗਦੇ ਹੀ ਇਕਦਮ ਹਫੜਾ-ਦਫੜੀ ਮਚ ਗਈ। ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸ਼ੇਸ਼ ਸਟੋਰੀ ਪ੍ਰਕਾਸ਼ਿਤ ਕੀਤੀ ਸੀ, ਜਿਸ ਕਾਰਨ ਡਾ. ਘੁੰਮਣ ਬਰਾਂਚ ਦੇ ਕੰਮ ਨੂੰ ਸੁਧਾਰਨ ਦਾ ਤਹੱਈਆ ਕਰੀ ਬੈਠੇ ਹਨ। ਪਿਛਲੇ ਇਕ ਹਫਤੇ ਵਿਚ ਇਹ ਦੂਜੀ ਵਾਰ ਚੈਕਿੰਗ ਹੋਈ ਹੈ। 
ਵਾਈਸ-ਚਾਂਸਲਰ ਨੇ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿਖੇ ਵਰਤਮਾਨ ਹਾਲਾਤ ਦਾ ਜਾਇਜ਼ਾ ਲਿਆ। ਪਿਛਲੇ ਹਫਤੇ ਪ੍ਰੀਖਿਆ ਸ਼ਾਖਾ 'ਚ ਕੀਤੀ ਛਾਪਮਾਰੀ ਤੋਂ ਬਾਅਦ ਉਥੋਂ ਦੇ ਸਟਾਫ ਦੇ ਕੰਮ-ਕਾਜ ਵਿਚ ਤਬਦੀਲੀਆਂ ਅਤੇ ਸੁਧਾਰਾਂ ਦਾ ਮੁਲਾਂਕਣ ਕੀਤਾ। ਡਾ. ਘੁੰਮਣ ਨੇ ਕੁੱਝ ਮੁਲਾਕਾਤੀਆਂ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਗੱਲਬਾਤ ਕੀਤੀ। ਉਨ੍ਹਾਂ ਕਿਹਾ, 'ਮੈਂ ਸਿਰਫ ਪ੍ਰੀਖਿਆ ਸ਼ਾਖਾ ਵਿਚ ਹੀ ਨਹੀਂ, ਸਗੋਂ ਹੋਰ ਦਫਤਰਾਂ ਵਿਚ ਵੀ ਅਚਨਚੇਤ ਛਾਪੇਮਾਰੀ ਕਰਾਂਗਾ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਨਾ ਆਵੇ। ਯੂਨੀਵਰਸਿਟੀ ਦੇ ਸਟਾਫ ਦਾ ਮੁਢਲਾ ਫਰਜ਼ ਹੈ ਕਿ ਉੁਹ ਪੂਰੀ ਈਮਾਨਦਾਰੀ ਨਾ ਸੇਵਾ ਕਰਨ। ਲਾਪਰਵਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ।'
ਕਈ ਅਧਿਕਾਰੀਆਂ ਦੀ ਕੀਤੀ ਖਿਚਾਈ 
ਵਾਈਸ ਚਾਂਸਲਰ ਨੇ ਇਸ ਮੌਕੇ ਕਈ ਅਧਿਕਾਰੀਆਂ ਦੀ ਖਿਚਾਈ ਵੀ ਕੀਤੀ। ਉਨ੍ਹਾਂ ਦੇ ਤੇਵਰ ਲਾਪਰਵਾਹੀ ਕਰਨ ਵਾਲਿਆਂ ਖਿਲਾਫ ਸਖਤ ਨਜ਼ਰ ਆ ਰਹੇ ਸਨ। ਡਾ. ਘੁੰਮਣ ਨੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮੌਕੇ 'ਤੇ ਹੀ ਕਈ ਬਰਾਂਚਾਂ ਦੇ ਮੁਖੀ ਬੁਲਾ ਲਏ ਤੇ ਉਨ੍ਹਾਂ ਦੀ 'ਆਓ-ਭਗਤ' ਕੀਤੀ। ਇਸ ਮੌਕੇ ਉਨ੍ਹਾਂ ਐਗਜ਼ਾਮੀਨੇਸ਼ਨ ਬਰਾਂਚ ਦੇ ਕਈ ਵਿੰਗਾਂ ਦਾ ਦੌਰਾ ਵੀ ਕੀਤਾ ਤੇ ਆਪਣੇ ਨਾਲ ਪੀ. ਯੂ. ਦੇ ਕੈਮਰਾਮੈਨਾਂ ਦੇ ਫੋਟੋਗ੍ਰਾਫਰਾਂ ਦੀ ਟੀਮ ਵੀ ਰੱਖੀ।


Related News