ਮਹਾਰਾਸ਼ਟਰ ''ਚ ਭਾਜਪਾ ਵਿਰੋਧੀ ਗੱਠਜੋੜ ਬਣਨਾ ਸ਼ੁਰੂ

05/23/2018 12:39:37 AM

ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਮੁਕਾਬਲੇਬਾਜ਼ੀ ਹੁਣ ਸਿਰਫ ਨਗਰ ਨਿਗਮ ਦੀਆਂ ਚੋਣਾਂ ਤਕ ਹੀ ਸੀਮਤ ਨਹੀਂ ਰਹੀ। ਕਰਨਾਟਕ ਵਿਚ ਭਾਜਪਾ ਦੀ ਵਧੀਆ ਕਾਰਗੁਜ਼ਾਰੀ ਤੋਂ ਬੇਪਰਵਾਹ ਸ਼ਿਵ ਸੈਨਾ ਨੇ 28 ਮਈ ਨੂੰ ਹੋਣ ਵਾਲੀ ਪਾਲਘਰ ਲੋਕ ਸਭਾ ਦੀ ਉਪ-ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਕਰ ਕੇ ਅਸਲ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਚੁਣੌਤੀ ਦਿੱਤੀ ਹੈ ਅਤੇ ਨਵੀਂ ਦਿੱਲੀ ਵਿਚ ਉਨ੍ਹਾਂ ਦੇ ਆਕਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਨਕਾਰਨ ਜਾਂ ਖੁੱਡੇ ਲਾਈਨ ਲਾਉਣ ਦੀ ਸਿਆਸਤ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਸ਼ਿਵ ਸੈਨਾ ਵਲੋਂ ਕੁਝ ਮਹੀਨੇ ਪਹਿਲਾਂ ਇਹ ਐਲਾਨ ਕਰਨ ਕਿ ਹੁਣ ਉਹ ਭਾਜਪਾ ਨਾਲ ਮਿਲ ਕੇ ਚੋਣਾਂ ਨਹੀਂ ਲੜੇਗੀ, ਦੀ ਕਾਰਵਾਈ ਸਿੱਧੇ ਤੌਰ 'ਤੇ ਫੜਨਵੀਸ 'ਤੇ ਦਬਾਅ ਬਣਾਉਣ ਲਈ ਹੈ, ਜਿਨ੍ਹਾਂ ਨੇ ਹੁਣੇ ਜਿਹੇ ਕਿਹਾ ਸੀ ਕਿ ਸੂਬੇ ਵਿਚ ਮੁੱਖ ਮੰਤਰੀ ਜ਼ਿਆਦਾ ਸਮੇਂ ਤਕ ਨਹੀਂ ਰਹਿੰਦੇ। 
ਸੰਯੋਗ ਦੀ ਗੱਲ ਹੈ ਕਿ ਹੁਣ ਤਕ ਮੁੱਖ ਮੰਤਰੀ, ਜੋ ਅਕਤੂਬਰ ਵਿਚ ਆਪਣੇ ਕਾਰਜਕਾਲ ਦੇ 4 ਵਰ੍ਹੇ ਪੂਰੇ ਕਰ ਲੈਣਗੇ, ਨਾ ਸਿਰਫ ਆਪਣੀ ਕੁਰਸੀ ਬਚਾਉਣ ਵਿਚ ਸਫਲ ਰਹੇ ਹਨ, ਸਗੋਂ ਅੰਦਰੋਂ ਤੇ ਬਾਹਰੋਂ ਮਿਲੀਆਂ ਚੁਣੌਤੀਆਂ ਉਤੇ ਵੀ ਪਾਰ ਪਾਉਣ 'ਚ ਸਫਲ ਰਹੇ ਹਨ। ਇਥੋਂ ਤਕ ਕਿ ਉਨ੍ਹਾਂ ਦੇ ਵਿਰੋਧੀ ਵੀ ਇਹ ਮੰਨਦੇ ਹਨ ਕਿ ਉਹ ਇਕ ਮਜ਼ਬੂਤ ਨੇਤਾ ਵਜੋਂ ਉੱਭਰੇ ਹਨ। 
ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਖਿੱਚੋਤਾਣ ਦਾ ਫਾਇਦਾ ਬਹੁਜਨ ਵਿਕਾਸ ਅਘਾੜੀ ਦੇ ਬਲੀਰਾਮ ਜਾਧਵ ਨੂੰ ਹੋਵੇਗਾ, ਜੋ 2014 ਵਿਚ ਭਾਜਪਾ ਦੇ ਚਿੰਤਾਮਨ ਵਾਨਾਗਾ ਤੋਂ ਬਾਅਦ ਰਨਰਅੱਪ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਇਸ ਉਪ-ਚੋਣ ਦੀ ਲੋੜ ਪਈ। 
ਜਾਧਵ ਨੇ ਵਾਨਾਗਾ ਨੂੰ 2009 ਵਿਚ ਹਰਾਇਆ ਸੀ। ਇਕ ਵਫ਼ਾਦਾਰ ਤੇ ਜਨਜਾਤੀ ਨੇਤਾ ਵਾਨਾਗਾ ਨੂੰ ਆਪਣੇ ਲੋਕਾਂ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਸੀ ਅਤੇ ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਹਜ਼ਾਰਾਂ ਲੋਕ ਸ਼ਾਮਿਲ ਹੋਏ ਸਨ। 
'ਬਹੁਜਨ ਵਿਕਾਸ ਅਘਾੜੀ' ਇਕ ਸਥਾਨਕ ਅਤੇ ਪ੍ਰਭਾਵਸ਼ਾਲੀ ਸੰਗਠਨ ਹੈ, ਜਿਸ ਦੇ ਨੇਤਾ ਹਿਤੇਂਦਰ ਠਾਕੁਰ ਮੁੱਖ ਮੰਤਰੀ ਦੇ ਨੇੜਲੇ ਵਜੋਂ ਜਾਣੇ ਜਾਂਦੇ ਹਨ ਪਰ ਸ਼ਿਵ ਸੈਨਾ ਨੇ ਸਵ. ਨੇਤਾ ਦੇ ਬੇਟੇ ਸ਼੍ਰੀਨਿਵਾਸ ਵਾਨਾਗਾ ਨੂੰ ਖੜ੍ਹਾ ਨਾ ਕਰਨ ਨੂੰ ਭਾਜਪਾ ਦੀ ਅਸਫਲਤਾ ਮੰਨਦਿਆਂ ਇਕ ਮੌਕੇ ਵਜੋਂ ਦੇਖਿਆ ਅਤੇ ਵਾਨਾਗਾ ਪਰਿਵਾਰ ਵਲੋਂ ਮੁਲਾਕਾਤ ਕਰਨ ਅਤੇ ਖ਼ੁਦ ਨੂੰ ਭਾਜਪਾ ਲੀਡਰਸ਼ਿਪ ਵਲੋਂ 'ਅਣਡਿੱਠ' ਕਰਨ ਦੀ ਸ਼ਿਕਾਇਤ ਤੋਂ ਬਾਅਦ ਪਾਰਟੀ ਪ੍ਰਧਾਨ ਊਧਵ ਠਾਕਰੇ ਨੇ ਸ਼੍ਰੀਨਿਵਾਸ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ।
ਘਟਨਾ ਤੋਂ ਹੈਰਾਨ ਭਾਜਪਾ ਨੇ ਕਾਂਗਰਸ ਤੋਂ ਇਕ ਉਮੀਦਵਾਰ 'ਇੰਪੋਰਟ' ਕੀਤਾ ਅਤੇ ਸਾਬਕਾ ਮੰਤਰੀ ਰਾਜੇਂਦਰ ਗਾਵਿਤ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਤੋਂ ਕੁਝ ਹੀ ਮਿੰਟਾਂ ਬਾਅਦ ਉਮੀਦਵਾਰ ਐਲਾਨ ਦਿੱਤਾ।
