ਸੱਤਾ ਖੁੱਸਣ ਦੇ ਡਰੋਂ ਜੁੜੀ ''ਭੀੜ''

05/26/2018 7:03:06 AM

ਕਰਨਾਟਕ ਦੇ ਨਵੇਂ ਮੁੱਖ ਮੰਤਰੀ ਕੁਮਾਰਸਵਾਮੀ ਨੂੰ ਵਧਾਈ। ਆਪਣੇ ਚੋਣ ਪ੍ਰਚਾਰ ਦੌਰਾਨ ਕਾਂਗਰਸ 'ਤੇ ਉਹ ਜਿਹੜੇ ਗੰਭੀਰ ਦੋਸ਼ ਲਾਉਂਦੇ ਰਹੇ ਅਤੇ ਸਿੱਧਰਮੱਈਆ 'ਤੇ ਕਰਨਾਟਕ ਨੂੰ ਬਰਬਾਦ ਕਰਨ ਦੀ ਜ਼ਿੰਮੇਵਾਰੀ ਪਾਉਂਦੇ ਰਹੇ, ਉਮੀਦ ਹੈ ਉਨ੍ਹਾਂ ਨਾਲੋਂ ਉਹ ਹੁਣ ਬਿਹਤਰ ਤੇ ਕਾਰਗਰ ਸਰਕਾਰ ਦੇ ਸਕਣਗੇ। ਕੱਲ ਤਕ ਜਿਹੜੀਆਂ ਸਾਰੀਆਂ ਪਾਰਟੀਆਂ ਇਕ-ਦੂਜੇ ਨੂੰ ਰੱਜ ਕੇ ਗਾਲ੍ਹਾਂ ਕੱਢਦੀਆਂ ਰਹੀਆਂ, ਉਹ ਅੱਜ ਇਕੱਠੀਆਂ ਆ ਖੜ੍ਹੀਆਂ ਹੋਈਆਂ ਹਨ। ਮਕਸਦ ਬਿਹਤਰ ਸਰਕਾਰ ਚਲਾਉਣਾ ਜਾਂ ਕੋਈ ਸਮੂਹਿਕ ਜਨ-ਵਿਕਾਸ ਕਰਨਾ ਨਹੀਂ, ਸਗੋਂ ਸਿਰਫ ਮੋਦੀ ਦਾ ਵਿਰੋਧ ਅਤੇ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕਣਾ ਹੀ ਹੈ। ਇਹ ਭਾਰਤੀ ਸਿਆਸਤ ਲਈ ਕੋਈ ਨਵੀਂ ਗੱਲ ਨਹੀਂ ਹੈ। ਤੀਜਾ ਮੋਰਚਾ ਭਾਰਤੀ ਜਨਤਕ ਸੰਵਾਦ ਤੇ ਚਰਚਿਆਂ ਦਾ ਕੇਂਦਰਬਿੰਦੂ ਬਣਿਆ ਰਿਹਾ ਹੈ। ਮਮਤਾ ਬੈਨਰਜੀ, ਮਾਇਆਵਤੀ, ਸੋਨੀਆ ਗਾਂਧੀ, ਅਰਵਿੰਦ ਕੇਜਰੀਵਾਲ ਤੇ ਚੰਦਰਬਾਬੂ ਨਾਇਡੂ ਤੋਂ ਲੈ ਕੇ ਬਚੇ-ਖੁਚੇ ਖੰਡਰਾਂ ਨੂੰ ਸਮੇਟ ਰਹੇ ਸੀਤਾਰਾਮ ਯੇਚੁਰੀ ਤੇ ਬਿਹਾਰ ਦੇ ਤੇਜਸਵੀ ਯਾਦਵ ਵੀ ਇਕੱਠੇ ਨਜ਼ਰ ਆਏ, ਜਿਨ੍ਹਾਂ ਕੋਲ ਕੁਝ ਸਿਆਸੀ ਤਾਕਤ ਹੈ। ਉਂਝ ਉਮਰ ਅਬਦੁੱਲਾ ਵੱਖਰੇ ਰਹੇ, ਨਵੀਨ ਪਟਨਾਇਕ ਨੇ ਕਿਨਾਰਾ ਕਰ ਲਿਆ ਤੇ ਤੇਲੰਗਾਨਾ ਦੇ ਚੰਦਰਸ਼ੇਖਰ ਰਾਓ ਪਹਿਲਾਂ ਹੀ ਪਾਸਾ ਵੱਟ ਗਏ। ਉਨ੍ਹਾਂ ਨੇ ਕਿਸੇ ਮੀਟਿੰਗ 'ਚ ਜਾਣਾ ਸੀ। 
