ਭੁੱਚੋ ਤੋਂ ਕੈਂਚੀਆਂ ਨੂੰ ਜਾਂਦੀ ਮੁੱਖ ਸੜਕ ''ਤੇ ਗੰਦੇ ਪਾਣੀ ਦਾ ਜਮਾਵੜਾ

Monday, May 21, 2018 - 02:39 AM (IST)

ਭੁੱਚੋ ਤੋਂ ਕੈਂਚੀਆਂ ਨੂੰ ਜਾਂਦੀ ਮੁੱਖ ਸੜਕ ''ਤੇ ਗੰਦੇ ਪਾਣੀ ਦਾ ਜਮਾਵੜਾ

ਭੁੱਚੋ ਮੰਡੀ,   (ਨਾਗਪਾਲ)-  ਭੁੱਚੋ ਮੰਡੀ ਤੋਂ ਬਾਈਪਾਸ ਨੂੰ ਜਾਂਦੀ ਮੁੱਖ ਸੜਕ ਦੀ ਹਾਲਤ ਤਾਂ ਅਤਿ ਤਰਸਯੋਗ ਹੈ ਹੀ ਦੇ ਨਾਲ-ਨਾਲ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਖੜ੍ਹ ਜਾਣ ਨਾਲ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ-ਕਈ ਫੁੱਟ ਡੂੰਘੇ ਟੋਇਆਂ ਵਿਚ ਗੰਦਾ ਪਾਣੀ ਖੜ੍ਹਾ ਹੋ ਜਾਣ ਨਾਲ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਇਨ੍ਹਾਂ ਖੱਡਿਆਂ ਦਾ ਪਤਾ ਨਹੀਂ ਲੱਗਦਾ ਅਤੇ ਉਹ ਆਪਣੇ ਵਾਹਨਾਂ ਦਾ ਨੁਕਸਾਨ ਕਰਵਾ ਲੈਂਦੇ ਹਨ। ਭੁੱਚੋ ਕੈਂਚੀਆਂ ਕੋਲ ਬਣੇ ਟੋਲ ਪਲਾਜ਼ਾ ਦੇ ਚਾਲੂ ਹੋਣ ਨਾਲ ਇਸ ਸੜਕ 'ਤੇ ਵਾਹਨਾਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਗਿਆ ਹੈ ਪਰ ਜਦੋਂ ਉਹ ਇਸ ਸੜਕ ਤੋਂ ਲੰਘਦੇ ਹਨ ਤਾਂ ਸੜਕ ਦੀ ਮਾੜੀ ਹਾਲਤ ਦੇਖਣ ਤੋਂ ਬਾਅਦ ਸੋਚਦੇ ਹਨ ਕਿ ਇਸ ਤੋਂ ਚੰਗਾ ਤਾਂ ਟੋਲ ਤੋਂ ਪਰਚੀ ਹੀ ਕਟਵਾ ਲੈਂਦੇ। ਸੜਕ ਦੇ ਕਿਨਾਰੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਸਮੇਸ਼ ਨਗਰ ਦੇ ਬਾਹਰ ਪਾਣੀ ਦੀ ਲੀਕੇਜ ਹੋਣ ਨਾਲ ਪਾਣੀ ਦਾ ਦੂਰ-ਦੂਰ ਤੱਕ ਸੜਕ 'ਤੇ ਜਮਾਵੜਾ ਹੋਇਆ ਪਿਆ ਹੈ। ਦੁਕਾਨਾਂ ਅੱਗੇ ਗੰਦਾ ਪਾਣੀ ਖੜ੍ਹ ਜਾਣ ਨਾਲ ਇਸ 'ਚੋਂ ਆਉਂਦੀ ਬਦਬੂ ਕਾਰਨ ਕਾਰੋਬਾਰ ਠੱਪ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸੀਵਰੇਜ ਬੋਰਡ ਦੇ ਅਧਿਕਾਰੀ ਲੋਕਾਂ ਨੂੰ ਦਰਪੇਸ਼ ਸਮੱਸਿਆ ਤੋਂ ਜਾਣੂ ਹਨ ਪਰ ਏ. ਸੀ. ਕਮਰਿਆਂ 'ਚੋਂ ਬਾਹਰ ਗਰਮੀ ਵਿਚ ਆਉਣ ਲਈ ਉਨ੍ਹਾਂ ਦਾ ਦਿਲ ਨਹੀਂ ਕਰਦਾ। ਆਮ ਲੋਕ ਕਿੰਨੇ ਵੀ ਦੁਖੀ ਕਿਉਂ ਨਾ ਹੋ ਰਹੇ ਹੋਣ ਇਸ ਗੱਲ ਦਾ ਉਨ੍ਹਾਂ ਨੂੰ ਕੋਈ ਫਿਕਰ ਨਹੀਂ ਹੈ। ਮੰਡੀ ਵਾਸੀਆਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।


Related News