ਭਾਰਤ ਦਾ ਦਿਨ-ਰਾਤ ਟੈਸਟ ''ਚ ਨਹੀਂ ਖੇਡਣਾ ਨਿਰਾਸ਼ਾਜਨਕ : ਚੈਪਲ
Sunday, May 13, 2018 - 05:25 PM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਆਸਟਰੇਲੀਆ ਦੌਰੇ 'ਤੇ ਦਿਨ-ਰਾਤ ਟੈਸਟ ਮੈਚ ਖੇਡਣ ਤੋਂ ਇਨਕਾਰ ਕਰਨ ਨੂੰ ਸਾਬਕਾ ਕਪਤਾਨ ਇਆਨ ਚੈਪਲ ਨੇ ਅੱਜ ਨਿਰਾਸ਼ਾਜਨਕ ਕਰਾਰ ਦਿੱਤਾ। ਚੈਪਲ ਨੇ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਵੱਡੀ ਤਸਵੀਰ ਦੇਖੇ ਬਿਨਾ ਹਰ ਕੀਮਤ 'ਤੇ ਜਿੱਤ ਦਰਜ ਕਰਨਾ ਚਾਹੁੰਦਾ ਹੈ।
ਚੈਪਲ ਨੇ ਈ.ਐੱਸ.ਪੀ.ਐੱਨ. ਕ੍ਰਿਕਇੰਫੋ ਦੇ ਕਾਲਮ 'ਚ ਲਿਖਿਆ, ''ਬੀ.ਸੀ.ਸੀ.ਆਈ. ਦਾ ਫੈਸਲਾ ਕਾਫੀ ਨਿਰਾਸ਼ਾਜਨਕ ਹੈ। ਐਡੀਲੇਡ ਗੈਰ ਅਧਿਕਾਰਤ ਤੌਰ 'ਤੇ ਦਿਨ-ਰਾਤ ਟੈਸਟ ਮੈਚ ਦਾ ਘਰ ਬਣ ਗਿਆ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਉੱਥੇ ਸਫੈਦ ਰੌਸ਼ਨੀ 'ਚ ਸਫਲਤਾਪੂਰਵਕ ਟੈਸਟ ਮੈਚ ਖੇਡੇ ਜਾ ਰਹੇ ਹਨ। ਮਜ਼ਬੂਤ ਭਾਰਤੀ ਟੀਮ ਦੇ ਉੱਥੇ ਖੇਡਣ ਨਾਲ ਇਹ ਸਫਲਤਾ ਹੋਰ ਵੱਡੀ ਹੁੰਦੀ।'' ਚੈਪਨ ਨੇ ਕਿਹਾ, ''ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬੀ.ਸੀ.ਸੀ.ਆਈ. ਇਸ ਦੇ ਲਈ ਕਿਹੜਾ ਬਹਾਨਾ ਬਣਾਉਂਦਾ ਹੈ, ਇਹ ਸਵੀਕਾਰ ਕਰਨਾ ਮੁਸ਼ਕਲ ਹੈ ਕਿ ਇਸ ਫੈਸਲੇ ਦੇ ਪਿੱਛੇ ਕਮਜ਼ੋਰ ਮੁਕਾਬਲੇਬਾਜ਼ੀ ਮੰਨੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦੇ ਹਿੱਤਾਂ ਨੂੰ ਧਿਆਨ 'ਚ ਰਖਿਆ ਜਾਣਾ ਚਾਹੀਦਾ ਹੈ।