ਫੋਟੋ ਵਧੀਆ ਬਣ ਗਈ, ਇਕ ਇਕੱਲੇ ਨਰਿੰਦਰ ਮੋਦੀ ਦੇ ਡਰ ਨੇ ਇਨ੍ਹਾਂ ਸਾਰੇ ਛੋਟੇ-ਵੱਡੇ ਨੇਤਾਵਾਂ ਨੂੰ ਇਕੱਠੇ ਲਿਆ ਬਿਠਾਇਆ। ਇੰਨਾ ਡਰ ਕਿ ਨੇਤਾ ਕੋਈ ਹੋਵੇ ਨਾ ਹੋਵੇ, ਨਗਰ ਪਾਲਿਕਾ ਚੋਣਾਂ ਲੜਨ ਦੀ ਹੈਸੀਅਤ ਹੋਵੇ ਨਾ ਹੋਵੇ ਪਰ ਇਹ ਨੇਤਾ ਸਰਦੀ ਆਉਂਦਿਆਂ ਹੀ ਠੰਡ ਨਾਲ ਕੰਬਦੇ ਲੋਕਾਂ ਵਰਗਾ ਦ੍ਰਿਸ਼ ਪੇਸ਼ ਕਰਦੇ ਹਨ ਅਤੇ ਚੋਣਾਂ ਸਿਰ 'ਤੇ ਆਉਂਦਿਆਂ ਹੀ ਹਾਰ ਦੇ ਡਰੋਂ ਸਾਰੇ ਵਿਰੋਧੀ ਇਕ ਮੰਚ 'ਤੇ ਆ ਜੁੜੇ। 
ਸ਼ੇਰ ਦੀ ਦਹਾੜ ਅਤੇ ਉਸ ਦੇ ਜ਼ੋਰ ਦਾ ਮੁਕਾਬਲਾ ਓਨੀ ਹੀ ਤਾਕਤ ਨਾਲ ਕੀਤਾ ਜਾ ਸਕਦਾ ਹੈ। ਵੱਖ-ਵੱਖ ਆਕਾਰ, ਪ੍ਰਕਾਰ ਤੇ ਵਿਚਾਰ ਵਾਲੀ ਸੱਤਾ ਦੀ ਗੋਦ 'ਚ ਇਕਜੁੱਟ ਹੋ ਕੇ ਚਾਹੇ ਜਿੰਨਾ ਮਰਜ਼ੀ ਧੂਮ-ਧੜੱਕਾ ਕਰ ਲੈਣ, ਉਹ ਸ਼ੇਰ ਵਾਂਗ ਦਹਾੜ ਨਹੀਂ ਸਕਦੇ। 
ਕਰਨਾਟਕ 'ਚ ਜੋ ਹੋਇਆ, ਉਹ ਜੇਤੂ ਲੋਕਾਂ ਦੀ ਸਫਲਤਾ ਦਾ ਉਤਸਵ ਨਹੀਂ, ਸਗੋਂ ਹਾਰੇ ਹੋਏ ਤੇ ਲੋਕਾਂ ਵਲੋਂ ਠੁਕਰਾਏ ਹੋਏ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸੱਤਾ ਦਾ ਸੁੱਖ ਭੋਗਣ ਦੀ ਇੱਛਾ ਦਾ ਤਮਾਸ਼ਾ ਮਾਤਰ ਸੀ।
ਕੀ ਇਹ ਲੋਕ ਭੁੱਲ ਸਕਣਗੇ ਕਿ ਸੂਬੇ ਦੀਆਂ ਚੋਣਾਂ 'ਚ ਜਨਤਾ ਦਲ (ਐੱਸ) ਤੇ ਕਾਂਗਰਸ ਨੂੰ ਆਪਣੇ ਪਿਛਲੇ ਰਿਕਾਰਡ ਦੇ ਮੁਕਾਬਲੇ ਮੂੰਹ ਦੀ ਖਾਣੀ ਪਈ ਤੇ ਭਾਜਪਾ ਸਭ ਤੋਂ ਜ਼ਿਆਦਾ ਸੀਟਾਂ ਲੈ ਕੇ ਦੋਹਾਂ ਪਾਰਟੀਆਂ ਨਾਲੋਂ ਕਿਤੇ ਅੱਗੇ ਰਹੀ? ਜਿਹੜੀ ਪਾਰਟੀ ਤੀਜੇ ਨੰਬਰ 'ਤੇ ਖਿਸਕ ਗਈ, ਉਹ ਸੱਤਾ ਸੰਭਾਲੇ ਅਤੇ ਜਿਹੜੀ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਜਿੱਤੇ, ਉਹ ਵਿਰੋਧੀ ਧਿਰ 'ਚ ਬੈਠੇ, ਕੀ ਇਸ ਨੂੰ ਲੋਕਤੰਤਰ ਤੇ ਫ਼ਤਵੇ ਦਾ ਸਨਮਾਨ ਕਿਹਾ ਜਾ ਸਕਦਾ ਹੈ? 
