ਐੱਨ. ਆਰ. ਆਈ. ਵਿਅਕਤੀ ਦੀ ਜਾਇਦਾਦ ਧੋਖੇ ਨਾਲ ਹੜੱਪਣ ਦੇ ਦੋਸ਼ ''ਚ ਮਾਮਲਾ ਦਰਜ

05/24/2018 10:21:30 AM

ਮੋਗਾ (ਅਜ਼ਾਦ) - ਅਹਾਤਾ ਬਦਨ ਸਿੰਘ ਮੋਗਾ ਨਿਵਾਸੀ ਗੁਰਚਰਨ ਸਿੰਘ ਹਾਲ ਅਬਾਦ ਕੈਨੇਡਾ ਨੇ ਸ਼ਹੀਦ ਭਗਤ ਸਿੰਘ ਨਗਰ ਮੋਗਾ ਨਿਵਾਸੀ ਇਕ ਐੱਨ. ਆਰ. ਆਈ 'ਤੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਦਾ ਦੋਸ਼ ਲਗਾਇਆ ਹੈ। ਮਾਣਯੋਗ ਮੁੱਖ ਮੰਤਰੀ ਦੇ ਆਦੇਸ਼ 'ਤੇ ਐੱਨ. ਆਰ. ਆਈ. ਪੁਲਸ ਵੱਲੋਂ ਕਥਿਤ ਦੋਸ਼ੀ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਕੀ ਹੈ ਸਾਰਾ ਮਾਮਲਾ
ਅਮਰੀਕਾ ਰਹਿੰਦੇ ਗੁਰਚਰਨ ਸਿੰਘ ਪੁੱਤਰ ਲਾਲ ਸਿੰਘ ਨਿਵਾਸੀ ਅਹਾਤਾ ਬਦਨ ਸਿੰਘ ਮਾਰਫਤ ਸੁਰਜੀਤ ਸਿੰਘ ਗੁਰਦੁਆਰਾ ਚੌਂਕ ਮਾਨਸਾ ਮੰਡੀ ਨੇ ਮੁੱਖ ਮੰਤਰੀ ਨੂੰ ਸੰਗਤ ਦਰਸ਼ਨ ਦੌਰਾਨ ਸ਼ਿਕਾਇਤ ਪੱਤਰ ਦੇ ਕੇ ਕਿਹਾ ਕਿ ਕੁੱਝ ਵਿਅਕਤੀਆਂ ਨੇ ਉਨ੍ਹਾਂ ਦੀ ਮੋਗਾ ਦੇ ਕੈਂਪ ਭੀਮ ਨਗਰ ਸਥਿਤ ਕਰੋੜਾਂ ਰੁਪਏ ਦੀ ਜ਼ਾਇਦਾਦ ਨੂੰ ਹੜੱਪ ਕਰ ਉਸ ਨੂੰ ਅੱਗੇ ਵੇਚ ਦਿੱਤਾ ਹੈ। ਉਸ ਨੇ ਕਿਹਾ ਕਿ ਉਹ 1976 ਤੋਂ ਅਮਰੀਕਾ ਰਹਿੰਦਾ ਹੈ। ਮੇਰੀ ਮਾਤਾ ਹਰ ਕੌਰ ਪੁੱਤਰੀ ਬੱਗਾ ਸਿੰਘ ਨਿਵਾਸੀ ਮੋਗਾ ਦੇ ਨਾਮ 8 ਮਰਲੇ 8 ਸਰਸਾਹੀ ਜ਼ਮੀਨ ਜਿਸ 'ਚ ਦੁਕਾਨਾਂ ਅਤੇ ਰਿਹਾਇਸ਼ੀ ਮਕਾਨ ਬਣਿਆ ਹੋਇਆ ਹੈ, ਦੀ ਮਾਲਕ ਸੀ। ਉਕਤ ਜਗ੍ਹਾ ਦੀ ਰਜਿਸਟਰੀ ਉਸਨੇ 27 ਜਨਵਰੀ 1988 ਨੂੰ ਮੇਰੇ ਨਾਮ 'ਤੇ ਕਰਵਾ ਦਿੱਤੀ ਪਰ ਮੇਰੇ ਨਾਮ ਜਗ੍ਹਾ ਦਾ ਇੰਤਕਾਲ ਇਸ ਲਈ ਨਹੀਂ ਹੋ ਸਕਿਆ, ਕਿਉਂਕਿ ਮੈਂ ਅਮਰੀਕਾ ਦਾ ਸਿਟੀਜ਼ਨ ਸੀ, ਜਦ ਮੈਂ ਅਕਤੂਬਰ 2013 ਨੂੰ ਇੰਡੀਆ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ। ਇਸ ਦੌਰਾਨ ਮੇਰੀ ਮੁਲਾਕਾਤ ਕੁਲਦੀਪ ਸਿੰਘ ਅਤੇ ਕਰਮਵੀਰ ਦੇ ਨਾਲ ਹੋਈ। ਫਿਰ ਮੈਂ 6 ਜੂਨ 2014 ਨੂੰ ਵਾਪਸ ਅਮਰੀਕਾ ਚਲਾ ਗਿਆ। ਜਦ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਇਕ ਪਲਾਟ ਵਿੱਕਰੀ ਕਰਨਾ ਹੈ ਜਿਸ ਦਾ ਇੰਤਕਾਲ ਮੇਰੇ ਨਾਮ 'ਤੇ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਉਕਤ ਪਲਾਟ ਅਸੀਂ ਖਰੀਦ ਲਵਾਂਗੇ, ਮੈਂ ਉਨ੍ਹਾਂ ਨਾਲ 3 ਕਰੋੜ 60 ਲੱਖ ਰੁਪਏ ਦਾ ਸੌਦਾ ਤੈਅ ਕਰ ਲਿਆ। 
ਇਸ ਦੌਰਾਨ ਕੁਲਦੀਪ ਸਿੰਘ ਨੇ ਇਕਰਾਰਨਾਮਾ ਕਰਦੇ ਸਮੇਂ ਮਨਜੀਤ ਸਿੰਘ ਪੁੱਤਰ ਹਰਜੋਤ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਹਾਲ ਅਬਾਦ ਕੈਨੇਡਾ ਦੇ ਨਾਮ 'ਤੇ ਕਰ ਦਿੱਤਾ, ਜਦਕਿ ਉਹ ਉਸ ਸਮੇਂ ਮੌਜੂਦ ਨਹੀਂ ਸੀ ਅਤੇ ਉਸਨੇ ਮਨਜੀਤ ਸਿੰਘ ਦੇ ਹਸਤਾਖਰ ਵੀ ਜਾਅਲੀ ਕਰ ਦਿੱਤੇ। ਉਸਨੇ ਕਿਹਾ ਕਿ ਬਾਅਦ ਵਿਚ ਮੇਰੇ ਕੁੱਝ ਕਾਗਜ਼ਾਂ 'ਤੇ ਧੋਖੇ ਨਾਲ ਹਸਤਾਖਰ ਵੀ ਕਰਵਾ ਲਏ। 19 ਮਈ 2014 ਨੂੰ ਇਕਰਾਰਨਾਮਾ ਖਰੀਦ ਕਰਦੇ ਸਮੇਂ ਉਨ੍ਹਾਂ ਨੇ ਮੈਨੂੰ 35 ਲੱਖ ਰੁਪਏ ਗਵਾਹ ਨਛੱਤਰ ਸਿੰਘ, ਸੁਰਜੀਤ ਸਿੰਘ ਅਤੇ ਹਰਜੀਤ ਸਿੰਘ ਰਾਣਾ ਦੇ ਸਾਹਮਣੇ ਦੇ ਦਿੱਤੇ। ਬਾਕੀ ਪੈਸੇ 18 ਮਈ 2015 ਤੱਕ ਰਜਿਸਟਰੀ ਖਰੀਦਦਾਰ ਦੇ ਪੱਖ ਵਿਚ ਕਰਵਾ ਕੇ ਦੇਣ ਦੀ ਗੱਲ ਤੈਅ ਹੋਈ ਪਰ ਇਸ ਤੋਂ ਬਾਅਦ ਮੈਂਨੂੰ ਕੋਈ ਪੈਸਾ ਨਹੀਂ ਦਿੱਤਾ। ਇਸ ਤਰ੍ਹਾਂ ਕਥਿਤ ਦੋਸ਼ੀ ਕੁਲਦੀਪ ਸਿੰਘ ਨੇ ਕੁੱਝ ਹੋਰ ਲੋਕਾਂ ਨਾਲ ਮਿਲ ਕੇ ਮੇਰੇ ਨਾਲ ਕਰੋੜਾਂ ਰੁਪਏ ਦੀ ਧੋਖਾਦੇਹੀ ਕੀਤੀ ਹੈ।

ਕੀ ਹੋਈ ਪੁਲਸ ਕਾਰਵਾਈ
ਉਕਤ ਮਾਮਲੇ ਦੀ ਜਾਂਚ ਸੀਨੀਅਰ ਪੁਲਸ ਕਪਤਾਨ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਕੁਲਦੀਪ ਸਿੰਘ ਦੇ ਕੀਤੇ ਗਏ ਹਸਤਾਖਰਾਂ ਨੂੰ ਜਾਂਚ ਲਈ ਫਰੋਂਸਿਕ ਲੈਬ ਨੂੰ ਲਿਖ ਕੇ ਭੇਜਿਆ ਗਿਆ। ਜਾਂਚ ਸਮੇਂ ਇਹ ਵੀ ਪਤਾ ਲੱਗਾ ਕਿ ਇਕਰਾਰਨਾਮਾ ਦੇ ਅਸ਼ਟਾਮ ਖਰੀਦ ਸਮੇਂ ਕੁਲਦੀਪ ਸਿੰਘ ਵੱਲੋਂ ਅੰਗਰੇਜ਼ੀ 'ਚ ਛੋਟੇ ਹਸਤਾਖਰ ਕੀਤੇ ਗਏ ਸਨ। ਜਾਂਚ ਅਧਿਕਾਰੀ ਨੇ ਅਸ਼ਟਾਮ ਫਰੋਸ ਦੇ ਇਲਾਵਾ ਗਵਾਹ ਸੁਰਜੀਤ ਸਿੰਘ, ਨਛੱਤਰ ਸਿੰਘ ਅਤੇ ਹੋਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹਨ। ਜਾਂਚ ਸਮੇਂ ਪਤਾ ਲੱਗਾ ਕਿ ਕੁਲਦੀਪ ਸਿੰਘ ਨੇ ਮਨਜੀਤ ਸਿੰਘ ਦੇ ਜਾਅਲੀ ਹਸਤਾਖਰ ਕੀਤੇ ਹਨ। ਜਾਂਚ ਦੇ ਬਾਅਦ ਕੁਲਦੀਪ ਸਿੰਘ ਪੁੱਤਰ ਜਾਗੀਰ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਹਾਲ ਅਬਾਦ ਪਿੰਡ ਰੋਲੀ ਹਾਲ ਅਬਾਦ ਕੈਨੇਡਾ ਦੇ ਖਿਲਾਫ ਥਾਣਾ ਐੱਨ.ਆਰ.ਆਈ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜੇਕਰ ਉਕਤ ਮਾਮਲੇ ਦੀ ਅਗਲੇਰੀ ਜਾਂਚ ਸਮੇਂ ਕੁੱਝ ਹੋਰ ਵਿਅਕਤੀ ਇਸ ਧੋਖਾਧੜੀ ਵਿਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।


Related News