ਕਿਮ ਜੋਂਗ ਨਾਲ 12 ਜੂਨ ਨੂੰ ਅਜੇ ਵੀ ਹੋ ਸਕਦੀ ਹੈ ਸਿਖਰ ਬੈਠਕ: ਟਰੰਪ

05/25/2018 8:37:48 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤੇ ਹਨ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਨਾਲ ਉਨ੍ਹਾਂ ਦੀ ਸਿਖਰ ਗੱਲਬਾਤ ਅਜੇ ਵੀ 12 ਜੂਨ ਨੂੰ ਹੋ ਸਕਦੀ ਹੈ। ਟਰੰਪ ਨੇ ਬੀਤੇ ਦਿਨ ਬੈਠਕ ਨੂੰ ਰੱਦ ਕਰ ਦਿੱਤਾ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਉੱਤਰ ਕੋਰੀਆਈ ਅਧਿਕਾਰੀਆਂ ਨਾਲ ਇਸ ਸਬੰਧ 'ਚ ਗੱਲਬਾਤ ਕਰ ਰਿਹਾ ਹੈ। 
ਟਰੰਪ ਨੇ ਵਾਈਟ ਹਾਊਸ 'ਚ ਕਿਹਾ, ''ਅਸੀਂ ਦੇਖਦੇ ਹਾਂ ਕਿ ਕੀ ਹੁੰਦਾ ਹੈ। ਅਸੀਂ ਅਜੇ ਵੀ ਉਨ੍ਹਾਂ ਨਾਲ ਗੱਲ ਕਰ ਰਹੇ ਹਾਂ।'' ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਦੀ ਬਹੁਤ ਇੱਛਾ ਹੈ। ਅਸੀਂ ਅਜੇ ਵੀ ਇਸ ਨੂੰ ਕਰਨਾ ਚਾਹੁੰਦੇ ਹਾਂ। ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਟਰੰਪ ਸਿੰਗਾਪੁਰ 'ਚ 12 ਜੂਨ ਨੂੰ ਰੱਦ ਹੋ ਚੁੱਕੀ ਬੈਠਕ ਲਈ ਆਸ਼ਾਵਾਦੀ ਨਜ਼ਰ ਆਏ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਇਹ 12 ਜੂਨ ਨੂੰ ਵੀ ਹੋ ਸਕਦੀ ਹੈ।
ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਕਿਮ ਨੂੰ ਲਿਖੇ ਪੱਤਰ 'ਚ ਸਿੰਗਾਪੁਰ 'ਚ 12 ਜੂਨ ਨੂੰ ਪ੍ਰਸਤਾਵਿਤ ਬੈਠਕ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਪਿਓਂਗਯਾਂਗ ਦੇ 'ਬੇਹੱਦ ਗੁੱਸੇ' ਨੂੰ ਆਪਣੇ ਫੈਸਲੇ ਦਾ ਕਾਰਨ ਦੱਸਿਆ। ਉੱਧਰ ਉੱਤਰ ਕੋਰੀਆ ਨੇ ਇਕ ਬਿਆਨ 'ਚ ਬੈਠਕ ਰੱਦ ਹੋਣ 'ਤੇ ਅਫਸੋਸ ਜਤਾਇਆ ਸੀ ਤੇ ਕਿਹਾ ਸੀ ਕਿ ਉਹ ਕਿਸੇ ਵੀ ਸਮੇਂ ਬੈਠਕ ਦੇ ਇੱਛੁਕ ਹਨ।


Related News