ਨੀਟ ਪੇਪਰ ਲੀਕ ਮਾਮਲਾ : ਸੀ. ਬੀ. ਆਈ. ਨੇ ਵਿਸ਼ੇਸ਼ ਅਦਾਲਤ ਨੂੰ ਸੌਂਪੀ ਆਪਣੀ ਐੱਫ. ਆਈ. ਆਰ.
Tuesday, Jun 25, 2024 - 09:03 PM (IST)
ਪਟਨਾ, (ਯੂ. ਐੱਨ. ਆਈ.)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵੱਲੋਂ ਆਯੋਜਿਤ ਨੈਸ਼ਨਲ ਐਲਿਜੀਬਿਲਟੀ ਕਮ ਐਂਟ੍ਰੈਂਸ ਟੈਸਟ (ਨੀਟ) 2024 ਦੇ ਪ੍ਰਸ਼ਨ-ਪਤਰ ਲੀਕ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਆਪਣੀ ਦਰਜ ਕੀਤੀ ਗਈ ਐੱਫ. ਆਈ. ਆਰ. ਅੱਜ ਪਟਨਾ ਸਥਿਤ ਵਿਸ਼ੇਸ਼ ਅਦਾਲਤ ਨੂੰ ਸੌਂਪ ਦਿੱਤੀ। ਸੀ. ਬੀ. ਆਈ. ਨੇ ਆਪਣੀ ਐੱਫ. ਆਈ. ਆਰ. ਪਟਨਾ ਸਥਿਤ ਬਿਊਰੋ ਦੀ ਵਿਸ਼ੇਸ਼ ਅਦਾਲਤ ਨੂੰ ਸੌਂਪੀ ਹੈ।
ਸੀ. ਬੀ. ਆਈ. ਨੇ ਇਹ ਐੱਫ. ਆਈ. ਆਰ. ਪਟਨਾ ਦੇ ਸ਼ਾਸਤਰੀ ਨਗਰ ਥਾਣੇ ’ਚ ਦਰਜ ਐੱਫ. ਆਈ. ਆਰ. ਦੇ ਆਧਾਰ ’ਤੇ ਦਰਜ ਕੀਤੀ ਹੈ, ਜਿਸ ’ਚ ਨਾਮਜ਼ਦ ਮੁਲਜ਼ਮਾਂ ਤੋਂ ਇਲਾਵਾ ਹੋਰਨਾਂ ਨੂੰ ਵੀ ਮੁਲਜ਼ਮ ਬਣਾਇਆ ਹੈ।
ਸੀ. ਬੀ. ਆਈ. ਨੇ ਵਿਸ਼ੇਸ਼ ਅਦਾਲਤ ’ਚ ਅੱਜ 2 ਅਰਜ਼ੀਆਂ ਵੀ ਦਾਖਲ ਕੀਤੀਆਂ ਹਨ। ਇਕ ਅਰਜ਼ੀ ਜੇਲ ’ਚ ਬੰਦ ਮੁਲਜ਼ਮਾਂ ਦੀ ਇਸ ਮਾਮਲੇ ’ਚ ਪੇਸ਼ੀ ਲਈ ਅਤੇ ਦੂਜੀ ਅਰਜ਼ੀ ਜੇਲ ’ਚ ਬੰਦ ਮੁਲਜ਼ਮਾਂ ਤੋਂ ਪੁੱਛਗਿੱਛ ਵਾਸਤੇ ਪੁਲਸ ਰਿਮਾਂਡ ਲਈ ਦਿੱਤੀ ਹੈ।