ਕੁਝ ਪੁਲਸ ਮੁਲਾਜ਼ਮਾਂ ਦੀਆਂ ''ਕਰਤੂਤਾਂ'' ਜੋ ਵਿਗਾੜ ਰਹੀਆਂ ਹਨ ਪੁਲਸ ਦਾ ਚਿਹਰਾ

05/17/2018 6:47:47 AM

ਲੋਕਾਂ ਨੂੰ ਸੁਰੱਖਿਆ ਦੇਣ ਅਤੇ ਸਮਾਜ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲਸ ਮਹਿਕਮੇ ਦੀ ਹੈ ਪਰ ਇਸ 'ਚ ਵੜ ਆਈਆਂ ਕੁਝ ਕਾਲੀਆਂ ਭੇਡਾਂ ਆਪਣੀਆਂ ਅਣਮਨੁੱਖੀ ਕਰਤੂਤਾਂ ਨਾਲ ਸਮੁੱਚੀ ਪੁਲਸ ਦੀ ਬਦਨਾਮੀ ਦੀ ਵਜ੍ਹਾ ਬਣ ਰਹੀਆਂ ਹਨ। ਪਿਛਲੇ ਸਿਰਫ ਤਿੰਨ ਹਫਤਿਆਂ 'ਚ ਸਾਹਮਣੇ ਆਈਆਂ ਅਜਿਹੀਆਂ ਕੁਝ ਖਬਰਾਂ :
* 21 ਅਪ੍ਰੈਲ ਨੂੰ ਲਖਨਊ ਦੇ ਹਜਰਤਗੰਜ ਪੁਲਸ ਥਾਣੇ 'ਚ ਸ਼ਿਕਾਇਤ ਲਿਖਵਾਉਣ ਆਏ ਰੈਸਟੋਰੈਂਟ ਮਾਲਕ ਤੋਂ ਪਿੱਜ਼ਾ ਮੰਗਣ ਦੇ ਦੋਸ਼ ਹੇਠ ਇਕ ਮਹਿਲਾ ਸਬ-ਇੰਸਪੈਕਟਰ ਨੂੰ ਮੁਅੱਤਲ ਕੀਤਾ ਗਿਆ। ਉਸ ਨੇ ਐੱਫ. ਆਈ. ਆਰ. ਤਾਂ ਲਿਖ ਲਈ ਪਰ ਸ਼ਿਕਾਇਤਕਰਤਾ ਨੂੰ ਕਿਹਾ ਕਿ ਇਸ ਦੀ ਕਾਪੀ ਲੈਣ ਲਈ ਪਿੱਜ਼ਾ ਲੈ ਕੇ ਆਵੇ। 
* 23 ਅਪ੍ਰੈਲ ਨੂੰ ਰਾਜਸਥਾਨ 'ਚ ਜੈਪੁਰ ਦੇ ਸਿਵਲ ਲਾਈਨ ਮੈਟਰੋ ਸਟੇਸ਼ਨ 'ਤੇ ਲਿਫਟ 'ਚ ਇਕ ਮੁਟਿਆਰ ਨੂੰ ਇਕੱਲੀ ਦੇਖ ਕੇ ਉਸ ਨਾਲ ਗਲਤ ਹਰਕਤ ਕਰਨ ਵਾਲੇ ਸਿਪਾਹੀ ਰਿੰਕੂ ਸੈਣੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ। ਖੁਦ ਵਿਆਹਿਆ ਹੋਇਆ ਤੇ 2 ਸਾਲਾਂ ਦੇ ਇਕ ਬੇਟੇ ਦਾ ਪਿਤਾ ਰਿੰਕੂ ਸੈਣੀ ਆਏ ਦਿਨ ਉਕਤ ਮੁਟਿਆਰ 'ਤੇ ਉਸ ਨਾਲ ਦੋਸਤੀ ਕਰਨ ਤੇ ਉਸ ਨਾਲ ਘੁੰਮਣ-ਫਿਰਨ ਦਾ ਦਬਾਅ ਬਣਾਉਂਦਾ ਆ ਰਿਹਾ ਸੀ।
* 24 ਅਪ੍ਰੈਲ ਨੂੰ ਕਾਨਪੁਰ ਦੀ ਯਸ਼ੋਦਾ ਨਗਰ ਚੌਕੀ 'ਚ ਲਿਆਂਦੀ ਗਈ ਔਰਤ ਨਾਲ ਚੌਕੀ ਦੇ ਮੁਲਾਜ਼ਮਾਂ ਨੇ ਮਾਰ-ਕੁਟਾਈ ਤੇ ਗਾਲੀ-ਗਲੋਚ ਕੀਤਾ। 
* 25 ਅਪ੍ਰੈਲ ਨੂੰ ਕਾਨਪੁਰ ਦੇ ਬੱਰਾ ਥਾਣੇ 'ਚ ਤਾਇਨਾਤ ਸਿਪਾਹੀ ਦੀਪਕ ਕੁਮਾਰ ਦੀਕਸ਼ਿਤ ਨੂੰ ਆਪਣੀ ਮੰਗੇਤਰ ਨਾਲ ਰੇਪ ਕਰਨ ਤੇ ਬਾਅਦ 'ਚ ਉਸ ਨੂੰ ਛੱਡ ਕੇ ਦੂਜੀ ਜਗ੍ਹਾ ਵਿਆਹ ਕਰਵਾਉਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ।
