ਬਰਗਾੜੀ ਮਾਮਲੇ ਸਮੇਤ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ: ਕੈਪਟਨ

06/02/2018 6:42:39 PM

ਚੰਡੀਗੜ੍ਹ (ਬਿਊਰੋ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਅਤੇ ਕੁਝ ਪੰਥਕ ਸੰਗਠਨਾਂ ਵੱਲੋਂ ਬਰਗਾੜੀ ਮਾਮਲੇ ਬਾਰੇ ਆਪਣੀ ਸਰਕਾਰ ਦੇ ਨਾਕਾਮ ਰਹਿਣ ਦੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਕਮਿਸ਼ਨ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਜਾਂਚ ਕਰ ਰਿਹਾ ਹੈ, ਜਿਨ੍ਹਾਂ 'ਚ ਫਰੀਦਕੋਟ ਜ਼ਿਲੇ ਦੇ ਕੋਟਕਪੂਰਾ ਦੀ ਉਹ ਘਟਨਾ ਵੀ ਸਾਮਲ ਹੈ, ਜਿਸ 'ਚ ਦੋ ਵਿਅਕਤੀ ਮਾਰੇ ਗਏ ਸਨ।
ਇਸ ਮੁੱਦੇ ਤੋਂ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ ਕਰ ਰਹੇ ਆਮ ਆਦਮੀ ਪਾਰਟੀ ਅਤੇ ਹੋਰਨਾਂ ਆਗੂਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਨਾ ਸਿਰਫ ਕਮਿਸ਼ਨ ਨੇ ਬੇਅਦਬੀ ਦੇ ਪਹਿਲੇ ਕੇਸਾਂ ਦੀ ਵੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਸਗੋਂ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਦੀਆਂ ਨਵੀਂਆਂ ਘਟਨਾਵਾਂ 'ਚ ਸ਼ਾਮਲ ਦੋਸ਼ੀਆਂ ਵਿਰੁੱਧ ਵੀ ਸਰਕਾਰ ਵੱਲੋਂ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਪ੍ਰਾਪਤ ਕੁਝ ਪੰਥਕ ਆਗੂ ਪੀੜਤਾਂ ਨੂੰ ਨਿਆਂ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਕਮਿਸ਼ਨ ਅਤੇ ਸਰਕਾਰ ਦੇ ਯਤਨਾਂ ਨੂੰ ਕਮਜ਼ੋਰ ਕਰਨ ਦੀਆਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਅਪ੍ਰੈਲ 2017 'ਚ ਕੀਤੀ ਗਈ ਸੀ ਅਤੇ ਇਸ ਨੇ ਬਰਗਾੜੀ ਅਤੇ ਬਹਿਬਲ ਕਲਾਂ ਕਾਂਡਾਂ ਦੇ ਨਾਲ ਨਾਲ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਡੂੰਘਿਆਈ 'ਚ ਜਾਂਚ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਮੇਂ ਸਬੂਤਾਂ ਨੂੰ ਇਕੱਤਰ ਕਰਨ ਲਈ ਘਟਨਾ ਵਾਲੀਆਂ ਥਾਵਾਂ ਦਾ ਦੌਰਾ ਕਰ ਰਹੇ ਹਨ। ਤਿੰਨ ਹੋਰ ਕੇਸ ਜੋ ਸਾਰੇ 2015 ਨਾਲ ਸੰਬੰਧਤ ਹਨ, ਸੀ. ਬੀ. ਆਈ. ਕੋਲ ਪੈਂਡਿੰਗ ਪਏ ਹਨ, ਜਿਨ੍ਹਾਂ ਦੀ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ 'ਚ ਸ਼੍ਰੋਮਣੀ ਅਕਾਲੀ ਦਲ ਨੇ ਕਮਿਸ਼ਨ ਨੂੰ ਸਹਿਯੋਗ ਦੇਣ ਦੀ ਥਾਂ ਇਸ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਸਪਸ਼ਟ ਹੈ ਕਿ ਬਾਦਲਾਂ ਦੀ ਅਗਵਾਈ 'ਚ ਅਕਾਲੀਆਂ ਨੂੰ ਕਮਿਸਨ ਦੀ ਜਾਂਚ ਦਾ ਡਰ ਹੈ ਕਿਉਂਕਿ ਇਹ ਕਮਿਸ਼ਨ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਪਿਛਲੀਆਂ ਸਾਜਿਸ਼ਾਂ ਦੀ ਬਹੁਤ ਹੀ ਬਰੀਕੀ 'ਚ ਜਾ ਕੇ ਜਾਂਚ ਕਰ ਰਿਹਾ ਹੈ ਜੋ ਸੂਬੇ ਨੂੰ ਅਸਥਿਰ ਕਰਨ ਲਈ ਰਚੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਜਾਂਚ 'ਚ ਸਾਹਮਣੇ ਆਉਣ ਵਾਲੇ ਜ਼ਿੰਮੇਵਾਰ ਲੋਕਾਂ ਨੂੰ ਜ਼ਰੂਰ ਬਣਦੀ ਸਜ਼ਾ ਦਿਵਾਈ ਜਾਵੇਗੀ।


Related News