ਲੁਟੇਰਿਆਂ ''ਤੇ ਨੱਥ ਪਾਉਣ ਲਈ ਇਨਸਾਫ਼ ਪਸੰਦ ਜਥੇਬੰਦੀਆਂ ਨੇ ਥਾਣੇ ਅੱਗੇ ਦਿੱਤਾ ਧਰਨਾ

05/28/2018 7:37:09 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਲੁੱਟਾਂ ਖੋਹਾਂ ਵਿਰੋਧੀ ਸੰਘਰਸ਼ ਕਮੇਟੀ ਨਿਹਾਲ ਸਿੰਘ ਵਾਲਾ ਦੇ ਸੱਦੇ 'ਤੇ ਮੰਡੀ ਨਿਹਾਲ ਸਿੰਘ ਵਾਲਾ ਅਤੇ ਇਲਾਕੇ ਭਰ 'ਚੋਂ ਸੈਂਕੜੇ ਕਿਸਾਨ, ਮਜ਼ਦੂਰ, ਨੌਜਵਾਨ, ਮੁਲਾਜ਼ਮ, ਔਰਤਾਂ, ਮਰਦਾਂ ਨੇ ਥਾਣਾ ਨਿਹਾਲ ਸਿੰਘ ਵਾਲਾ ਅੱਗੇ ਧਰਨਾ ਦੇ ਕੇ ਲੁਟੇਰਿਆਂ 'ਤੇ ਨੱਥ ਪਾਉਣ ਦੀ ਮੰਗ ਕੀਤੀ। 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਡੀ. ਟੀ. ਐੱਫ਼., ਐੱਸ. ਐੱਸ. ਏ. ਰਮਸਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਗੌਰਮਿੰਟ ਪੈਸ਼ਨਰਜ਼ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ 'ਤੇ ਆਧਾਰਿਤ ਬਣੀ ਲੁੱਟਾਂ ਖੋਹਾਂ ਵਿਰੋਧੀ ਸੰਘਰਸ਼ ਕਮੇਟੀ ਦੇ ਬੁਲਾਰਿਆਂ ਅਮਰਜੀਤ ਸੈਦੋਕੇ, ਬਲਵੰਤ ਸਿੰਘ, ਕਾਰਮ ਰਾਮਾ, ਅਮਨਦੀਪ ਸਿੰਘ ਆਦਿ ਨੇ ਕਿਹਾ ਕਿ ਸਰਕਾਰੀ ਨੀਤੀਆਂ ਤਹਿਤ ਬੇਰੁਜ਼ਗਾਰ ਅਤੇ ਨਸ਼ੇ ਦੇ ਸ਼ਿਕਾਰ ਹੋਏ ਨੌਜਵਾਨ ਹੀ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। 
ਰਾਜਨੀਤਕ ਪਾਰਟੀਆਂ ਅਤੇ ਨੇਤਾਵਾਂ ਦੇ ਦਾਖਲ ਅਤੇ ਪੁਲਸ ਦੀ ਨਾਲਾਇਕੀ ਕਾਰਨ ਅਜਿਹੇ ਗਰੋਹ ਵੱਡੇ ਗੁੰਡਾ ਗਰੋਹਾਂ ਅਤੇ ਗੈਂਗਸਟਰਾਂ ਵਜੋਂ ਸਥਾਪਤ ਹੋ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਸਮੇਂ-ਸਮੇਂ ਦੇ ਰੰਗ ਬਰੰਗੀਆਂ ਪਾਰਟੀਆਂ ਤੇ ਨੇਤਾਵਾਂ ਵੱਲੋਂ ਰਾਜ ਭਾਗ ਦੀ ਕਾਠੀ ਪਾ ਕੇ ਰੱਖਣ ਲਈ ਕੀਤੀ ਜਾਂਦੀ ਹੈ। ਇਲਾਕਾ ਨਿਹਾਲ ਸਿੰਘ ਵਾਲਾ ਅੰਦਰ ਪਿਛਲੇ ਸਮੇਂ ਤੋਂ ਵਾਪਰੀਆਂ ਲੁੱਟ ਖੋਹ ਦੀਆਂ ਤਾਜ਼ਾ ਘਟਨਾਵਾਂ 'ਤੇ ਪੁਲਸ ਪ੍ਰਸ਼ਾਸਨ ਦੀ ਚੁੱਪੀ ਸਰਕਾਰਾਂ ਦੇ ਉਪਰੋਕਤ ਮਨਸੇ ਦੀ ਚੁਗਲੀ ਕਰਦੀ ਹੈ। ਸਾਬਕਾ ਅਧਿਆਪਕ ਕ੍ਰਿਸ਼ਨ ਦਿਆਲ ਕੁੱਸਾ ਦੀ ਲੁੱਟ ਖੋਹ ਮਗਰੋਂ ਮੰਡੀ ਨਿਹਾਲ ਸਿੰਘ ਵਾਲਾ ਅੰਦਰ ਚਿੱਟੇ ਦਿਨ ਵਾਪਰੀਆਂ ਵੱਡੀਆਂ ਲੁੱਟ ਖੋਹ ਦੀਆਂ ਘਟਨਾਵਾਂ ਅਤੇ ਇਲਾਕੇ ਭਰ ਤੋਂ ਇਲਾਵਾ ਨੇੜਲੇ ਪਿੰਡਾਂ ਅਤੇ ਗੁਆਂਢੀ ਜ਼ਿਲਿਆਂ ਦੀਆਂ ਘਟਨਾਵਾਂ ਲੁਟੇਰਿਆਂ ਦੇ ਬੁਲੰਦ ਹੌਸਲਿਆਂ ਨੂੰ ਜ਼ਾਹਰ ਕਰਦੀਆਂ ਹਨ। 
ਇਸ ਦੌਰਾਨ ਬੁਲਾਰਿਆਂ ਨੇ ਨਿਹਾਲ ਸਿੰਘ ਵਾਲਾ ਪੁਲਸ ਪ੍ਰਸ਼ਾਸਨ ਨੂੰ ਇਨ੍ਹਾਂ ਗੁੰਡਾ ਗਰੋਹਾਂ 'ਤੇ ਨੱਥ ਪਾਉਣ ਦੀ ਮੰਗ ਕੀਤੀ। ਇਸ ਦੌਰਾਨ ਅਧਿਆਪਕ ਆਗੂ ਦਿਗਵਿਜੇ ਸ਼ਰਮਾ, ਗੁਰਮੁਖ ਹਿੰਮਤਪੁਰਾ, ਗੁਰਚਰਨ ਸਿੰਘ ਰਾਮਾ, ਦਰਸ਼ਨ ਸਿੰਘ ਹਿੰਮਤਪੁਰਾ ਆਦਿ ਵੱਲੋਂ ਸੰਬੋਧਨ ਕੀਤਾ ਗਿਆ।


Related News