ਗਜਟਿਡ ਅਫਸਰ ਦੀ ਨੌਕਰੀ ਛੱਡ ਅਮਰਿੰਦਰ ਬਣਿਆ ਸਫਲ ਕਿਸਾਨ

05/25/2018 3:42:00 PM

ਨਾਭਾ (ਜੈਨ) — ਪਿੰਡ ਸਾਧੋਹੇੜੀ ਦੇ ਕਿਸਾਨ ਅਮਰਿੰਦਰ ਸਿੰਘ ਨੇ ਨੀਦਰਲੈਂਡ ਜਾ ਕੇ ਉੱਚ ਪੜ੍ਹਾਈ (ਐੱਮ. ਐੱਸ. ਸੀ. ਇਨ ਜੀਓ ਇਨਫੋਰਸੈਟਿਸ) ਕੀਤ ਤੇ ਪੰਜਾਬ ਸਰਕਾਰ ਦੇ ਰਿਪੋਰਟ ਸੈਸਿੰਗ ਸੈਂਟਰ 'ਚ ਵਿਗਿਆਨਿਕ ਦੇ ਤੌਰ 'ਤੇ 4 ਸਾਲ ਨੌਕਰੀ ਕੀਤੀ ਪਰ ਉਸ ਨੂੰ ਅਸਲੀ ਸੰਤੋਸ਼ ਗਜਟਿਡ ਸਰਵਿਸ ਛੱਡ ਕੇ ਸਬਜ਼ੀਆਂ ਦੀ ਖੇਤੀ ਕਰਨ ਨਾਲ ਮਿਲਿਆ। ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਅੱਜ ਕੱਲ ਰੰਗ-ਬਿਰੰਗੀ ਸ਼ਿਮਲਾ ਮਿਰਚ, ਖੁੰਭ, ਖੀਰੇ, ਕਰੇਲੇ, ਹਰੀ ਮਿਰਚ ਤੇ ਖਰਬੂਜਿਆਂ ਦੀ ਖੇਤੀ ਕਰਕੇ ਆਧੁਨਿਕ ਢੰਗ ਨਾਲ ਪ੍ਰਤੀ ਏਕੜ ਚੰਗਾ ਲਾਭ ਮਿਲ ਰਿਹਾ ਹੈ।
ਉਸ ਨੇ 5 ਸਾਲ ਪਹਿਲਾਂ ਨੌਕਰੀ ਛੱਡ ਕੇ 32 ਏਕੜ ਜੱਦੀ ਜ਼ਮੀਨ 'ਤੇ ਖੇਤੀ ਸ਼ੁਰੂ ਕੀਤੀ ਤੇ ਲਗਭਗ 4 ਹਜ਼ਾਰ ਵਰਗ ਮੀਟਰ ਦੇ ਪਾਲੀਹਾਊਸ ਤੋਂ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ। ਫਿਰ ਇਕ ਸਾਲ ਬਾਅਦ 4 ਹਜ਼ਾਰ ਵਰਗ ਮੀਟਰ ਦਾ ਇਕ ਹੋਰ ਪਾਲੀਹਾਊਸ ਬਣਾਇਆ। ਸਰਕਾਰ ਦੇ ਬਾਗਵਾਨੀ ਵਿਭਾਗ ਤੋਂ ਮਿਲੇ ਸਹਿਯੋਗ ਤੇ ਸਬਸਿਡੀ ਦੇ ਕਾਰਨ ਅਮਰਿੰਦਰ ਸਫਲ ਕਿਸਾਨ ਬਣ ਗਿਆ ਹੈ। ਪੰਜਾਬ ਸਰਕਾਰ ਨੇ ਅਮਰਿੰਦਰ ਸਿੰਘ ਨੂੰ ਪ੍ਰਤੀ ਪਾਲੀਹਾਊਸ 15 ਲੱਖ 88 ਹਜ਼ਾਰ ਤੇ ਖੇਤੀ ਸੰਦਾਂ 'ਤੇ 2 ਲੱਖ 80 ਹਜ਼ਾਰ ਪ੍ਰਤੀ ਪਾਲੀਹਾਊਸ ਵੱਖ ਤੋਂ ਸਬਸਿਡੀ ਮੁੱਹਈਆ ਕਰਵਾਈ। ਹੁਣ ਖੰਬਾਂ ਦੇ ਕੰਪੋਸਟ ਯੂਨਿਟ ਲਈ ਵੀ ਸਬਸਿਡੀ ਦੀ ਇਜਾਜ਼ਤ ਮਿਲ ਗਈ ਹੈ। ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਗਜਟਿਡ ਨੌਕਰੀ ਛੱਡਦਿਆਂ ਸਮੇਂ ਲੋਕ/ਕਿਸਾਨ ਮਜ਼ਾਕ ਕਰਦੇ ਸਨ ਪਰ ਹੁਣ ਕਿਸਾਨ ਭਰਾ ਤੇ ਬਜ਼ੁਰਗ ਉਸ ਤੋਂ ਖੇਤੀ ਬਾਰੇ ਗਿਆਨ ਹਾਸਲ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਆਧੁਨਿਕ ਖੇਤੀ ਉਪਕਰਨ ਉਸ ਦੇ ਕੋਲ ਹਨ। ਉਹ ਖੇਤੀ ਸਮੇਂ ਕੀੜੇਮਾਰ ਦਵਾਈਆਂ ਦੀ ਵਰਤੋਂ ਨਹੀਂ ਕਰਦਾ ਤੇ ਪਾਣੀ ਦੀ ਬੱਚਤ ਵੀ ਕਰਦਾ ਹੈ।
ਅਮਰਿੰਦਰ ਸਿੰਘ ਦੇ ਮੁਤਾਬਕ ਇਕ ਏਕੜ 'ਚ ਸ਼ਿਮਲਾ ਮਿਰਚ ਦੀ 211 ਕੁਇੰਟਲ ਪੈਦਾਵਾਰ ਤੋਂ ਕੁੱਲ 9 ਲੱਖ 65 ਹਜ਼ਾਰ ਰੁਪਏ ਬੀਜ ਰਹਿਤ ਖੀਰੇ (ਇਕ ਫਸਲ) ਦੀ ਇਕ ਏਕੜ 'ਚ 161 ਕੁਇੰਟਲ ਤੋਂ 5 ਲੱਖ ਰੁਪਏ, ਇਕ ਏਕੜ ਦੀ ਖੁੰਭਾਂ 'ਚੋਂ 344 ਕੁਇੰਟਲ ਤੋਂ 23 ਲੱਖ 91 ਹਜ਼ਾਰ ਰੁਪਏ, 4 ਏਕੜ 'ਚ ਖਰਬੂਜੇ ਤੋਂ 408 ਕੁਇੰਟਲ ਪੈਦਾਵਾਰ ਤੋਂ 7 ਲੱਖ 84 ਹਜ਼ਾਰ ਰੁਪਏ, ਢੇਡ ਏਕੜ 'ਚ ਕਰੇਲੇ ਪੈਦਾਵਾਰ ਤੋਂ 150 ਕੁਇੰਟਲ ਤੋਂ ਇਕ ਲੱਖ 91 ਹਜ਼ਾਰ ਤੇ ਡੇਢ ਏਕੜ 'ਚ ਬੀਜ ਰਹਿਤ ਖੀਰੇ (ਖੁੱਲ੍ਹੇ 'ਚ) ਤੋਂ 220 ਕੁਇੰਟਲ ਤੋਂ 2 ਲੱਖ 49 ਹਜ਼ਾਰ ਰੁਪਏ ਆਮਦਨ ਕਮਾ ਰਿਹਾ ਹੈ। ਬਾਗਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਵਰਣ ਸਿੰਘ ਮਾਨ ਤੇ ਸਥਾਨਕ ਵਿਭਾਗ ਅਧਿਕਾਰੀ ਮੁਹੱਈਆ ਕਰਵਾਉਂਦੇ ਰਹਿੰਦੇ ਹਨ, ਤਾਂ ਜੋ ਖੇਤੀ ਲਾਗਤ ਘਟਾ ਕੇ ਵੱਧ ਲਾਭ ਕਮਾ ਸਕਣ। 32 ਸਾਲਾ ਅਮਰਿੰਦਰ ਦਾ ਇਕ ਚਾਚਾ ਹਰਦਿਆਲ ਸਿੰਘ ਚੱਢਾ ਐਡੀਸ਼ਨਲ ਡਿਪਟੀ ਕਮਿਸ਼ਨਰ ਤੇ ਦੂਸਰਾ ਚਾਚਾ ਜਗਤਾਰ ਸਿੰਘ ਸਾਧੋਹੇੜੀ ਪੀ.ਆਰ. ਟੀ.ਸੀ. ਦਾ ਸਾਬਕਾ ਡਾਇਰੈਕਟਰ ਹੈ। ਉਚ ਅਧਿਕਾਰੀ ਅਕਸਰ ਇਸ ਨੌਜਵਾਨ ਦੇ ਪਾਲੀਹਾਊਸ ਦਾ ਨਿਰੀਖਣ ਕਰਨ ਆਉਂਦੇ ਰਹਿੰਦੇ ਹਨ।


Related News