ਮੋਦੀ ਸਰਕਾਰ ਦੇ 4 ਸਾਲ : ਸੈਂਸੈਕਸ 41 ਫੀਸਦੀ ਚੜ੍ਹਿਆ, ਨਿਵੇਸ਼ਕਾਂ ਨੂੰ 72 ਲੱਖ ਕਰੋੜ ਰੁਪਏ ਦਾ ਲਾਭ

05/26/2018 12:31:12 PM

ਨਵੀਂ ਦਿੱਲੀ — ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦੇ ਪਹਿਲੇ ਚਾਰ ਸਾਲ 'ਚ ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 41 ਫੀਸਦੀ ਤੋਂ ਵਧ ਮਜ਼ਬੂਤ ਹੋਇਆ ਹੈ। ਇਸ ਨਾਲ ਨਿਵੇਸ਼ਕਾਂ ਨੂੰ 72 ਲੱਖ ਕਰੋੜ ਰੁਪਏ ਦਾ ਲਾਭ ਹੋਇਆ ਹੈ। ਮੋਦੀ ਸਰਕਾਰ ਦੇ ਮਈ 2014 'ਚ ਆਉਣ ਤੋਂ ਬਾਅਦ ਇੰਡੈਕਸ 10,207.99 ਅੰਕ ਯਾਨੀ 41.29 ਫੀਸਦੀ ਮਜ਼ਬੂਤ 
ਹੋਇਆ ਹੈ। ਬੀ.ਐੱਸ.ਈ. ਦਾ ਇੰਡੈਕਸ ਇਸ ਸਾਲ 29 ਜਨਵਰੀ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 36,443.98 'ਤੇ ਪਹੁੰਚ ਗਿਆ। ਕੁੱਲ ਮਿਲਾ ਕੇ ਸ਼ੇਅਰ ਬਾਜ਼ਾਰ 75 ਲੱਖ ਕਰੋੜ ਰੁਪਏ ਤੋਂ ਵਧ ਕੇ 147 ਲੱਖ ਕਰੋੜ ਰੁਪਏ ਤੋਂ ਵਧ ਹੋ ਗਿਆ।
ਕੱਲ੍ਹ ਦੇ ਕਾਰੋਬਾਰ ਦੇ ਆਖਿਰ 'ਚ ਬੀ.ਐੱਸ.ਈ. ਸੂਚੀਬੱਧ ਕੰਪਨੀਆਂ ਦਾ ਮਾਰਕਿਟ ਪੂੰਜੀਕਰਨ 1,47,28,699 ਕਰੋੜ ਰੁਪਏ ਪਹੁੰਚ ਗਿਆ। ਬੀ.ਐੱਸ.ਈ. 'ਚ 2,784 ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ ਹੁੰਦਾ ਹੈ। ਸੈਮਕੋ ਸਿਕਉਰਿਟੀਜ਼ ਐਂਡ ਸਟਾਕ ਨੋਟ ਦੇ ਸੰਸਥਾਪਕ ਜਿਮੀਤ ਮੋਦੀ ਨੇ ਕਿਹਾ,'ਮੋਦੀ ਸਰਕਾਰ ਦਾ ਚਾਰ ਸਾਲ ਦਾ ਕਾਰਜਕਾਲ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਸ਼ੇਅਰਾਂ ਵਿਚ ਉਤਰਾਅ-ਚੜ੍ਹਾਅ ਦੇਖੇ ਗਏ। ਯੋਜਨਾਬੰਦੀ ਅਤੇ ਕੁਝ ਨੀਤਿਆਂ ਦੇ ਲਾਗੂ ਕਰਨ ਦੇ ਮਾਮਲੇ 'ਚ ਮੋਦੀ ਸਰਕਾਰ ਦਾ ਪ੍ਰਦਰਸ਼ਨ ਜ਼ਿਕਰਯੋਗ ਰਿਹਾ ਉਥੇ ਵਿੱਤੀ ਅੰਕੜੇ ਵਧੀਆ ਨਹੀਂ ਰਹੇ।'
ਮੋਦੀ ਸਰਕਾਰ ਦੇ ਪਿਛਲੇ ਚਾਰ ਸਾਲ 'ਚ ਕੁੱਲ ਮਿਲਾ ਕੇ ਸੈਂਸੈਕਸ ਦਾ ਲਾਭ ਕਰੀਬ 40 ਫੀਸਦੀ ਰਿਹਾ। ਪਰ ਇਹ ਬਹੁਤ ਵਧੀਆ ਰਿਟਰਨ ਨਹੀਂ ਹੈ। ਇਸ ਦਾ ਮੁੱਖ ਕਾਰਨ ਪਿਛਲੇ ਚਾਰ ਸਾਲ 'ਚ ਵਿੱਤੀ ਨਤੀਜਿਆਂ ਦਾ ਨਰਮ ਰਹਿਣਾ ਹੈ। ਹਾਲਾਂਕਿ ਵਿੱਤੀ ਸਾਲ 2018-19 'ਚ ਵਿੱਤੀ ਨਤੀਜੇ ਬਿਹਤਰ ਹੋਣ ਦੀ ਸੰਭਾਵਨਾ ਹੈ। ਬਾਜ਼ਾਰ ਪੂੰਜੀਕਰਣ ਦੇ ਮਾਮਲੇ ਵਿਚ ਟੀ.ਸੀ.ਐੱਸ. 6,87,123.96 ਕਰੋੜ ਰੁਪਏ ਨਾਲ ਦੇਸ਼ ਦੀ ਸਭ ਤੋਂ ਮਹਿੰਗੀ ਕੰਪਨੀ ਰਹੀ। ਇਸ ਤੋਂ ਬਾਅਦ ਕ੍ਰਮਵਾਰ: ਰਿਲਾਇੰਸ ਇੰਡਸਟਰੀਜ਼(5,83,972.22 ਕਰੋੜ ਰੁਪਏ), ਐੱਚ.ਡੀ.ਐੱਫ.ਸੀ. ਬੈਂਕ (5,22,420.61 ਕਰੋੜ ਰੁਪਏ), ਐੱਚ.ਯੂ.ਐੱਲ.(3,41,064.80 ਕਰੋੜ ਰੁਪਏ) ਅਤੇ ਆਈ.ਟੀ.ਸੀ.(3,31,895.80 ਕਰੋੜ ਰੁਪਏ) ਦਾ ਸਥਾਨ ਰਿਹਾ।

 


Related News