* 03 ਮਈ ਨੂੰ ਠਾਣੇ ਜੇਲ 'ਚ ਬੰਦ ਇਕ ਵਿਅਕਤੀ ਨੂੰ ਤਕਲੀਫ ਨਾ ਦੇਣ ਬਦਲੇ ਉਸ ਦੇ ਬੇਟੇ ਤੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪੁਲਸ  ਦੇ ਦੋ ਸਿਪਾਹੀਆਂ 'ਸੋਮਨਿੰਗ ਕਟਯਾਪਾ ਕਾਂਬਲੇ' ਅਤੇ 'ਮਹੇਸ਼ ਸਾਹਬ ਰਾਓ ਯਾਦਵ' ਨੂੰ ਗ੍ਰਿਫਤਾਰ ਕੀਤਾ ਗਿਆ।
* 03 ਮਈ ਨੂੰ ਹੀ ਆਸਾਮ ਦੇ ਰਮਦੀਆ ਪੁਲਸ ਥਾਣੇ 'ਚ ਤਾਇਨਾਤ ਪੁਲਸ ਮੁਲਾਜ਼ਮ ਵਿਨੋਦ ਕੁਮਾਰ ਦਾਸ ਨੂੰ ਆਪਣੇ ਪੁਲਸ ਕੁਆਰਟਰ 'ਚ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਫੜਿਆ ਗਿਆ।
* 03 ਮਈ ਦੀ ਰਾਤ ਨੂੰ ਇਕ ਬੱਸ 'ਚ ਬਠਿੰਡਾ ਤੋਂ ਫਰੀਦਕੋਟ ਆ ਰਹੀ 25 ਸਾਲਾ ਇਕ ਵਿਆਹੁਤਾ ਨਾਲ ਛੇੜਖਾਨੀ ਕਰਨ ਅਤੇ ਉਸ ਨੂੰ ਡਰਾਉਣ-ਧਮਕਾਉਣ ਵਾਲੇ ਪੰਜਾਬ ਪੁਲਸ ਦੇ ਏ. ਐੱਸ. ਆਈ. ਜਸਪਾਲ ਸਿੰਘ ਸਿੱਧੂ ਨੂੰ ਲੋਕਾਂ ਨੇ ਫੜ ਕੇ ਥਾਣਾ ਕੋਤਵਾਲੀ ਪੁਲਸ ਫਰੀਦਕੋਟ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਸਸਪੈਂਡ ਕਰਨ ਮਗਰੋਂ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
* 04 ਮਈ ਨੂੰ ਚਿਤਰਕੂਟ ਦੇ ਮਾਣਿਕਪੁਰ ਜੰਕਸ਼ਨ 'ਤੇ ਜੀ. ਆਰ. ਪੀ. ਦੇ ਸਿਪਾਹੀ ਮਾਹਿਰ ਅਲੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਮੁਅੱਤਲ ਕੀਤਾ ਗਿਆ, ਜਿਸ 'ਚ ਉਹ ਮੁਸਾਫਰਾਂ ਤੋਂ ਜ਼ਬਰਦਸਤੀ ਵਸੂਲੀ ਕਰਦਾ ਨਜ਼ਰ ਆ ਰਿਹਾ ਸੀ।
* 08 ਮਈ ਨੂੰ ਸਰਿਤਾ ਵਿਹਾਰ ਪੁਲਸ ਥਾਣੇ ਦੇ ਇਕ ਬੂਥ ਦੀ ਸਫਾਈ ਨਾ ਕਰਨ 'ਤੇ ਇਕ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਨੇ ਮਿਊਂਸੀਪਲ ਕਾਰਪੋਰੇਸ਼ਨ ਦੇ ਇਕ ਵਰਕਰ ਨੂੰ ਕੁੱਟ ਦਿੱਤਾ, ਜਿਸ ਕਾਰਨ ਦੋਹਾਂ ਨੂੰ ਮੁਅੱਤਲ ਕੀਤਾ ਗਿਆ।
