50 ਸਾਲ ਤਕ ਸੱਤਾ ''ਚ ਟਿਕੇ ਰਹਾਂਗੇ : ਸ਼ਾਹ
Friday, May 18, 2018 - 03:22 AM (IST)

ਨਵੀਂ ਦਿੱਲੀ, (ਇੰਟ.)- ਕਰਨਾਟਕ ਦੀ ਜਿੱਤ ਤੋਂ ਉਤਸ਼ਾਹਿਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹੁਣ ਨਵਾਂ ਟਾਰਗੈੱਟ ਸੈੱਟ ਕੀਤਾ ਹੈ। ਵੀਰਵਾਰ ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਅਸੀਂ ਦੇਸ਼ ਵਿਚ ਲੰਬੇ ਸਮੇਂ ਤਕ ਲਈ ਲੋਕਾਂ ਵਿਚ ਥਾਂ ਬਣਾਉਣੀ ਹੈ। 50 ਸਾਲ ਤਕ ਸੱਤਾ ਵਿਚ ਰਹਿਣਾ ਹੈ।
ਅਮਿਤ ਸ਼ਾਹ ਨੇ ਮੋਰਚਾ ਸੰਗਠਨਾਂ ਦੀ ਬੈਠਕ 'ਚ ਬੋਲਦਿਆਂ ਕਿਹਾ ਕਿ ਸਵਾਲ ਇਹ ਨਹੀਂ ਕਿ 2019 ਜਾਂ 2024 ਦੀਆਂ ਚੋਣਾਂ ਹੀ ਜਿੱਤਣੀਆਂ ਹਨ। ਅਸੀਂ ਦੇਸ਼ ਵਿਚ 50 ਸਾਲ ਤਕ ਸੱਤਾ ਵਿਚ ਰਹਿਣ ਦੀ ਤਿਆਰੀ ਦੇ ਹਿਸਾਬ ਨਾਲ ਕੰਮ ਕਰਨਾ ਹੈ। ਭਾਵ ਇਹ ਹੈ ਕਿ ਸੰਗਠਨ ਨੂੰ ਮਜ਼ਬੂਤ ਬਣਾਉਣਾ ਹੈ। ਕਾਂਗਰਸ ਵਲੋਂ ਕਰਨਾਟਕ ਵਿਚ ਲੋਕਰਾਜ ਦੀ ਹੱਤਿਆ ਹੋਣ ਦੇ ਲਾਏ ਜਾ ਰਹੇ ਦੋਸ਼ਾਂ 'ਤੇ ਜਵਾਬੀ ਹਮਲਾ ਕਰਦਿਆਂ ਸ਼ਾਹ ਨੇ ਕਿਹਾ ਕਿ ਲੋਕਰਾਜ ਦੀ ਹੱਤਿਆ ਤਾਂ ਉਸ ਵੇਲੇ ਹੀ ਹੋ ਗਈ ਸੀ ਜਦੋਂ ਕਾਂਗਰਸ ਨੇ ਸਿਆਸੀ ਲਾਭ ਲੈਣ ਲਈ ਜਨਤਾ ਦਲ (ਐੱਸ) ਨੂੰ ਹਮਾਇਤ ਦੇਣ ਦੀ ਮੌਕਾਪ੍ਰਸਤੀ ਵਾਲੀ ਪੇਸ਼ਕਸ਼ ਕਰ ਦਿੱਤੀ ਸੀ। ਕਾਂਗਰਸ ਦੇ ਦੋਸ਼ਾਂ 'ਤੇ ਸ਼ਾਹ ਨੇ ਕਿਹਾ ਕਿ ਰਾਹੁਲ ਨੂੰ ਆਪਣੀ ਪਾਰਟੀ ਦਾ 'ਮਾਣ ਭਰਿਆ' ਇਤਿਹਾਸ ਯਾਦ ਨਹੀਂ ਹੋਵੇਗਾ। ਐਮਰਜੈਂਸੀ, ਧਾਰਾ 356 ਦੀ ਗਲਤ ਢੰਗ ਨਾਲ ਵਰਤੋਂ, ਅਦਾਲਤਾਂ, ਮੀਡੀਆ ਅਤੇ ਨਾਗਰਿਕ ਸਮਾਜ ਨੂੰ ਨੀਵਾਂ ਦਿਖਾਉਣਾ ਰਾਹੁਲ ਗਾਂਧੀ ਦੀ ਪਾਰਟੀ ਦੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ 2013 ਵਿਚ 122 ਸੀਟਾਂ ਜਿੱਤਣ ਵਾਲੀ ਕਾਂਗਰਸ ਹੁਣ 78 ਸੀਟਾਂ 'ਤੇ ਸਿਮਟ ਗਈ ਹੈ।