ਇਰਾਦਾ ਕਤਲ ਦਾ ਦੋਸ਼ੀ 15 ਸਾਲਾਂ ਬਾਅਦ ਏਅਰਪੋਰਟ ''ਤੇ ਕਾਬੂ
Sunday, May 13, 2018 - 05:16 AM (IST)

ਅੰਮ੍ਰਿਤਸਰ, (ਇੰਦਰਜੀਤ)- ਅੰਮ੍ਰਿਤਸਰ ਹਵਾਈ ਅੱਡੇ 'ਤੇ ਕਤਰ ਏਅਰਲਾਈਨ ਦੀ ਉਡਾਣ 'ਚ ਪਿਛਲੇ 15 ਸਾਲਾਂ ਤੋਂ ਫਰਾਰ ਹੋਇਆ ਗੜ੍ਹਸ਼ੰਕਰ ਵਾਸੀ ਹਰਜੀਤ ਸਿੰਘ ਇਮੀਗ੍ਰੇਸ਼ਨ ਵਿਭਾਗ ਦੇ ਅੜਿੱਕੇ ਆ ਗਿਆ। ਉਸ ਨੂੰ ਮੌਕੇ 'ਤੇ ਰੋਕ ਲਿਆ ਗਿਆ।
ਜਾਣਕਾਰੀ ਮੁਤਾਬਕ ਉਕਤ ਦੋਸ਼ੀ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਮੋਰਾਂਵਾਲੀ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦਾ ਵਾਸੀ ਹੈ ਅਤੇ ਅੱਜ ਤੋਂ 15 ਸਾਲ ਪਹਿਲਾਂ ਉਸ ਨੇ ਐੱਸ. ਬੀ. ਐੱਸ. ਨਗਰ ਦੇ ਬੰਗਾ ਸਦਰ ਥਾਣੇ ਅਧੀਨ ਆਉਂਦੇ ਇਲਾਕੇ 'ਚ ਗੁੰਡਾਗਰਦੀ ਅਤੇ ਹੱਤਿਆ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਤੇ ਥਾਣਾ ਬੰਗਾ ਦੀ ਪੁਲਸ ਨੇ ਉਸ 'ਤੇ ਧਾਰਾ 323, 324, 326, 307, 148 ਤਹਿਤ ਮਾਮਲਾ ਦਰਜ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਵਾਰਦਾਤ ਉਪਰੰਤ ਉਹ ਵਿਦੇਸ਼ ਭੱਜ ਗਿਆ ਸੀ, ਜਿਸ ਤੋਂ ਬਾਅਦ ਥਾਣਾ ਬੰਗਾ ਦੀ ਪੁਲਸ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ ਅਤੇ ਬਾਅਦ 'ਚ ਉਸ ਦੀ ਐੱਲ. ਓ. ਸੀ. ਜਾਰੀ ਕੀਤੀ ਗਈ। ਬੀਤੇ ਦਿਨ ਕਤਰ ਏਅਰਲਾਈਨ ਦੀ ਉਡਾਣ ਤੋਂ ਉਤਰੇ ਉਕਤ ਹਰਜੀਤ ਸਿੰਘ ਦੇ ਦਸਤਾਵੇਜ਼ਾਂ ਨੂੰ ਚੈੱਕ ਕਰਨ ਵੇਲੇ ਇਮੀਗ੍ਰੇਸ਼ਨ ਅਧਿਕਾਰੀ ਪ੍ਰਕਾਸ਼ ਚੰਦ ਨੇ ਜਦੋਂ ਉਸ ਦਾ ਵੇਰਵਾ ਚੈੱਕ ਕੀਤਾ ਤਾਂ ਉਸ ਦੇ ਕਾਰਨਾਮੇ ਦੀ ਪੋਲ ਖੁੱਲ੍ਹ ਗਈ ਅਤੇ ਉਹ ਕਾਬੂ ਆ ਗਿਆ।