ਹਰਿੰਦਰ ਪੁਰਸ਼ ਜਦਕਿ ਮਾਰਿਨ ਮਹਿਲਾ ਹਾਕੀ ਟੀਮ ਦੇ ਕੋਚ
Tuesday, May 01, 2018 - 04:23 PM (IST)

ਨਵੀਂ ਦਿੱਲੀ (ਬਿਊਰੋ)— ਇਕ ਹੈਰਾਨੀ ਭਰੇ ਫੈਸਲੇ 'ਚ ਮਹਿਲਾ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੂੰ ਅੱਜ ਭਾਰਤੀ ਪੁਰਸ਼ ਟੀਮ ਦਾ ਮੁੱਖ ਕੋਚ ਬਣਾਇਆ ਜਦੋਕਿ ਪੁਰਸ਼ ਟੀਮ ਦੇ ਕੋਚ ਸ਼ੋਰਡ ਮਾਰਿਨ ਨੂੰ ਰਾਸ਼ਟਰਮੰਡਲ ਖੇਡਾਂ 'ਚ ਖਰਾਬ ਪ੍ਰਦਰਸ਼ਨ ਦੇ ਬਾਅਦ ਫਿਰ ਮਹਿਲਾ ਟੀਮ ਦੀ ਬਾਗਡੋਰ ਸੌਂਪੀ ਗਈ ਹੈ। ਹਰਿੰਦਰ 2009 ਤੋਂ 2011 ਤੱਕ ਪਹਿਲਾਂ ਵੀ ਭਾਰਤੀ ਪੁਰਸ਼ ਟੀਮ ਦੇ ਕੋਚ ਰਹਿ ਚੁੱਕੇ ਹਨ। ਉਹ ਪਿਛਲੇ ਸਾਲ ਨਵੰਬਰ ਤੋਂ ਮਹਿਲਾ ਟੀਮ ਦੇ ਕੋਚ ਸਨ ਜਦੋਂਕਿ ਮਾਰਿਨ ਨੂੰ ਰੋਲੇਂਟ ਓਲਟਮੈਂਸ ਦੀ ਜਗ੍ਹਾ ਪੁਰਸ਼ ਟੀਮ ਦਾ ਕੋਚ ਬਣਾਇਆ ਗਿਆ ਸੀ।
ਹਰਿੰਦਰ ਦੇ ਮਾਰਗਦਰਸ਼ਨ 'ਚ ਭਾਰਤੀ ਜੂਨੀਅਰ ਪੁਰਸ਼ ਟੀਮ ਨੇ 2016 'ਚ ਵਿਸ਼ਵ ਕੱਪ ਜਿੱਤਿਆ ਸੀ ਅਤੇ ਮਹਿਲਾ ਟੀਮ ਗੋਲਡ ਕੋਸਟ ਰਾਸ਼ਟਰਮੰਡਲ ਖੇਡ 'ਚ ਚੌਥੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਮਹਿਲਾ ਟੀਮ ਨੇ ਪਿਛਲੇ ਸਾਲ ਜਾਪਾਨ 'ਚ ਨੌਵਾਂ ਮਹਿਲਾ ਏਸ਼ੀਆ ਕੱਪ ਖਿਤਾਬ ਜਿੱਤਿਆ। ਮਾਰਿਨ ਦੇ ਮਾਰਗਦਰਸ਼ਨ 'ਚ ਪੁਰਸ਼ ਟੀਮ ਗੋਲਡ ਕੋਸਟ 'ਚ ਤਮਗਾ ਜਿੱਤਣ 'ਚ ਅਸਫਲ ਰਹੀ। ਰਾਸ਼ਟਰਮੰਡਲ ਖੇਡਾਂ 'ਚ 2006 ਦੇ ਬਾਅਦ ਪਹਿਲੀ ਵਾਰ ਭਾਰਤੀ ਪੁਰਸ਼ ਹਾਕੀ ਟੀਮ ਤਮਗੇ ਦੇ ਬਿਨਾ ਪਰਤੀ ਹੈ।