ਕੇਰਲ ਤੋਂ ਬਾਅਦ ਇਨ੍ਹਾਂ ਸੂਬਿਆਂ ''ਚ ਵੀ ਦਸਤਕ ਦੇ ਸਕਦੈ ''ਨਿਪਾਹ ਵਾਇਰਸ''

Thursday, May 24, 2018 - 12:55 AM (IST)

ਜੈਪੁਰ— ਨਿਪਾਹ ਵਾਇਰਸ ਨੂੰ ਲੈ ਕੇ ਰਾਜਸਥਾਨ 'ਚ ਬੁੱਧਵਾਰ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਸਰਕਾਰ ਨੇ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਿਹਤ ਮੰਤਰੀ ਕਾਲੀਚਰਨ ਸਰਾਫ ਨੇ ਆਪਣੇ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਡਾਕਟਰਾਂ ਨੂੰ ਕੇਰਲ ਦੇ ਨਿਪਾਹ ਵਾਇਰਸ ਦੇ ਕਾਰਨ ਹੋ ਰਹੀਆਂ ਮੌਤਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਦੇਸ਼ 'ਚ ਨਿਪਾਹ ਵਾਇਰਸ ਦੀ ਰੋਕਥਾਮ ਦੇ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ।
ਸਰਾਫ ਨੇ ਕਿਹਾ ਕਿ ਕੇਰਲ 'ਚ ਕਈ ਪ੍ਰਵਾਸੀ ਰਾਜਸਥਾਨੀ ਨਿਵਾਸ ਕਰਦੇ ਹਨ, ਉਨ੍ਹਾਂ ਦਾ ਰਾਜਸਥਾਨ 'ਚ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਨਾਲ ਹੀ ਰਾਜਸਥਾਨ 'ਚ ਰਹਿਣ ਵਾਲੇ ਕੇਰਲ ਨਿਵਾਸੀਆਂ ਦਾ ਵੀ ਕੇਰਲ 'ਚ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਚਮਗਾਦੜਾਂ ਕਾਰਨ ਫੈਲੇ ਇਸ ਵਾਇਰਸ ਦੇ ਰੋਗੀ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ 'ਤੇ ਵੀ ਇਹ ਵਾਇਰਸ ਹਮਲਾ ਕਰ ਸਕਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਰੋਗ ਦੇ ਬਾਰੇ 'ਚ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਹਨ।
ਬੰਗਾਲ 'ਚ ਵੀ ਹਾਈ ਅਲਰਟ
ਉਥੇ ਪੱਛਮੀ ਬੰਗਾਲ 'ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੰਗਾਲ 'ਚ ਸਾਲ 2001 'ਚ ਇਕ ਅਣਪਛਾਤੇ ਬੁਖਾਰ ਦੇ ਕਾਰਨ 45 ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵੇਰੋਲਾਜੀ ਨੇ ਨਿਪਾਹ ਵਾਇਰਸ ਨੂੰ ਉਸ ਬਿਮਾਰੀ ਦਾ ਕਾਰਨ ਦੱਸਿਆ ਸੀ। ਉੱਤਰ ਬੰਗਾਲ ਮੈਡੀਕਲ ਕਾਲਜ ਹਸਪਤਾਲ ਦੇ ਇਕ ਸੇਵਾ ਮੁਕਤ ਡਾਕਟਰ ਐਨ.ਬੀ. ਦੇਵਨਾਥ ਦਾ ਕਹਿਣਾ ਹੈ ਕਿ ਸੂਬੇ 'ਚ ਨਿਪਾਹ ਵਾਇਰਸ ਪਹਿਲਾਂ ਤੋਂ ਮੌਜੂਦ ਹੈ। ਇਹ ਇਕ ਬਹੁਤ ਖਤਰਨਾਕ ਬੀਮਾਰੀ ਹੈ।


Related News