ਭਾਜਪਾ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ ਨੇ ਉਸ ਦੇ ਉਮੀਦਵਾਰ ਨੂੰ 'ਹਾਈਜੈਕ' ਕਰ ਲਿਆ ਹੈ। ਪਹਿਲਾਂ ਇਹ ਰਿਪੋਰਟ ਸੀ ਕਿ ਭਾਜਪਾ ਦੀ ਯੋਜਨਾ ਜਨਜਾਤੀ ਭਲਾਈ ਮੰਤਰੀ ਵਿਸ਼ਨੂੰ ਸਾਵਰਾ ਨੂੰ ਮੈਦਾਨ 'ਚ ਉਤਾਰਨ ਦੀ ਹੈ। ਹਾਲਾਂਕਿ ਕਾਂਗਰਸ ਨੇ ਆਪਣੇ ਸਾਬਕਾ ਐੱਮ. ਪੀ. ਦਾਮੂ ਸ਼ਿੰਗੜਾ ਨੂੰ ਉਮੀਦਵਾਰ ਬਣਾਇਆ ਹੈ ਪਰ ਨਾਲ ਹੀ ਇਹ ਭਾਜਪਾ ਨੂੰ ਤੰਗ ਕਰਨ ਲਈ ਅਤੇ ਸ਼ਿਵ ਸੈਨਾ ਨਾਲ ਉਸ ਦੇ ਮੱਤਭੇਦਾਂ ਨੂੰ ਹੋਰ ਵਧਾਉਣ ਲਈ ਰਾਕਾਂਪਾ ਨਾਲ ਮਿਲ ਕੇ ਕੰਮ ਕਰ ਸਕਦੀ ਹੈ। 
ਭਾਜਪਾ, ਜੋ ਕੱਲ ਤਕ ਸੂਬੇ ਵਿਚ ਇਸ ਦਾ 'ਛੋਟਾ ਭਰਾ' ਸੀ, ਦੇ ਵਧਦੇ ਪ੍ਰਭਾਵ ਨੂੰ ਲੈ ਕੇ ਸ਼ਿਵ ਸੈਨਾ ਆਗੂਆਂ ਦੀਆਂ ਚਿੰਤਾਵਾਂ ਕਾਰਨ ਸੂਬੇ ਵਿਚ ਸਿਆਸੀ ਸਮੀਕਰਨਾਂ ਵਿਚ ਤਬਦੀਲੀਆਂ ਸਪੱਸ਼ਟ ਹਨ। ਬਾਅਦ ਵਿਚ ਸ਼ਿਵ ਸੈਨਾ ਵਲੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਵਧ ਗਈ। ਇਹ ਤੱਥ ਕਿ ਰਾਜਗ ਸਹਿਯੋਗੀ ਭਾਜਪਾ ਵਿਚ ਭਰੋਸਾ ਗੁਆ ਬੈਠੇ ਹਨ, ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਤੇਲਗੂਦੇਸ਼ਮ ਪਾਰਟੀ ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ ਨੇ ਭਾਜਪਾ ਅਤੇ ਸੱਤਾਧਾਰੀ ਰਾਜਗ ਨਾਲੋਂ ਆਪਣਾ ਰਾਹ ਵੱਖਰਾ ਕਰ ਲਿਆ ਹੈ। 
ਲੜਾਈ ਮੁੱਖ ਤੌਰ 'ਤੇ ਮੁੰਬਈ ਨਾਲ ਲੱਗਦੀ ਜਨਜਾਤੀ ਸੀਟ 'ਤੇ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਦਿਖਾਈ ਦਿੰਦੀ ਹੈ। ਵਨਵਾਸੀ ਕਲਿਆਣ ਆਸ਼ਰਮ ਵਰਗੇ ਸੰਘ ਪਰਿਵਾਰ ਦੇ ਸੰਗਠਨਾਂ ਦਾ ਇਥੇ ਵਿਆਪਕ ਪ੍ਰਭਾਵ ਹੈ, ਜਦਕਿ ਸ਼ਿਵ ਸੈਨਾ ਠਾਣੇ ਜ਼ਿਲੇ ਅਤੇ ਕੋਂਕਣ ਖੇਤਰ ਵਿਚ ਇਕ ਵੱਡੀ ਤਾਕਤ ਹੈ। ਇਸ ਦੇ ਨਾਲ ਹੀ ਭਾਜਪਾ ਦੇ ਵਫਾਦਾਰਾਂ ਦਾ ਇਕ ਵਰਗ ਵਾਨਾਗਾ ਨੂੰ ਟਿਕਟ ਨਾ ਦੇਣ 'ਤੇ ਨਾਰਾਜ਼ ਹੈ। 
