ਕਿਸਾਨ ਅੰਦਲੋਨ : ਸ਼ਹਿਰਾਂ ''ਚ ਦੁੱਧ ਦੀ ਸਪਲਾਈ ਮੁਕੰਮਲ ਬੰਦ, ਖੋਲ੍ਹੇ ਜਾਣਗੇ ''ਕਿਸਾਨ ਹੱਟ''
Saturday, Jun 02, 2018 - 11:30 AM (IST)

ਸਮਰਾਲਾ (ਸੰਜੇ ਗਰਗ) : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ 1 ਜੂਨ ਨੂੰ ਸ਼ੁਰੂ ਕੀਤੇ ਅੰਦੋਲਨ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਸ਼ਹਿਰਾਂ 'ਚ ਦੁੱਧ ਦੀ ਸਪਲਾਈ ਬਿਲਕੁਲ ਬੰਦ ਰਹੀ ਅਤੇ ਸਬਜ਼ੀਆਂ ਵੀ ਸ਼ਹਿਰ 'ਚ ਨਾ ਜਾਣ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਯੂਨੀਅਨ ਦੇ ਵਰਕਰਾਂ ਵਲੋਂ ਅੱਜ ਸਵੇਰੇ 6 ਵਜੇ ਤੋਂ ਹੀ ਸੂਬੇ ਦੇ 1900 ਇਲਾਕਿਆਂ 'ਚ ਨਾਕੇਬੰਦੀ ਕੀਤੀ ਗਈ ਸੀ ਅਤੇ ਇਸ ਦੌਰਾਨ ਕਿਸੇ ਦੁੱਧ ਵਾਲੇ ਜਾਂ ਸਬਜ਼ੀ ਵਾਲੇ ਨੂੰ ਸ਼ਹਿਰਾਂ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ 'ਚ ਦੁੱਧ ਅਤੇ ਸਬਜ਼ੀ ਦੀ ਇਕ ਵੀ ਰੇਹੜੀ ਨਹੀਂ ਜਾਣ ਦਿੱਤੀ ਗਈ। ਇਸ ਤੋਂ ਇਲਾਵ ਸਰਕਾਰੀ ਮਿਲਕ ਪਲਾਂਟ ਅਮੂਲ ਅਤੇ ਵੇਰਕਾ ਦੀ ਸਪਲਾਈ ਵੀ 60 ਫੀਸਦੀ ਰੋਕ ਦਿੱਤੀ ਗਈ ਹੈ।
ਸ਼ਹਿਰਾਂ ਨੇੜੇ ਖੋਲ੍ਹੇ ਜਾਣਗੇ 'ਕਿਸਾਨ ਹੱਟ'
ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਅੱਜ ਹੋਈ ਹੰਗਾਮੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਹੈ ਕਿ ਐਤਵਾਰ ਨੂੰ ਸ਼ਹਿਰਾਂ ਦੇ ਨੇੜੇ 2000 ਦੇ ਕਰੀਬ 'ਕਿਸਾਨ ਹੱਟ' ਖੋਲ੍ਹੇ ਜਾਣਗੇ ਤਾਂ ਜੋ ਸ਼ਹਿਰੀ ਲੋਕਾਂ ਨੂੰ ਸਬਜ਼ੀਆਂ ਅਤੇ ਦੁੱਧ ਖਰੀਦਣ ਲਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇੱਥੇ ਦੁੱਧ ਜ਼ਿਆਦਾ ਤੋਂ ਜ਼ਿਆਦਾ 40 ਰੁਪਏ ਕਿਲੋ ਅਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ 10 ਤੋਂ 15 ਰੁਪਏ ਕਿਲੋ ਵੇਚੀਆਂ ਜਾਣਗੀਆਂ ਅਤੇ ਕੋਈ ਵੀ ਕਿਸਾਨ ਇਸ ਤੋਂ ਜ਼ਿਆਦਾ ਮੁੱਲ ਕੈ ਲੇ ਸ਼ਹਿਰੀ ਲੋਕਾਂ ਦੀ ਲੁੱਟ-ਖਸੁੱਟ ਨਹੀਂ ਕਰ ਸਕੇਗਾ। ਲੱਖੋਵਾਲ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਪਿੰਡਾਂ 'ਚ ਆਪਣੀਆਂ ਦੁਕਾਨਾਂ ਲਾਈਆਂ ਹੋਈਆਂ ਸਨ ਪਰ ਸ਼ਹਿਰੀ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਸ਼ਹਿਰ ਦੇ ਬਿਲਕੁਲ ਨੇੜੇ ਹੀ 'ਕਿਸਾਨ ਹੱਟ' ਖੋਲ੍ਹੇ ਜਾਣਗੇ।
ਹੋਰ ਵੀ ਤੇਜ਼ ਕਰਾਂਗੇ ਸੰਘਰਸ਼
ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਇੰਨਾ ਕਰਨ ਦੇ ਬਾਵਜੂਦ ਵੀ ਜੇਕਰ ਸਰਕਾਰ ਉਨ੍ਹਾਂ ਅੱਗੇ ਨਹੀਂ ਝੁਕਦੀ ਅਤੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ ਅਤੇ ਅਜਿਹੇ ਹਾਲਾਤ ਸਰਕਾਰ ਲਈ ਸੰਭਾਲਣੇ ਮੁਸ਼ਕਲ ਹੋ ਜਾਣਗੇ।