ਅੱਪਰਾ ''ਚ 2 ਸਾਲ ਤੋਂ ਬਿਨਾ ਪ੍ਰਿੰਸੀਪਲ ਦੇ ਚੱਲ ਰਿਹੈ ਸਰਕਾਰੀ ਸਕੂਲ

05/26/2018 12:00:09 PM

ਅੱਪਰਾ (ਦੀਪਾ) : ਪੰਜਾਬ ਸਰਕਾਰ ਵੱਲੋਂ ਮੁੱਢਲੀ ਤੇ ਮਿਆਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਨਿੱਤ ਨਵੇਂ ਤਰੀਕੇ ਅਪਣਾਏ ਜਾ ਰਹੇ ਪਰ ਇਸ ਸਭ ਦੇ ਬਾਵਜੂਦ ਦਿਹਾਤੀ ਖੇਤਰਾਂ 'ਚ ਦਿਨ-ਬ-ਦਿਨ ਸਿੱਖਿਆ ਦਾ ਪੱਧਰ ਘਟਦਾ ਜਾ ਰਿਹਾ ਹੈ, ਜਿਸ ਦੇ ਪਿੱਛੇ ਸਭ ਤੋਂ ਵੱਡੀ ਕਮਜ਼ੋਰੀ ਹੈ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਹੋਣਾ, ਜਿਸ ਕਾਰਨ ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ।
ਫਿਲੌਰ ਨਜ਼ਦੀਕ ਸਥਿਤ ਸਰਕਾਰੀ ਹਾਈ ਸਕੂਲ ਅੱਪਰਾ ਦਾ ਹਾਲ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਸੰਨ 1886 ਤੋਂ ਇਲਾਕਾ ਵਾਸੀਆਂ ਨੂੰ ਵਿੱਦਿਅਕ ਸਹੂਲਤਾਂ ਪ੍ਰਦਾਨ ਕਰ ਰਹੇ ਇਸ ਸਕੂਲ ਦੀ ਕਿਸੇ ਸਮੇਂ ਆਲੀਸ਼ਾਨ ਰਹਿ ਚੁੱਕੀ ਇਮਾਰਤ ਮੌਜੂਦਾ ਹਾਲਤ ਦੀ ਗਵਾਹੀ ਭਰਦੀ ਹੈ। ਇਸ ਸਕੂਲ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ 17 ਪੋਸਟਾਂ ਵਾਲੇ ਇਸ ਸਕੂਲ 'ਚ ਮੌਜੂਦਾ ਸਮੇਂ 6 ਅਧਿਆਪਕ ਹੀ ਪੜ੍ਹਾ ਰਹੇ ਹਨ, ਜਿਨ੍ਹਾਂ 'ਚੋਂ ਵੀ ਇਕ ਅਧਿਆਪਕ ਡੈਪੂਟੇਸ਼ਨ 'ਤੇ ਗਿਆ ਹੋਇਆ ਹੈ।  ਸਕੂਲ 'ਚ ਮੁੱਖ ਵਿਸ਼ੇ ਮੈਥ, ਸਾਇੰਸ, ਹਿੰਦੀ ਆਦਿ ਨੂੰ ਪੜ੍ਹਾਉਣ ਲਈ ਟੀਚਰ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਹੋਰ ਤਾਂ ਹੋਰ ਪਿਛਲੇ ਦੋ ਸਾਲਾਂ ਤੋਂ ਸਕੂਲ ਬਿਨਾਂ ਮੁੱਖ ਅਧਿਆਪਕ ਦੇ ਚੱਲ ਰਿਹਾ ਹੈ ਤੇ ਕਾਰਜਕਾਰੀ ਮੁੱਖ ਅਧਿਆਪਕ ਵਲੋਂ ਹੀ ਸਕੂਲ ਨੂੰ ਚਲਾਇਆ ਜਾ ਰਿਹਾ ਹੈ। ਸਕੂਲ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਬਣੇ ਬਾਥਰੂਮ ਵੀ ਨਕਾਰਾ ਹੋ ਚੁੱਕੇ ਹਨ, ਜਦੋਂਕਿ ਕਲਾਸਾਂ 'ਚ ਵਿਦਿਆਰਥੀਆਂ ਦੇ ਬੈਠਣ ਲਈ ਬਣੇ ਡੈਸਕ ਵੀ ਟੁੱਟ ਚੁੱਕੇ ਹਨ। 
ਸਕੂਲ ਕਮੇਟੀ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ 'ਚ ਬਿਜਲੀ ਦੀ ਫਿਟਿੰਗ ਤੇ ਹੋਰ ਕੰਮ ਤੇ ਬੱਚਿਆਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਪ੍ਰਾਈਵੇਟ ਤੌਰ 'ਤੇ ਅਧਿਆਪਕ ਰੱਖ ਕੇ ਹੀ ਵਿਦਿਆਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਕਾਰਨ ਸਕੂਲ 'ਚ ਪੜ੍ਹਦੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ ਹੈ।  ਇਲਾਕਾ ਵਾਸੀਆਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ 'ਚ ਲੋੜੀਂਦੇ ਅਧਿਆਪਕ ਜਲਦ ਤੋਂ ਜਲਦ ਭੇਜੇ ਜਾਣ।


Related News