ਪਰ ਸੱਤਾ ਅੰਕੜਿਆਂ ਦੀ ਖੇਡ ਹੈ ਅਤੇ ਜਿਸ ਨੂੰ ਵਿਰੋਧੀ ਧਿਰ ਦੀ ਏਕਤਾ ਕਿਹਾ ਜਾ ਰਿਹਾ ਹੈ, ਉਸ ਦਾ ਇਕੋ-ਇਕ ਉਦੇਸ਼ ਆਪਣੀ ਹੋਂਦ ਬਚਾਉਂਦਿਆਂ ਭਾਜਪਾ ਦੇ ਜੇਤੂ ਰੱਥ ਨੂੰ ਰੋਕਣਾ ਹੈ। 
ਬਿਨਾਂ ਸ਼ੱਕ ਇਕ ਮਜ਼ਬੂਤ ਅਤੇ ਗੈਰ-ਸਮਝੌਤਾਵਾਦੀ ਵਿਰੋਧੀ ਧਿਰ ਚਾਹੀਦੀ ਹੈ। ਇਹ ਲੋਕਤੰਤਰ ਦੀ ਮੰਗ ਅਤੇ ਸੰਵਿਧਾਨਿਕ ਸੰਸਥਾਵਾਂ ਦੀ ਸੁਰੱਖਿਆ, ਲੰਮੀ ਉਮਰ ਲਈ ਜ਼ਰੂਰੀ ਹੈ। ਇਸ ਦੇ ਲਈ 2019 ਦਾ ਡਰ ਨਹੀਂ ਹੋਣਾ ਚਾਹੀਦਾ, ਸਗੋਂ ਭਾਰਤ ਦਾ ਮਾਣ ਵਧਾਉਣ ਦੀ ਇੱਛਾ ਹੋਣੀ ਚਾਹੀਦੀ ਹੈ। 
ਜਿਸ ਨੂੰ ਵਿਰੋਧੀ ਧਿਰ ਦੀ ਏਕਤਾ ਕਿਹਾ ਜਾ ਰਿਹਾ ਹੈ, ਉਸ 'ਚ ਕੋਈ ਸਰਬਸੰਮਤ ਏਜੰਡਾ ਨਹੀਂ ਹੈ। ਉਨ੍ਹਾਂ ਦਾ ਤਾਂ ਇਕੋ-ਇਕ ਉਦੇਸ਼ ਹੈ, ''ਮੋਦੀ ਹਰਾਓ ਤੇ ਚੋਣਾਂ ਤੋਂ ਬਾਅਦ ਜਿਸ ਨੂੰ ਜਿੰਨੀਆਂ ਸੀਟਾਂ ਮਿਲਣਗੀਆਂ, ਉਨ੍ਹਾਂ ਦੇ ਆਧਾਰ 'ਤੇ ਅੰਕੜਿਆਂ ਦਾ ਕੁਨਬਾ ਜੋੜ ਲਵਾਂਗੇ।'' 
ਉਹ ਇਸੇ ਨੂੰ ਵਿਰੋਧੀ ਧਿਰ ਦੀ ਏਕਤਾ ਕਹਿੰਦੇ ਹਨ। ਏਕਤਾ ਸਿਰਫ ਇਸ ਗੱਲ 'ਤੇ ਹੈ ਕਿ ਇਹ ਲੋਕ ਇਕ-ਦੂਜੇ ਦੇ ਭ੍ਰਿਸ਼ਟਾਚਾਰ ਬਾਰੇ ਚੁੱਪ ਰਹਿਣਗੇ, ਚੋਣਾਂ 'ਚ ਧਾਂਦਲੀਆਂ ਤੇ ਟਿਕਟਾਂ ਦੇਣ ਦੀ ਨੀਲਾਮੀ ਦੇ ਦੌਰ ਨੂੰ ਚੱਲਣ ਦੇਣਗੇ, ਅਰਾਜਕ ਸ਼ਾਸਨ ਦੀ ਪ੍ਰਣਾਲੀ 'ਤੇ ਚੁੱਪ ਵੱਟੀ ਰੱਖਣਗੇ, ਪਹਿਲਾਂ ਬੁਰਾ-ਭਲਾ ਕਹਿਣਗੇ ਤੇ ਫਿਰ ਜੱਫੀਆਂ ਪਾਉਣਗੇ, ਜਦਕਿ ਜਨਤਾ ਚੁੱਪਚਾਪ ਸਭ ਦੇਖਦੀ ਰਹੇਗੀ, ਜਿਵੇਂ ਕਰਨਾਟਕ 'ਚ ਹੋਇਆ। 