* 09 ਮਈ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕਰਨ 'ਤੇ 7 ਪੁਲਸ ਮੁਲਾਜ਼ਮਾਂ ਨੇ ਉੱਤਰ-ਪੱਛਮੀ ਦਿੱਲੀ ਦੇ ਇਕ ਪੁਲਸ ਥਾਣੇ 'ਚ ਇਕ ਪ੍ਰਾਪਰਟੀ ਡੀਲਰ ਅਤੇ ਉਸ ਦੇ ਦੋ ਬੇਟਿਆਂ ਨੂੰ ਕੁੱਟ ਦਿੱਤਾ ਅਤੇ ਇਕ ਸਿਪਾਹੀ ਨੇ ਪ੍ਰਾਪਰਟੀ ਡੀਲਰ ਦੇ ਇਕ ਬੇਟੇ 'ਤੇ 'ਸੂਏ' ਨਾਲ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
* 09 ਮਈ ਨੂੰ ਹੀ ਕਾਨਪੁਰ 'ਚ ਇਕ ਸਿਪਾਹੀ ਆਸ਼ੀਸ਼ ਸਚਾਨ  ਦੀ ਗਰਭਵਤੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ 'ਤੇ ਗੈਰ-ਕੁਦਰਤੀ ਸੈਕਸ ਲਈ ਦਬਾਅ  ਪਾਉਂਦਾ ਹੈ ਅਤੇ ਵਿਰੋਧ ਕਰਨ 'ਤੇ ਮਾਰ-ਕੁਟਾਈ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ।
* 13 ਮਈ ਨੂੰ ਮੱਧ ਪ੍ਰਦੇਸ਼ ਦੇ ਭੋਪਾਲ 'ਚ ਪੁਲਸ ਨੇ ਇਕ ਪਾਸ਼ ਕਾਲੋਨੀ 'ਚ ਜੂਏ ਦੇ ਅੱਡੇ ਦਾ ਭਾਂਡਾ ਭੰਨਦਿਆਂ ਹੋਰਨਾਂ ਲੋਕਾਂ ਸਮੇਤ 5 ਸਿਪਾਹੀਆਂ  ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਲੱਖ 20 ਹਜ਼ਾਰ ਰੁਪਏ ਬਰਾਮਦ ਕੀਤੇ। 
* 14 ਮਈ ਨੂੰ ਦਿੱਲੀ ਪੁਲਸ ਦੇ ਪੱਛਮੀ ਜ਼ਿਲੇ ਦੇ ਸ਼ਿਕਾਇਤ ਨਿਵਾਰਨ ਸੈੱਲ 'ਚ ਤਾਇਨਾਤ ਇਕ ਇੰਸਪੈਕਟਰ ਨੂੰ ਮਨੁੱਖੀ ਤਸਕਰੀ ਤੇ ਠੱਗੀ ਠੋਰੀ ਦੇ ਕੇਸ 'ਚ ਸ਼ਾਮਲ ਹੋਣ 'ਤੇ ਮੁਅੱਤਲ ਕਰਨ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ।
ਕਾਨੂੰਨ ਦੇ ਰਖਵਾਲੇ ਮੰਨੇ ਜਾਣ ਵਾਲੇ ਪੁਲਸ ਮੁਲਾਜ਼ਮਾਂ ਦਾ ਅਜਿਹਾ ਰਵੱਈਆ ਸਮੁੱਚੀ ਪੁਲਸ ਦਾ ਅਕਸ ਧੁੰਦਲਾ ਕਰ ਰਿਹਾ ਹੈ। ਬੇਸ਼ੱਕ ਜ਼ਿਆਦਾਤਰ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ। ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ਕੋਈ ਵੀ ਬੇਕਸੂਰ ਉਨ੍ਹਾਂ ਦੇ ਅੱਤਿਆਚਾਰ ਦਾ ਸ਼ਿਕਾਰ ਨਾ ਹੋਵੇ।               
—ਵਿਜੇ ਕੁਮਾਰ


Vijay Kumar Chopra

Chief Editor

Related News