ਨਵਜੋਤ ਸਿੱਧੂ ਦੀ ਪਹਿਲ, ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਬਣੇਗੀ ''ਐਪ''

05/12/2018 11:20:01 AM

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਨਫੋਸਿਸ ਦੇ ਸਹਿ-ਬਾਨੀ ਨੰਦਨ ਨੀਲਕੇਣੀ ਨਾਲ ਇੱਕ ਉੱਚ ਪੱਧਰੀ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੀਆਂ ਸਮੁੱਚੀਆਂ 167 ਸ਼ਹਿਰੀ ਸਥਾਨਕ ਇਕਾਈਆਂ ਦਾ ਈ-ਗਵਰਨੈਂਸ ਰਾਹੀਂ ਮੁਹਾਂਦਰਾ ਬਦਲਣ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਨਵਜੋਤ ਸਿੱਧੂ ਨੇ ਇਸ ਮੌਕੇ ਮੋਹਾਲੀ ਵਿਖੇ ਇਨਫੋਸਿਸ ਦੇ ਕੈਂਪਸ ਨੂੰ ਚਾਲੂ ਕਰਨ ਦਾ ਮੁੱਦਾ ਵੀ ਚੁੱਕਿਆ।
ਨੀਲਕੇਣੀ ਨੇ ਕਿਹਾ ਕਿ ਆਈ.ਟੀ. ਖੇਤਰ ਦੀ ਵਿਕਾਸ ਦਰ 35 ਫੀਸਦੀ ਤੋਂ 5 ਫੀਸਦੀ 'ਤੇ ਆ ਜਾਣ ਦੇ ਬਾਵਜੂਦ ਵੀ ਉਹ ਇਨਫੋਸਿਸ ਦੇ ਸੀ. ਈ. ਓ. ਨਾਲ ਗੱਲਬਾਤ ਕਰਕੇ ਇਸ ਸਬੰਧੀ ਕਾਰਵਾਈ ਯਕੀਨੀ ਬਣਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਇਸ ਪ੍ਰੋਜੈਕਟ 'ਚ ਸਮਾਂ ਲੱਗ ਸਕਦਾ ਹੈ। ਇੱਥੇ ਇਹ ਦੱਸਣਯੋਗ ਹੋਵੇਗਾ ਕਿ ਇਨਫੋਸਿਸ ਦਾ ਮੋਹਾਲੀ ਵਿਖੇ 55 ਏਕੜ ਰਕਬੇ ਵਿੱਚ ਫੈਲਿਆ ਇੱਕ ਕੈਂਪਸ ਹੈ, ਜੋ ਕਿ ਹਾਲੇ ਤੱਕ ਚਾਲੂ ਨਹੀਂ ਹੋਇਆ।
ਦੋਹਾਂ ਸ਼ਖ਼ਸੀਅਤਾਂ ਦਰਮਿਆਨ 'ਕੈਪਟਨ ਸਰਕਾਰ ਤੁਹਾਡੇ ਦੁਆਰ' ਦੇ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਸਬੰਧੀ ਅਹਿਮ ਵਿਚਾਰ-ਚਰਚਾ ਹੋਈ। ਇਸ ਸਬੰਧ ਵਿੱਚ ਈ-ਗਵਰਨੈਂਸ ਦਾ ਪੱਖ ਬਹੁਤ ਮਹੱਤਵ ਰੱਖਦਾ ਹੈ ਕਿਉਂ ਜੋ ਇਸ ਨਾਲ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਪਾਰਦਰਸ਼ਤਾ ਆਵੇਗੀ। ਪੰਜਾਬ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਇਸ ਸਬੰਧੀ ਸਿਰਫ਼ ਤਕਨੀਕੀ ਨੁਕਤਿਆਂ ਤੱਕ ਹੀ ਸੀਮਿਤ ਨਹੀਂ, ਸਗੋਂ ਉਹ ਤਾਂ ਇਸ ਸਾਰੇ ਮੁੱਦੇ ਨੂੰ ਲੋਕਾਂ ਦੀ ਸੁਵਿਧਾ ਪੱਖੋਂ ਸੰਪੂਰਨਤਾ ਵਿੱਚ ਵੇਖਦੇ ਹਨ। 
ਨਵਜੋਤ ਸਿੱਧੂ ਨੇ ਇਸ ਪੱਖੋਂ ਕਾਮਯਾਬੀ ਯਕੀਨੀ ਬਣਾਉਣ ਲਈ ਲੋੜੀਂਦੀ ਮਾਤਰਾ ਵਿੱਚ ਕਾਮੇ ਮੁਹੱਈਆ ਕਰਨ ਅਤੇ ਸਮਰੱਥਾ ਵਧਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਾਰੀ ਕਵਾਇਦ ਨਾਲ ਨਾ ਸਿਰਫ਼ ਮਾਲੀਆ ਵਧੇਗਾ, ਸਗੋਂ ਇਸ ਨਾਲ ਨਾਗਰਿਕਾਂ ਨੂੰ ਉੱਚ ਪੱਧਰ ਦੀਆਂ ਸੇਵਾਵਾਂ ਵੀ ਹਾਸਲ ਹੋਣਗੀਆਂ। 
ਨਵਜੋਤ ਸਿੱਧੂ ਨੇ ਜਿੱਥੇ ਨਾਗਰਿਕਾਂ ਨੂੰ ਡਿਜੀਟਲ ਢੰਗ ਰਾਹੀਂ ਸੇਵਾਵਾਂ ਮੁਹੱਈਆ ਕਰਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਉੱਥੇ ਹੀ ਕਈ ਹੋਰ ਪਹਿਲੂਆਂ ਜਿਵੇਂ ਕਿ ਲਾਈਟਿੰਗ ਪ੍ਰਣਾਲੀ 'ਚ ਸੁਧਾਰ, ਮੱਛਰਾਂ ਦੀ ਰੋਕਥਾਮ, ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣਾ, ਵੇਸਟ ਮੈਨੇਜਮੈਂਟ 'ਚ ਸੁਧਾਰ ਅਤੇ ਸੜਕਾਂ ਦੇ ਖੱਡਿਆਂ 'ਤੇ ਵੀ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਸਬੰਧੀ ਇੱਕ ਐਪ ਵੀ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ, ਜਿਸ 'ਤੇ ਲੋਕ ਇਨ੍ਹਾਂ ਸੇਵਾਵਾਂ ਬਾਰੇ ਆਪਣੀ ਕਿਸੇ ਵੀ ਮੁਸ਼ਕਲ ਜਾਂ ਸ਼ਿਕਾਇਤ ਨਿਵਾਰਣ ਬਾਰੇ ਸੰਪਰਕ ਕਰ ਸਕਣਗੇ।


Related News