ਡਰੇ ਹੋਏ ਲੋਕਾਂ ਦੀ ਇਹ ਭੀੜ 'ਜਨ-ਗਣ-ਮਨ' ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਭਾਰਤ ਬਹੁਤ ਮੁਸ਼ਕਿਲ ਨਾਲ 'ਆਰਥਿਕ ਅੱਤਵਾਦ' ਦੇ ਦੌਰ 'ਚੋਂ ਬਾਹਰ ਆਇਆ ਹੈ। ਵਿਸ਼ਵ ਸਿਆਸਤ 'ਚ ਕਾਫੀ ਲੰਮੇ ਅਰਸੇ ਬਾਅਦ ਭਾਰਤ ਨੂੰ ਇਕ ਮਜ਼ਬੂਤ ਤੇ ਸਮਰੱਥ ਰਾਸ਼ਟਰ ਵਜੋਂ ਦੇਖਿਆ ਜਾ ਰਿਹਾ ਹੈ। ਅਜਿਹੀ ਸਥਿਤੀ 'ਚ ਦੇਸ਼ ਦੇ ਵਿਕਾਸ ਦਾ ਏਜੰਡਾ ਨਹੀਂ, ਸਗੋਂ ਇਕ-ਦੂਜੇ ਦੇ ਵਿਰੋਧੀਆਂ ਦਾ ਸੱਤਾ ਦੀ ਗੋਦ 'ਚ ਜਾ ਬੈਠਣਾ ਕਿਸ ਭਵਿੱਖ ਦਾ ਪ੍ਰਤੀਕ ਹੈ? 
ਕਰਨਾਟਕ 'ਚ ਜਿੱਤੀ ਤਾਂ ਭਾਜਪਾ ਹੈ ਪਰ ਪਿਛਲੇ ਦਰਵਾਜ਼ਿਓਂ ਹਾਰੇ ਹੋਏ ਲੋਕਾਂ ਦੀ ਭੀੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਇਹ ਕਾਂਗਰਸ ਦੀ ਮੁਹੱਲਾਛਾਪ ਸਿਆਸਤ ਦਾ ਹੀ ਪ੍ਰਤੀਕ ਹੈ। ਹਾਰ ਤੇ ਜਿੱਤ 'ਚ ਆਪਣਾ ਵੱਕਾਰ ਬਣਾਈ ਰੱਖਣਾ ਹੁਣ ਸਿਆਸਤ ਦਾ ਹਿੱਸਾ ਨਹੀਂ ਰਿਹਾ। 
ਭਾਜਪਾ ਵੀ ਸਮਝ ਲਵੇ ਕਿ ਆਉਣ ਵਾਲਾ ਸਮਾਂ ਸਿਰਫ ਪਾਰਟੀ ਲਈ ਨਹੀਂ, ਉਨ੍ਹਾਂ ਸਾਰੇ ਵਰਕਰਾਂ ਤੇ ਪ੍ਰਚਾਰਕਾਂ ਦੇ ਮਾਣ-ਯਸ਼ ਨੂੰ ਸੰਜੋਈ ਰੱਖਣ ਦਾ ਇਮਤਿਹਾਨ ਹੈ, ਜਿਨ੍ਹਾਂ ਕਾਰਨ ਪਾਰਟੀ ਇਸ ਮੁਕਾਮ ਤਕ ਪਹੁੰਚੀ ਹੈ। ਹੰਕਾਰ ਵੱਡੇ ਤੋਂ ਵੱਡੇ ਪੁੰਨ ਨੂੰ ਵੀ ਖੋਰਾ ਲਾ ਦਿੰਦਾ ਹੈ ਤੇ ਕਾਂਗਰਸ ਇਸ ਦੀ ਮਿਸਾਲ ਹੈ। 
                          (tarunvijay੨@yahoo.com)


Related News