ਵਿਦਰਭ ਖੇਤਰ ਵਿਚ ਸਥਿਤ ਭੰਡਾਰਾ-ਗੋਂਦੀਆ 'ਚ ਇਕ ਹੋਰ ਉਪ-ਚੋਣ ਵਿਚ ਵੀ ਭਾਜਪਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ। ਸ਼ਿਵ ਸੈਨਾ ਨੇ ਇਥੇ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ ਅਤੇ ਕਾਂਗਰਸ ਇਸ ਸੀਟ 'ਤੇ ਰਾਕਾਂਪਾ ਦਾ ਸਮਰਥਨ ਕਰ ਰਹੀ ਹੈ, ਜੋ ਕਿਸੇ ਸਮੇਂ ਰਾਕਾਂਪਾ ਨੇਤਾ ਪ੍ਰਫੁੱਲ ਪਟੇਲ ਦਾ ਗੜ੍ਹ ਸੀ। 
ਵਿਦਰਭ ਮੁੱਖ ਮੰਤਰੀ ਦੇ ਨਾਲ-ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੀ ਗ੍ਰਹਿ ਖੇਤਰ ਹੈ। ਭੰਡਾਰਾ-ਗੋਂਦੀਆ ਉਪ-ਚੋਣ ਦੀ ਲੋੜ ਭਾਜਪਾ ਦੇ ਸਾਬਕਾ ਐੱਮ. ਪੀ. ਨਾਨਾ ਪਟੋਲੇ ਵਲੋਂ ਪਿਛਲੇ ਸਾਲ ਦਿੱਤੇ ਅਸਤੀਫੇ ਤੋਂ ਬਾਅਦ ਪਈ।
ਇਸ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ। ਹਾਲਾਂਕਿ ਇਥੇ 20 ਤੋਂ ਜ਼ਿਆਦਾ ਉਮੀਦਵਾਰ ਮੈਦਾਨ ਵਿਚ ਹਨ ਪਰ ਰਾਕਾਂਪਾ ਦੇ ਮਧੁਕਰ ਕੁਕਡੇ ਅਤੇ ਭਾਜਪਾ ਦੇ ਹੇਮੰਤ ਪਾਟਲੇ ਵਿਚਾਲੇ ਸਿੱਧੀ ਲੜਾਈ ਦੀ ਸੰਭਾਵਨਾ ਹੈ।
ਲੋਕ ਸਭਾ ਚੋਣਾਂ ਵਾਂਗ ਮਹਾਰਾਸ਼ਟਰ ਵਿਚ ਇਸ ਵਾਰ ਕੋਈ ਮੋਦੀ ਲਹਿਰ ਨਹੀਂ ਹੈ ਪਰ ਹੁਣ ਤਕ ਕਿਸਮਤ ਦੇ ਨਾਲ-ਨਾਲ ਚੰਗੇ ਕੰਮਾਂ ਨੇ ਭਾਜਪਾ ਅਤੇ ਮੁੱਖ ਮੰਤਰੀ ਦੀ ਮਦਦ ਕੀਤੀ ਹੈ।
ਹੁਣ ਜਦੋਂ ਲੋਕ ਸਭਾ ਚੋਣਾਂ ਵਿਚ ਲੱਗਭਗ 1 ਸਾਲ ਰਹਿ ਗਿਆ ਹੈ, ਕਾਂਗਰਸ ਅਤੇ ਰਾਕਾਂਪਾ ਦੇ ਆਪਸ ਵਿਚ ਹੱਥ ਮਿਲਾਉਣ ਨਾਲ ਸੂਬੇ ਅੰਦਰ ਭਾਜਪਾ ਵਿਰੋਧੀ ਗੱਠਜੋੜ ਦੀ ਸ਼ੁਰੂਆਤ ਹੋ ਗਈ ਹੈ ਅਤੇ ਸ਼ਰਦ ਪਵਾਰ ਛੋਟੀਆਂ ਪਾਰਟੀਆਂ ਨੂੰ ਲੁਭਾਉਣ ਵਿਚ ਰੁੱਝੇ ਹੋਏ ਹਨ।                  


Related News